- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਗਟ ਸਿੰਘ ਹੁਣ ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣਗੇ। ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਰਾਸ਼ਟਰੀ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੱਲੋਂ ਜਾਰੀ ਅਧਿਕਾਰਤ ਪ੍ਰੈਸ ਰਿਲੀਜ਼ ਅਨੁਸਾਰ, ਕਾਂਗਰਸ ਨੇ ਪਰਗਟ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ।

ਜੈ ਸਿੰਘ ਛਿੱਬਰ, ਚੰਡੀਗੜ੍ਹ : ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਰਾਸ਼ਟਰੀ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੱਲੋਂ ਜਾਰੀ ਅਧਿਕਾਰਤ ਪ੍ਰੈਸ ਰਿਲੀਜ਼ ਅਨੁਸਾਰ, ਕਾਂਗਰਸ ਨੇ ਪਰਗਟ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ।
ਪਾਰਟੀ ਨੇ ਇਸ ਨਿਯੁਕਤੀ ਦੇ ਨਾਲ ਹੀ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਿੱਤੇ ਗਏ ਯੋਗਦਾਨ ਦੀ ਸ਼ਲਾਘਾ ਕੀਤੀ ਹੈ।
ਜਾਰੀ ਨਿਰਦੇਸ਼ਾਂ ’ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਪੰਜਾਬ ’ਚ ਵੱਖ-ਵੱਖ ਚੋਣਾਂ ਨਾਲ ਸਬੰਧਤ ਕਮੇਟੀਆਂ ਦੇ ਵਰਕਿੰਗ ਪ੍ਰਧਾਨ, ਚੇਅਰਮੈਨ ਅਤੇ ਕੋ-ਚੇਅਰਮੈਨ ਪਹਿਲਾਂ ਵਾਂਗ ਹੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹਿਣਗੇ।
ਜ਼ਿਕਰਯੋਗ ਹੈ ਕਿ ਜਲੰਧਰ ਕੈਂਟ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਰਹੇ ਪਰਗਟ ਸਿੰਘ 2017 ’ਚ ਕਾਂਗਰਸ ਵਿਚ ਸ਼ਾਮਲ ਹੋਏ ਸਨ। ਇਸ ਤੋਂ ਪਹਿਲਾਂ ਉਹ ਅਕਾਲੀ ਦਲ ਨਾਲ ਜੁੜੇ ਰਹੇ। ਕਾਂਗਰਸ ’ਚ ਆਉਣ ਤੋਂ ਬਾਅਦ ਉਹ ਪਾਰਟੀ ਸੰਗਠਨ ’ਚ ਵੀ ਅਹਿਮ ਭੂਮਿਕਾਵਾਂ ਨਿਭਾਉਂਦੇ ਰਹੇ ਅਤੇ 2021 ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ (ਸੰਗਠਨ) ਰਹੇ।
ਪਰਗਟ ਸਿੰਘ ਨੇ 2012 ’ਚ ਜਲੰਧਰ ਕੈਂਟ ਤੋਂ ਪਹਿਲੀ ਵਾਰ ਵਿਧਾਨ ਸਭਾ ਚੋਣ ਜਿੱਤੀ ਅਤੇ 2017 ਤੇ 2022 ਵਿਚ ਵੀ ਇਸ ਸੀਟ ਤੋਂ ਜਿੱਤ ਦਰਜ ਕੀਤੀ। 2022 ਦੀ ਚੋਣ ਵਿਚ ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 117 ਵਿੱਚੋਂ 92 ਸੀਟਾਂ ਜਿੱਤੀਆਂ ਸਨ, ਉਸ ਵੇਲੇ ਵੀ ਪਰਗਟ ਸਿੰਘ ਆਪਣੀ ਸੀਟ ਬਚਾਉਣ ਵਿੱਚ ਸਫਲ ਰਹੇ।
ਹੁਣ ਰਾਜਾ ਵੜਿੰਗ ਦੇ ਅਸਤੀਫ਼ੇ ਤੋਂ ਬਾਅਦ ਹਾਈ ਕਮਾਂਡ ਵੱਲੋਂ ਉਨ੍ਹਾਂ ਨੂੰ ਪੰਜਾਬ ਕਾਂਗਰਸ ਦੀ ਅਗਵਾਈ ਸੌਂਪਣ ਨਾਲ ਪਾਰਟੀ ਦੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਗਠਨ ਨੂੰ ਨਵੀਂ ਦਿਸ਼ਾ ਦੇਣ ਦੀ ਕਵਾਇਦ ਵਜੋਂ ਇਸ ਫੈਸਲੇ ਨੂੰ ਦੇਖਿਆ ਜਾ ਰਿਹਾ ਹੈ।