ਬਿਨਾਂ ਦਫ਼ਤਰ ਤੇ ਮੁਲਾਜ਼ਮਾਂ ਤੋਂ ਖਰੀਦ ਲਿਆ 11 ਹਜ਼ਾਰ ਕੁਇੰਟਲ ਝੋਨਾ! ਅਬੋਹਰ 'ਚ ਦੋ ਅਧਿਕਾਰੀ ਸਸਪੈਂਡ, ਭੁਲੱਥ ਵਿੱਚ 22 ਹਜ਼ਾਰ ਬੋਰੀਆਂ ਦੀ CCTV ਫੁਟੇਜ ਗਾਇਬ ਜਾਂਚ ਏਜੰਸੀਆਂ ਨੂੰ ਖ਼ਦਸ਼ਾ ਹੈ ਕਿ ਰਾਜਸਥਾਨ ਜਾਂ ਹੋਰ ਸੂਬਿਆਂ ਤੋਂ ਲਿਆਂਦੇ ਗਏ ਝੋਨੇ ਜਾਂ ਸਥਾਨਕ ਕਿਸਾਨਾਂ ਤੋਂ ਘੱਟ ਕੀਮਤ ’ਤੇ ਖਰੀਦੀ ਗਈ ਫ਼ਸਲ ਨੂੰ ਸਰਕਾਰੀ ਖਰੀਦ ਕੇਂਦਰ ਵਿੱਚ ਖਰੀਦਿਆ ਹੋਇਆ ਦਿਖਾਇਆ ਗਿਆ। ਅਬੋਹਰ ਦੀ ਰਾਜਸਥਾਨ ਨਾਲ ਲੱਗਦੀ ਸਰਹੱਦ ਕਾਰਨ ਦੂਜੇ ਸੂਬਿਆਂ ਤੋਂ ਝੋਨਾ ਲਿਆ ਕੇ ਸਰਕਾਰੀ ਖਰੀਦ ਵਿੱਚ ਸ਼ਾਮਲ ਕਰਨ ਦੀ ਸੰਭਾਵਨਾ ਨੂੰ ਵੀ ਜਾਂਚ ਦੇ ਘੇਰੇ ਵਿੱਚ ਰੱਖਿਆ ਗਿਆ ਹੈ। ਦੋਵੇਂ ਸ਼ੱਕੀ ਫਰਮਾਂ ਦੇ ਨਾਂ ’ਤੇ ਦਿਖਾਈ ਗਈ ਖਰੀਦ ਦਾ ਭੁਗਤਾਨ ਰੋਕ ਦਿੱਤਾ ਗਿਆ ਹੈ। ਮੰਡੀ ਬੋਰਡ ਨੂੰ ਵੀ ਕਾਰਵਾਈ ਲਈ ਪੱਤਰ ਲਿਖਿਆ ਗਿਆ ਹੈ।
Publish Date: Tue, 17 Nov 2026 08:28 AM (IST)
Updated Date: Tue, 17 Nov 2026 08:29 AM (IST)
ਰੋਹਿਤ ਕੁਮਾਰ, ਚੰਡੀਗੜ੍ਹ - ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੇ ਨਾਂ ’ਤੇ ਵੱਡੇ ਫਰਜ਼ੀਵਾੜੇ ਦਾ ਖ਼ਦਸ਼ਾ ਸਾਹਮਣੇ ਆਇਆ ਹੈ। ਖਰੀਦ ਕੇਂਦਰਾਂ ਵਿੱਚ ਝੋਨੇ ਦੀ ਅਸਲ ਮੌਜੂਦਗੀ ਤੋਂ ਬਿਨਾਂ ਹੀ ਸਰਕਾਰੀ ਰਿਕਾਰਡ ਵਿੱਚ ਖਰੀਦ ਦਰਜ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਜਾਂਚ ਦਾ ਦਾਇਰਾ ਵਧਾ ਦਿੱਤਾ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਵਿੱਚ ਦੋ ਅਜਿਹੀਆਂ ਆੜ੍ਹਤੀ ਫਰਮਾਂ ਨੇ ਕਰੀਬ 11 ਹਜ਼ਾਰ ਕੁਇੰਟਲ ਝੋਨੇ ਦੀ ਖਰੀਦ ਦਿਖਾਈ, ਜਿਨ੍ਹਾਂ ਦੀ ਤਸਦੀਕ ਕਰਨ ’ਤੇ ਨਾ ਤਾਂ ਕੋਈ ਦਫ਼ਤਰ ਮਿਲਿਆ ਅਤੇ ਨਾ ਹੀ ਕੋਈ ਰਜਿਸਟਰਡ ਮੁਲਾਜ਼ਮ। ਇਸ ਮਾਮਲੇ ਵਿੱਚ ਮਾਰਕਫੈੱਡ ਦੇ ਸੀਨੀਅਰ ਬ੍ਰਾਂਚ ਅਧਿਕਾਰੀ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੱਤ ਆੜ੍ਹਤੀ ਫਰਮਾਂ ਖ਼ਿਲਾਫ਼ ਵੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਅਬੋਹਰ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਝੋਨੇ ਦੀ ਖਰੀਦ ਦੇ ਅੰਕੜਿਆਂ ਵਿੱਚ ਅਚਾਨਕ ਵਾਧਾ ਹੋਣ ਕਾਰਨ ਅਧਿਕਾਰੀਆਂ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਕਰੀਬ 28 ਫਰਮਾਂ ਦੇ ਰਿਕਾਰਡ ਦੀ ਜਾਂਚ ਕੀਤੀ ਗਈ। ਇਸ ਵਿੱਚ ਦੋ ਫਰਮਾਂ ਵੱਲੋਂ ਲਗਭਗ 11 ਹਜ਼ਾਰ ਕੁਇੰਟਲ ਝੋਨਾ ਖਰੀਦਣ ਦਾ ਰਿਕਾਰਡ ਸਾਹਮਣੇ ਆਇਆ। ਦੋਵੇਂ ਫਰਮਾਂ ਸਤੰਬਰ 2026 ਵਿੱਚ ਰਜਿਸਟਰਡ ਹੋਈਆਂ ਸਨ। ਜਦੋਂ ਅਧਿਕਾਰੀਆਂ ਨੇ ਇਨ੍ਹਾਂ ਦੇ ਪਤੇ ’ਤੇ ਜਾ ਕੇ ਤਸਦੀਕ ਕੀਤੀ ਤਾਂ ਉੱਥੇ ਕੋਈ ਦਫ਼ਤਰ ਨਹੀਂ ਮਿਲਿਆ। ਇਨ੍ਹਾਂ ਦੇ ਨਾਂ ’ਤੇ ਕੋਈ ਰਜਿਸਟਰਡ ਮੁਲਾਜ਼ਮ ਵੀ ਨਹੀਂ ਸੀ। ਜਾਂਚ ਵਿੱਚ ਇਨ੍ਹਾਂ ਫਰਮਾਂ ਅਤੇ ਸਬੰਧਤ ਅਧਿਕਾਰੀਆਂ ਵਿਚਕਾਰ ਸੰਭਾਵਿਤ ਮਿਲੀਭੁਗਤ ਦਾ ਖ਼ਦਸ਼ਾ ਜਤਾਇਆ ਗਿਆ ਹੈ।
ਇਸ ਮਾਮਲੇ ਵਿੱਚ ਮਾਰਕਫੈੱਡ ਦੇ ਸੀਨੀਅਰ ਬ੍ਰਾਂਚ ਅਧਿਕਾਰੀ ਕੁਲਦੀਪ ਸਿੰਘ ਅਤੇ ਮਾਰਕੀਟ ਕਮੇਟੀ ਅਬੋਹਰ ਦੇ ਸਕੱਤਰ ਅਮਨਦੀਪ ਸਿੰਘ ਕੰਗ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਂਚ ਦੌਰਾਨ ਪੰਜ ਹੋਰ ਫਰਮਾਂ ਦੀ ਖਰੀਦ ਵੀ ਸ਼ੱਕੀ ਪਾਈ ਗਈ। ਇਨ੍ਹਾਂ ਫਰਮਾਂ ਨੇ 21 ਕਿਸਾਨਾਂ ਦਾ ਝੋਨਾ ਖਰੀਦ ਕੇਂਦਰ ਵਿੱਚ ਮੌਜੂਦ ਦਿਖਾਇਆ ਸੀ, ਪਰ ਮੌਕੇ ’ਤੇ ਭੌਤਿਕ ਤਸਦੀਕ ਦੌਰਾਨ ਉੱਥੇ ਕੋਈ ਫ਼ਸਲ ਨਹੀਂ ਮਿਲੀ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਫਰਮਾਂ ਨੂੰ ਨਵੀਂਆਂ ਬਾਰਦਾਨੇ ਦੀਆਂ ਬੋਰੀਆਂ ਵੀ ਜਾਰੀ ਕੀਤੀਆਂ ਗਈਆਂ ਸਨ।
ਜਾਂਚ ਏਜੰਸੀਆਂ ਨੂੰ ਖ਼ਦਸ਼ਾ ਹੈ ਕਿ ਰਾਜਸਥਾਨ ਜਾਂ ਹੋਰ ਸੂਬਿਆਂ ਤੋਂ ਲਿਆਂਦੇ ਗਏ ਝੋਨੇ ਜਾਂ ਸਥਾਨਕ ਕਿਸਾਨਾਂ ਤੋਂ ਘੱਟ ਕੀਮਤ ’ਤੇ ਖਰੀਦੀ ਗਈ ਫ਼ਸਲ ਨੂੰ ਸਰਕਾਰੀ ਖਰੀਦ ਕੇਂਦਰ ਵਿੱਚ ਖਰੀਦਿਆ ਹੋਇਆ ਦਿਖਾਇਆ ਗਿਆ। ਅਬੋਹਰ ਦੀ ਰਾਜਸਥਾਨ ਨਾਲ ਲੱਗਦੀ ਸਰਹੱਦ ਕਾਰਨ ਦੂਜੇ ਸੂਬਿਆਂ ਤੋਂ ਝੋਨਾ ਲਿਆ ਕੇ ਸਰਕਾਰੀ ਖਰੀਦ ਵਿੱਚ ਸ਼ਾਮਲ ਕਰਨ ਦੀ ਸੰਭਾਵਨਾ ਨੂੰ ਵੀ ਜਾਂਚ ਦੇ ਘੇਰੇ ਵਿੱਚ ਰੱਖਿਆ ਗਿਆ ਹੈ। ਦੋਵੇਂ ਸ਼ੱਕੀ ਫਰਮਾਂ ਦੇ ਨਾਂ ’ਤੇ ਦਿਖਾਈ ਗਈ ਖਰੀਦ ਦਾ ਭੁਗਤਾਨ ਰੋਕ ਦਿੱਤਾ ਗਿਆ ਹੈ। ਮੰਡੀ ਬੋਰਡ ਨੂੰ ਵੀ ਕਾਰਵਾਈ ਲਈ ਪੱਤਰ ਲਿਖਿਆ ਗਿਆ ਹੈ।
ਭੁਲੱਥ ਵਿੱਚ ਵੀ 22 ਹਜ਼ਾਰ ਬੋਰੀਆਂ ਦਾ ਮਾਮਲਾ ਦੂਜੇ ਪਾਸੇ, ਕਪੂਰਥਲਾ ਜ਼ਿਲ੍ਹੇ ਦੇ ਭੁਲੱਥ ਵਿੱਚ ਵੀ ਇਸੇ ਤਰ੍ਹਾਂ ਦੀ ਸ਼ਿਕਾਇਤ ਸਾਹਮਣੇ ਆਈ ਹੈ। ਸ਼ਿਕਾਇਤ ਮੁਤਾਬਕ, ਮੰਡੀ ਤੋਂ ਝੋਨੇ ਦੀਆਂ 22 ਹਜ਼ਾਰ ਬੋਰੀਆਂ ਇੱਕ ਰਾਈਸ ਮਿੱਲ ਵਿੱਚ ਪਹੁੰਚਾ ਕੇ ਉਤਾਰਨ ਦਾ ਰਿਕਾਰਡ ਦਰਜ ਕੀਤਾ ਗਿਆ, ਪਰ ਮੰਡੀ ਤੋਂ ਮਿੱਲ ਤੱਕ ਦੇ ਰਸਤੇ ਵਿੱਚ ਲੱਗੇ CCTV ਕੈਮਰਿਆਂ ਵਿੱਚ ਇਨ੍ਹਾਂ ਬੋਰੀਆਂ ਦੀ ਢੋਆ-ਢੁਆਈ ਦੀ ਕੋਈ ਫੁਟੇਜ ਨਹੀਂ ਮਿਲੀ। ਸਰਕਾਰ ਨੇ ਪਨਸਪ ਦੇ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਕੇ ਜਲਦੀ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ।
180 ਲੱਖ ਟਨ ਦਾ ਟੀਚਾ ਪਾਰ ਪੰਜਾਬ ਵਿੱਚ ਇਸ ਸੀਜ਼ਨ ਲਈ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਰੱਖਿਆ ਗਿਆ ਸੀ, ਜਦਕਿ ਮੰਡੀਆਂ ਵਿੱਚ ਆਮਦ 188 ਲੱਖ ਮੀਟ੍ਰਿਕ ਟਨ ਤੱਕ ਪਹੁੰਚ ਗਈ ਹੈ। ਸਰਕਾਰੀ ਏਜੰਸੀਆਂ ਹੁਣ ਤੱਕ 183 ਲੱਖ ਮੀਟ੍ਰਿਕ ਟਨ ਝੋਨਾ ਖਰੀਦ ਚੁੱਕੀਆਂ ਹਨ। ਸੂਬਾ ਸਰਕਾਰ ਨੇ ਕੇਂਦਰ ਤੋਂ ਖਰੀਦ ਦਾ ਟੀਚਾ ਵਧਾ ਕੇ 200 ਲੱਖ ਮੀਟ੍ਰਿਕ ਟਨ ਕਰਨ ਦੀ ਮੰਗ ਕੀਤੀ ਹੈ।
ਖੁਰਾਕ ਅਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਨੇ ਕਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਮੰਡੀਆਂ ਵਿੱਚ ਪਹੁੰਚਣ ਵਾਲੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ, ਪਰ ਫਰਜ਼ੀ ਖਰੀਦ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।