ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਕਾਨੂੰਨ ਵਿਭਾਗ ਦੀ ਟੀਮ ਨੇ ਜਿੱਤਿਆ ਖ਼ਿਤਾਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਕਾਨੂੰਨ ਵਿਭਾਗ ਦੀ ਟੀਮ ਨੇ ਜਿੱਤਿਆ ਖ਼ਿਤਾਬ
Publish Date: Tue, 20 Oct 2026 05:21 PM (IST)
Updated Date: Wed, 21 Oct 2026 04:01 AM (IST)
- ਆਰਮੀ ਇੰਸਟੀਚਿਊਟ : 16ਵੀਂ ਕੌਮੀ ਮੂਟ ਕੋਰਟ ਪ੍ਰਤੀਯੋਗਤਾ ’ਚ ਦੇਸ਼ ਦੀਆਂ 22 ਟੀਮਾਂ ਨੇ ਭਾਗ ਲਿਆ - ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਾਜੇਸ਼ ਭਾਰਦਵਾਜ ਨੇ ਸਮਾਰੋਹ ਦੀ ਸ਼ੋਭਾ ਵਧਾਈ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਆਰਮੀ ਇੰਸਟੀਚਿਊਟ ਆਫ਼ ਲਾਅ ਸੈਕਟਰ-68 (ਮੁਹਾਲੀ) ਵਿਖੇ ਤਿੰਨ ਰੋਜ਼ਾ ਸਾਲਾਨਾ 16ਵੀਂ ਕੌਮੀ ਮੂਟ ਕੋਰਟ ਪ੍ਰਤੀਯੋਗਤਾ ‘ਚੈੱਕਮੇਟ’ ਤੱਕ ਕਰਵਾਈ ਗਈ। ਜਿਸ ’ਚ ਦੇਸ਼ ਦੀਆਂ ਵੱਖ-ਵੱਖ ਰਾਸ਼ਟਰੀ ਕਾਨੂੰਨ ਯੂਨੀਵਰਸਿਟੀਆਂ, ਰਾਜ ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ 22 ਟੀਮਾਂ ਨੇ ਭਾਗ ਲਿਆ। ਇਨ੍ਹਾਂ ਟੀਮਾਂ ਦੀ ਚੋਣ ਲਿਖਤੀ ਕਾਨੂੰਨੀ ਦਲੀਲਾਂ ਵਾਲੇ ਯਾਦ-ਪੱਤਰਾਂ ਦੇ ਮੁਲਾਂਕਣ ਦੇ ਆਧਾਰ ’ਤੇ ਕੀਤੀ ਗਈ। ਪਹਿਲੇ ਦਿਨ ਟੀਮਾਂ ਦੀ ਰਜਿਸਟ੍ਰੇਸ਼ਨ ਨਾਲ ਹੋਈ। ਦੂਜੇ ਦਿਨ ਮੁੱਢਲੇ ਦੌਰ, ਕੁਆਰਟਰ ਫਾਈਨਲ ਅਤੇ ਸੈਮੀਫਾਈਨਲ ਮੁਕਾਬਲੇ ਕਰਵਾਏ ਗਏ। ਇਨ੍ਹਾਂ ਸਾਰੇ ਦੌਰਾਂ ਦਾ ਮੁਲਾਂਕਣ ਆਰਮੀ ਇੰਸਟੀਚਿਊਟ ਆਫ਼ ਲਾਅ ਦੇ ਵੱਖ-ਵੱਖ ਬੈਚਾਂ ਦੇ 33 ਸਾਬਕਾ ਵਿਦਿਆਰਥੀਆਂ ਨੇ ਕੀਤਾ। ਅਖੀਰਲੇ ਦਿਨ ਫਾਈਨਲ ਮੁਕਾਬਲੇ ਦਾ ਮੁਲਾਂਕਣ ਸੀਨੀਅਰ ਐਡਵੋਕੇਟ ਕੁਨਾਲ ਡਾਵਰ, ਜੋ ਸੰਸਥਾ ਦੇ ਪਹਿਲੇ ਬੈਚ ਦੇ ਮਾਣਮੱਤੇ ਸਾਬਕਾ ਵਿਦਿਆਰਥੀ ਹਨ, ਪੰਜਾਬ ਦੇ ਡਿਪਟੀ ਐਡਵੋਕੇਟ ਜਨਰਲ ਰਵਨੀਤ ਸਿੰਘ ਜੋਸ਼ੀ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਤਨੂ ਬੇਦੀ ਦੇ ਵੱਕਾਰੀ ਪੈਨਲ ਨੇ ਕੀਤਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਰਾਜੇਸ਼ ਭਾਰਦਵਾਜ ਨੇ ਸਮਾਰੋਹ ਦੀ ਸ਼ੋਭਾ ਵਧਾਈ। ਪ੍ਰਤੀਯੋਗਤਾ ਦੌਰਾਨ ਕੁੱਲ 1,32,000 ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਕਾਨੂੰਨ ਵਿਭਾਗ ਦੀ ਟੀਮ ਨੇ ਪਹਿਲਾ ਸਥਾਨ ਮੱਲ੍ਹ ਕੇ 45,000 ਰੁਪਏ ਅਤੇ ਸਰਟੀਫਿਕੇਟ ਪ੍ਰਾਪਤ ਕੀਤੇ। ਮੁੰਬਈ ਲਾਅ ਸਕੂਲ ਦੀ ਟੀਮ ਉਪ ਜੇਤੂ ਰਹੀ ਅਤੇ ਉਸ ਨੂੰ 36,000 ਰੁਪਏ ਤੇ ਸਰਟੀਫਿਕੇਟ ਦਿੱਤੇ ਗਏ। ਜਦੋਂਕਿ ਚਿਤਕਾਰਾ ਯੂਨੀਵਰਸਿਟੀ, ਰਾਜਪੁਰਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਟੀਮ ਨੂੰ 9,000 ਰੁਪਏ ਅਤੇ ਸਰਟੀਫਿਕੇਟ ਦਿੱਤਾ। ਲੋਇਡ ਲਾਅ ਸਕੂਲ, ਗ੍ਰੇਟਰ ਨੋਇਡਾ ਦੀ ਟੀਮ ਚੌਥੇ ਸਥਾਨ ’ਤੇ ਰਹੀ ਅਤੇ ਉਸ ਨੂੰ 6,000 ਰੁਪਏ ਤੇ ਸਰਟੀਫਿਕੇਟ ਦਿੱਤੇ ਗਏ। ਸਰਵੋਤਮ ਮੈਮੋਰੀਅਲ ਦਾ ਪੁਰਸਕਾਰ ਹਿਮਾਚਲ ਪ੍ਰਦੇਸ਼ ਨੈਸ਼ਨਲ ਲਾਅ ਯੂਨੀਵਰਸਿਟੀ, ਸ਼ਿਮਲਾ ਅਤੇ ਲੋਇਡ ਸਕੂਲ ਆਫ਼ ਲਾਅ, ਗ੍ਰੇਟਰ ਨੋਇਡਾ ਨੇ ਸਾਂਝੇ ਤੌਰ ’ਤੇ ਜਿੱਤਿਆ। ਦੋਵਾਂ ਨੂੰ ਕੁੱਲ 18,000 ਰੁਪਏ ਦੀ ਇਨਾਮੀ ਰਾਸ਼ੀ ਅਤੇ ਸਰਟੀਫਿਕੇਟ ਦਿੱਤੇ ਗਏ। ਐਮਿਟੀ ਯੂਨੀਵਰਸਿਟੀ, ਪੰਜਾਬ ਦੇ ਸਹਿਰਾਜ ਸਿੰਘ ਨੂੰ ਸਰਵੋਤਮ ਬੁਲਾਰੇ ਦਾ ਖ਼ਿਤਾਬ ਮਿਲਿਆ। ਉਨ੍ਹਾਂ ਨੂੰ 10,000 ਰੁਪਏ ਅਤੇ ਸਰਟੀਫਿਕੇਟ ਦਿੱਤਾ। ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ ਦੀ ਮਿਨੀਸ਼ਾ ਵਾਸਨ ਦੂਜੀ ਸਰਵੋਤਮ ਬੁਲਾਰਾ ਐਲਾਨੀ ਗਈ ਅਤੇ ਉਨ੍ਹਾਂ ਨੂੰ 8,000 ਰੁਪਏ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਕੌਮੀ ਪੱਧਰ ਦੀ ਪ੍ਰਤੀਯੋਗਤਾ ਨੇ ਕਾਨੂੰਨ ਦੇ ਵਿਦਿਆਰਥੀਆਂ ਨੂੰ ਆਪਣੀ ਕਾਨੂੰਨੀ ਸਮਝ, ਖੋਜ, ਤਰਕਸ਼ੀਲਤਾ ਅਤੇ ਅਦਾਲਤੀ ਦਲੀਲਾਂ ਪੇਸ਼ ਕਰਨ ਦੀ ਯੋਗਤਾ ਦਾ ਪ੍ਰਦਰਸ਼ਨ ਕਰਨ ਲਈ ਇਕ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ।