ਛੱਤਬੀੜ ਚਿੜੀਆਘਰ ਤੋਂ ਰੋਹਤਕ ਭੇਜਿਆ ਹਿੱਪੋ ਦਾ ਜੋੜਾ, ਲਾਇਨ ਸਫਾਰੀ ਦੇ ਵਿਸਥਾਰ ਦੀ ਤਿਆਰੀ ਛੱਤਬੀੜ ਚਿੜੀਆਘਰ ਤੋਂ ਰੋਹਤਕ ਭੇਜਿਆ ਹਿੱਪੋ ਦਾ ਜੋੜਾ, ਲਾਇਨ ਸਫਾਰੀ ਦੇ ਵਿਸਥਾਰ ਦੀ ਤਿਆਰੀ
Publish Date: Sat, 14 Nov 2026 08:10 PM (IST)
Updated Date: Sun, 15 Nov 2026 04:04 AM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਛੱਤਬੀੜ ਚਿੜੀਆਘਰ (ਮਹਿੰਦਰ ਚੌਧਰੀ ਜ਼ੂਓਲੋਜੀਕਲ ਪਾਰਕ) ਤੋਂ ਹਿੱਪੋ (ਦਰਿਆਈ ਘੋੜਾ) ਦਾ ਇਕ ਜੋੜਾ ਰੋਹਤਕ ਚਿੜੀਆਘਰ ਭੇਜ ਦਿੱਤਾ ਗਿਆ ਹੈ। ਐਨੀਮਲ ਐਕਸਚੇਂਜ ਪਾਲਿਸੀ ਤਹਿਤ ਅਪ੍ਰੈਲ 2026 ’ਚ ਰੋਹਤਕ ਚਿੜੀਆਘਰ ਤੋਂ ਮਿਲੇ ਦੋ ਸ਼ੇਰਾਂ ਦੇ ਬਦਲੇ ਇਹ ਜੋੜਾ ਰਵਾਨਾ ਕੀਤਾ ਗਿਆ ਹੈ। ਉਸ ਸਮੇਂ ਰੋਹਤਕ ਚਿੜੀਆਘਰ ’ਚ ਹਿੱਪੋ ਲਈ ਵੱਖਰਾ ਬਾੜਾ ਤਿਆਰ ਨਾ ਹੋਣ ਕਰਕੇ ਇਹ ਸ਼ਿਫਟਿੰਗ ਰੋਕ ਦਿੱਤੀ ਗਈ ਸੀ। ਕਈ ਮਹੀਨਿਆਂ ਤੱਕ ਛੱਤਬੀੜ ਚਿੜੀਆਘਰ ਪ੍ਰਬੰਧਨ ਵੱਲੋਂ ਇਨ੍ਹਾਂ ਦੀ ਦੇਖਭਾਲ ਕੀਤੀ ਗਈ ਅਤੇ ਹੁਣ ਜ਼ਰੂਰੀ ਪ੍ਰਬੰਧ ਪੂਰੇ ਹੋਣ ਤੋਂ ਬਾਅਦ ਦੋਵਾਂ ਹਿੱਪੋਆਂ ਨੂੰ ਸੁਰੱਖਿਅਤ ਤਰੀਕੇ ਨਾਲ ਰੋਹਤਕ ਰਵਾਨਾ ਕਰ ਦਿੱਤਾ ਗਿਆ ਹੈ। ਛੱਤਬੀੜ ਚਿੜੀਆਘਰ ਦੇ ਰੇਂਜ ਅਫ਼ਸਰ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਰੋਹਤਕ ਭੇਜੇ ਗਏ ਹਿੱਪੋਆਂ ’ਚ 11 ਸਾਲਾ ਨਰ ਰਣਜੀਤ ਅਤੇ ਸਾਢੇ 3 ਸਾਲਾ ਮਾਦਾ ਸਲੋਨੀ ਸ਼ਾਮਲ ਹਨ। ਰਣਜੀਤ ਨੂੰ ਕਰੀਬ ਡੇਢ ਸਾਲ ਪਹਿਲਾਂ ਅਸਾਮ ਦੇ ਗੁਹਾਟੀ ਚਿੜੀਆਘਰ ਤੋਂ ਛੱਤਬੀੜ ਲਿਆਂਦਾ ਗਿਆ ਸੀ, ਜਦਕਿ ਸਲੋਨੀ ਦਾ ਜਨਮ ਛੱਤਬੀੜ ਚਿੜੀਆਘਰ ’ਚ ਹੀ ਹੋਇਆ ਸੀ। ਦੋਵਾਂ ਦੇ ਰੋਹਤਕ ਜਾਣ ਤੋਂ ਬਾਅਦ ਹੁਣ ਛੱਤਬੀੜ ਚਿੜੀਆਘਰ ’ਚ ਹਿੱਪੋ ਦਾ ਕੇਵਲ ਇਕ ਜੋੜਾ ਹੀ ਬਾਕੀ ਰਹਿ ਗਿਆ ਹੈ। ਇਸ ਐਕਸਚੇਂਜ ਪ੍ਰੋਗਰਾਮ ਤਹਿਤ ਅਪ੍ਰੈਲ ’ਚ ਰੋਹਤਕ ਚਿੜੀਆਘਰ ਤੋਂ ਛੱਤਬੀੜ ਨੂੰ 5 ਸਾਲਾ ਨਰ ਸ਼ੇਰ ਧੀਰਾ ਅਤੇ 3 ਸਾਲਾ ਮਾਦਾ ਸ਼ੇਰਨੀ ਚੰਚਲ ਮਿਲੇ ਸਨ। ਹੁਣ ਬੁਨਿਆਦੀ ਢਾਂਚਾ ਤਿਆਰ ਹੋਣ ਤੋਂ ਬਾਅਦ ਐਕਸਚੇਂਜ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ। ਲਾਇਨ ਸਫਾਰੀ ’ਚ ਵਧਾਈ ਜਾਵੇਗੀ ਸ਼ੇਰਾਂ ਦੀ ਗਿਣਤੀ : ਦੂਜੇ ਪਾਸੇ ਛੱਤਬੀੜ ਚਿੜੀਆਘਰ ਪ੍ਰਸ਼ਾਸਨ ਆਪਣੀ ਲਾਇਨ ਸਫਾਰੀ ’ਚ ਸ਼ੇਰਾਂ ਦੀ ਗਿਣਤੀ ਵਧਾਉਣ ਦੀ ਤਿਆਰੀ ’ਚ ਜੁਟਿਆ ਹੋਇਆ ਹੈ। ਫਿਲਹਾਲ ਸਫਾਰੀ ’ਚ ਕੇਵਲ ਚਾਰ ਸ਼ੇਰ ਹੀ ਮੌਜੂਦ ਹਨ। ਸੈਲਾਨੀਆਂ ਲਈ ਮੁੱਖ ਖਿੱਚ ਦਾ ਕੇਂਦਰ ਮੰਨੀ ਜਾਂਦੀ ਇਸ ਸਫਾਰੀ ’ਚ ਸ਼ੇਰਾਂ ਦੀ ਗਿਣਤੀ ਵਧਾਉਣ ਅਤੇ ਨਵੇਂ ਜੋੜੇ ਸ਼ਾਮਲ ਕਰਨ ਦੇ ਮਕਸਦ ਨਾਲ ਜ਼ੂ ਪ੍ਰਬੰਧਨ ਨੇ ਸੈਂਟਰਲ ਜ਼ੂ ਅਥਾਰਟੀ ਨੂੰ ਪ੍ਰਸਤਾਵ ਭੇਜਿਆ ਹੈ। ਅਥਾਰਟੀ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਕੋਰਟ : ਰੋਹਤਕ ਚਿੜੀਆਘਰ ’ਚ ਬਾੜਾ ਤਿਆਰ ਨਾ ਹੋਣ ਕਾਰਨ ਅਪ੍ਰੈਲ ’ਚ ਹਿੱਪੋ ਦਾ ਜੋੜਾ ਨਹੀਂ ਭੇਜਿਆ ਜਾ ਸਕਿਆ ਸੀ। ਹੁਣ ਐਨੀਮਲ ਐਕਸਚੇਂਜ ਪਾਲਿਸੀ ਤਹਿਤ 11 ਸਾਲਾ ਨਰ ਰਣਜੀਤ ਅਤੇ ਸਾਢੇ 3 ਸਾਲਾ ਮਾਦਾ ਸਲੋਨੀ ਨੂੰ ਰੋਹਤਕ ਭੇਜ ਦਿੱਤਾ ਗਿਆ ਹੈ। ਇਨ੍ਹਾਂ ਦੇ ਜਾਣ ਤੋਂ ਬਾਅਦ ਛੱਤਬੀੜ ਜ਼ੂ ’ਚ ਹਿੱਪੋ ਦਾ ਇਕ ਜੋੜਾ ਬਚਿਆ ਹੈ। ਲਾਇਨ ਸਫਾਰੀ ’ਚ ਸ਼ੇਰਾਂ ਦੀ ਗਿਣਤੀ ਵਧਾਉਣ ਲਈ ਸੈਂਟਰਲ ਜ਼ੂ ਅਥਾਰਟੀ ਨੂੰ ਪ੍ਰਸਤਾਵ ਭੇਜਿਆ ਗਿਆ ਹੈ। ਅਰਸ਼ਦੀਪ ਸਿੰਘ ਰਾਣਾ, ਰੇਂਜ ਅਫ਼ਸਰ, ਛੱਤਬੀੜ ਚਿੜੀਆਘਰ।