ਧਨੌਨੀ ਮੰਡੀ ’ਚ ਝੋਨੇ ਦੀ ਖ਼ਰੀਦ ਠੱਪ, ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ
ਧਨੌਨੀ ਮੰਡੀ ’ਚ ਝੋਨੇ ਦੀ ਖ਼ਰੀਦ ਠੱਪ, ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ
Publish Date: Fri, 09 Oct 2026 06:48 PM (IST)
Updated Date: Fri, 09 Oct 2026 06:50 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਧਨੌਨੀ ਦਾਣਾ ਮੰਡੀ ਵਿਚ ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਵਿਚ ਪਹਿਲਾਂ ਹੀ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ, ਜਿਸ ਕਾਰਨ ਝੋਨਾ ਉਤਾਰਨ ਲਈ ਥਾਂ ਦੀ ਘਾਟ ਬਣੀ ਹੋਈ ਹੈ। ਕਈ ਕਿਸਾਨ ਝੋਨੇ ਨਾਲ ਭਰੀਆਂ ਟਰਾਲੀਆਂ ਲੈ ਕੇ ਦੋ ਤੋਂ ਤਿੰਨ ਦਿਨਾਂ ਤੋਂ ਉਡੀਕ ਕਰ ਰਹੇ ਹਨ। ਸਾਬਕਾ ਵਿਧਾਇਕ ਐੱਨਕੇ ਸ਼ਰਮਾ ਨੇ ਮੰਡੀ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ। ਪਿੰਡ ਪੁਨਸਰ ਤੋਂ ਆਏ ਇਕ ਕਿਸਾਨ ਨੇ ਦੱਸਿਆ ਕਿ ਉਹ ਐਤਵਾਰ ਨੂੰ ਝੋਨਾ ਲੈ ਕੇ ਮੰਡੀ ਪਹੁੰਚਿਆ ਸੀ, ਪਰ ਅਜੇ ਤੱਕ ਖ਼ਰੀਦ ਏਜੰਸੀ ਨਹੀਂ ਪਹੁੰਚੀ। ਮੰਡੀ ਵਿਚ ਝੋਨਾ ਖਿੱਲਰਿਆ ਪਿਆ ਹੈ ਅਤੇ ਟਰਾਲੀਆਂ ਦੇ ਲੰਘਣ ਕਾਰਨ ਦਾਣਿਆਂ ਦੇ ਟੁੱਟਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਸ਼ਰਮਾ ਨੇ ਕਿਹਾ ਕਿ ਕਿਸਾਨਾਂ ਨੂੰ ਪਹਿਲਾਂ ਯੂਰੀਆ ਅਤੇ ਬਿਜਲੀ ਦੀ ਕਿੱਲਤ ਨਾਲ ਜੂਝਣਾ ਪਿਆ ਅਤੇ ਹੁਣ ਆਪਣੀ ਫ਼ਸਲ ਵੇਚਣ ਲਈ ਉਡੀਕ ਕਰਨੀ ਪੈ ਰਹੀ ਹੈ। ਉਨ੍ਹਾਂ ਮੰਡੀ ਵਿਚ ਪੱਲੇਦਾਰਾਂ ਅਤੇ ਪਰਵਾਸੀ ਮਜ਼ਦੂਰਾਂ ਲਈ ਪੀਣ ਵਾਲੇ ਸਾਫ਼ ਪਾਣੀ ਦੇ ਢੁੱਕਵੇਂ ਪ੍ਰਬੰਧ ਨਾ ਹੋਣ ’ਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਖ਼ਰੀਦ ਸ਼ੁਰੂ ਨਾ ਹੋਈ ਤਾਂ ਅਕਾਲੀ ਦਲ ਕਿਸਾਨਾਂ ਦੇ ਹੱਕ ਵਿਚ ਰੋਸ ਪ੍ਰਦਰਸ਼ਨ ਕਰੇਗਾ।