‘ਮੇਰਾ ਘਰ-ਮੇਰਾ ਮਾਣ’: ਲਾਲ ਡੋਰੇ ਅਧੀਨ 42 ਜਾਇਦਾਦਾਂ ਦੇ ਮਾਲਕਾਂ ਨੂੰ ਮਾਲਕੀ ਕਾਰਡ ਵੰਡੇ ‘ਮੇਰਾ ਘਰ-ਮੇਰਾ ਮਾਣ’: ਲਾਲ ਡੋਰੇ ਅਧੀਨ 42 ਜਾਇਦਾਦਾਂ ਦੇ ਮਾਲਕਾਂ ਨੂੰ ਮਾਲਕੀ ਕਾਰਡ ਵੰਡੇ
Publish Date: Wed, 07 Oct 2026 06:40 PM (IST)
Updated Date: Wed, 07 Oct 2026 06:41 PM (IST)
ਲੋਕਾਂ ਦੇ ਮਦਦਗਾਰ ਸਾਬਤ ਹੋਣਗੇ ਜਾਇਦਾਦ ਮਾਲਕੀ ਦੇ ਦਸਤਾਵੇਜ਼ੀ ਸਬੂਤ : ਕੁਲਵੰਤ ਸਿੰਘ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਉਨ੍ਹਾਂ ਦੀਆਂ ਜਾਇਦਾਦਾਂ ਦੇ ਮਲਕੀਅਤ ਹੱਕ ਦੇਣ ਲਈ ਸ਼ੁਰੂ ਕੀਤੀ ਗਈ ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਨੇ ਬੁੱਧਵਾਰ ਨੂੰ ਪਿੰਡ ਹੁਸੈਨਪੁਰ ਵਿਖੇ ਲਾਲ ਡੋਰੇ ਅਧੀਨ ਆਉਂਦੀਆਂ 42 ਜਾਇਦਾਦਾਂ ਦੇ ਮਾਲਕਾਂ ਨੂੰ ਜ਼ਮੀਨ ਮਾਲਕੀ ਦੇ ਕਾਰਡ ਵੰਡੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲਕਦਮੀ ਦੇ ਚੱਲਦਿਆਂ ਮੁਹਾਲੀ ਸਮੇਤ ਪੰਜਾਬ ਭਰ ’ਚ ਅੱਜ 149 ਪਿੰਡਾਂ ਦੇ ਵਸਨੀਕਾਂ ਨੂੰ ਲਗਭਗ 16,000 ਮਾਲਕੀ ਕਾਰਡ ਸੌਂਪੇ ਗਏ ਹਨ। ਉਨ੍ਹਾਂ ਕਿਹਾ ਕਿ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਸਬੰਧੀ ਪਹਿਲਾਂ ਮਾਲਕੀ ਦੇ ਦਸਤਾਵੇਜ਼ ਉਪਲਬਧ ਨਾ ਹੋਣ ਕਾਰਨ ਲੋਕਾਂ ਨੂੰ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਲੇਕਿਨ ਹੁਣ ਇਹ ਦਸਤਾਵੇਜ਼ੀ ਸਬੂਤ ਲਾਭਪਾਤਰੀਆਂ ਲਈ ਮਦਦਗਾਰ ਸਾਬਤ ਹੋਣਗੇ। ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਮਾਲਕੀ ਪ੍ਰਮਾਣ ਪੱਤਰ ’ਚ ਜਾਇਦਾਦ ਦੇ ਮਾਲਕੀ ਹੱਕਾਂ ਦੀ ਸਪੱਸ਼ਟ ਪਛਾਣ ਲਈ ਲੋੜੀਂਦੇ ਵੇਰਵੇ ਦਰਜ ਕੀਤੇ ਗਏ ਹਨ। ਇਨ੍ਹਾਂ ’ਚ ਦੇਸ਼ਾਂਤਰ ਅਤੇ ਵਿਥਕਾਰ, ਛਤਿਆ ਤੇ ਬਣਿਆ ਹੋਇਆ ਖੇਤਰਫ਼ਲ, ਖੁੱਲ੍ਹਾ ਖੇਤਰਫ਼ਲ ਅਤੇ ਸਰਵੇਖਣ ਇਕਾਈ ਦਾ ਨਕਸ਼ਾ ਸ਼ਾਮਲ ਹੈ। ਇਸ ਨਾਲ ਜਾਇਦਾਦ ਦੀ ਸਥਿਤੀ ਅਤੇ ਮਾਲਕੀ ਸਬੰਧੀ ਰਿਕਾਰਡ ਨੂੰ ਸਪੱਸ਼ਟ ਅਤੇ ਦਰਜ ਕਰਨ ’ਚ ਮਦਦ ਮਿਲੇਗੀ। ਕੁਲਵੰਤ ਸਿੰਘ ਨੇ ਕਿਹਾ ਕਿ ਪਹਿਲਾਂ ਜਾਇਦਾਦ ਦੀ ਮਾਲਕੀ ਸਬੰਧੀ ਦਸਤਾਵੇਜ਼ੀ ਸਪੱਸ਼ਟਤਾ ਨਾ ਹੋਣ ਕਾਰਨ ਕਈ ਪਰਿਵਾਰਾਂ ’ਚ ਮਾਲਕੀ ਹੱਕਾਂ ਨੂੰ ਲੈ ਕੇ ਵਿਵਾਦ ਪੈਦਾ ਹੁੰਦੇ ਸਨ। ਮਾਲਕੀ ਕਾਰਡ ਜਾਇਦਾਦ ਦੇ ਹੱਕਾਂ ਸਬੰਧੀ ਸਪੱਸ਼ਟ ਦਸਤਾਵੇਜ਼ੀ ਰਿਕਾਰਡ ਮੁਹੱਈਆ ਕਰਵਾ ਕੇ ਅਜਿਹੀਆਂ ਮੁਸ਼ਕਲਾਂ ਨੂੰ ਘਟਾਉਣ ’ਚ ਸਹਾਇਕ ਹੋਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਨਾਲ ਸਬੰਧਤ ਵੱਖ-ਵੱਖ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ’ਚ ਪ੍ਰਤੀ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਨਕਦੀ ਰਹਿਤ ਇਲਾਜ ਕਰਵਾ ਸਕਦਾ ਹੈ। ਵਿਧਾਇਕ ਨੇ ਕਿਹਾ ਕਿ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਵੀ ਯੋਗ ਲਾਭਪਾਤਰੀ ਔਰਤਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਮਾਲਕੀ ਕਾਰਡ ਪ੍ਰਾਪਤ ਕਰਨ ਵਾਲੇ ਪਿੰਡ ਵਾਸੀਆਂ ਨੇ ਜਾਇਦਾਦ ਦੀ ਮਾਲਕੀ ਸਬੰਧੀ ਦਸਤਾਵੇਜ਼ੀ ਸਬੂਤ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਐੱਸਡੀਐੱਮ ਦਮਨਦੀਪ ਕੌਰ, ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ, ਆਪ ਆਗੂ ਕੁਲਦੀਪ ਸਿੰਘ ਸਮਾਣਾ ਅਤੇ ਸਬੰਧਤ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ ਹਾਜ਼ਰ ਸਨ।