ਤੂੜੀ ਨਾਲ ਭਰੀ ਓਵਰਲੋਡ ਟਰਾਲੀ ਪਲਟੀ, ਵੱਡਾ ਟ੍ਰੈਫਿਕ ਜਾਮ ਤੂੜੀ ਨਾਲ ਭਰੀ ਓਵਰਲੋਡ ਟਰਾਲੀ ਪਲਟੀ, ਵੱਡਾ ਟ੍ਰੈਫਿਕ ਜਾਮ
Publish Date: Thu, 15 Oct 2026 06:35 PM (IST)
Updated Date: Thu, 15 Oct 2026 06:36 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ-ਬਰਵਾਲਾ ਮੁੱਖ ਮਾਰਗ ਤੇ ਪੈਂਦੇ ਪਿੰਡ ਸੈਦਪੁਰਾ ਨੇੜੇ ਵੀਰਵਾਰ ਨੂੰ ਇਕ ਵੱਡਾ ਹਾਦਸਾ ਟਲ ਗਿਆ, ਜਦੋਂ ਤੂੜੀ ਨਾਲ ਲੱਦੀ ਹੋਈ ਇਕ ਓਵਰਲੋਡ ਟਰਾਲੀ ਅਚਾਨਕ ਬੇਕਾਬੂ ਹੋ ਕੇ ਸੜਕ ਵਿਚਕਾਰ ਪਲਟ ਗਈ। ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਤਾਂ ਭਾਰੀ ਬਚਾਅ ਰਿਹਾ, ਪਰ ਟਰਾਲੀ ਪਲਟਣ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਭਾਰੀ ਟ੍ਰੈਫਿਕ ਜਾਮ ਦੀ ਸਥਿਤੀ ਪੈਦਾ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟਰਾਲੀ ਤੂੜੀ ਨਾਲ ਬੁਰੀ ਤਰ੍ਹਾਂ ਓਵਰਲੋਡ ਸੀ ਅਤੇ ਬਰਵਾਲਾ ਵੱਲੋਂ ਡੇਰਾਬੱਸੀ ਵੱਲ ਆ ਰਹੀ ਸੀ। ਜਦੋਂ ਇਹ ਵਾਹਨ ਸੈਦਪੁਰਾ ਕੋਲ ਪਹੁੰਚਿਆ ਤਾਂ ਅਚਾਨਕ ਸੰਤੁਲਨ ਵਿਗੜਨ ਕਾਰਨ ਇਹ ਸੜਕ ਤੇ ਹੀ ਪਲਟ ਗਈ। ਟਰਾਲੀ ਦੇ ਪਲਟਦਿਆਂ ਹੀ ਇਸ ਵਿਚ ਲੱਦੀ ਤੂੜੀ ਸੜਕ ਤੇ ਖਿਲਰ ਗਈ, ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਹਾਦਸੇ ਸਮੇਂ ਆਸ-ਪਾਸ ਤੋਂ ਲੰਘ ਰਹੇ ਰਾਹਗੀਰਾਂ ਨੇ ਮੁਸ਼ਕਲ ਨਾਲ ਆਪਣਾ ਬਚਾਅ ਕੀਤਾ। ਖੁਸ਼ਕਿਸਮਤੀ ਇਹ ਰਹੀ ਕਿ ਇਸ ਘਟਨਾ ਵਿਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਕਾਰਨ ਡੇਰਾਬੱਸੀ-ਬਰਵਾਲਾ ਮਾਰਗ ਤੇ ਆਵਾਜਾਈ ਘੰਟਿਆਂਬੱਧੀ ਪ੍ਰਭਾਵਿਤ ਰਹੀ। ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਆਉਣ-ਜਾਣ ਵਾਲੇ ਯਾਤਰੀਆਂ ਅਤੇ ਸਕੂਲੀ ਵਾਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜੇਸੀਬੀ ਮਸ਼ੀਨ ਤੇ ਕਰੇਨ ਦੀ ਮਦਦ ਨਾਲ ਪਲਟੀ ਹੋਈ ਟਰਾਲੀ ਅਤੇ ਸੜਕ ਤੇ ਖਿਲਰੀ ਤੂੜੀ ਨੂੰ ਹਟਾ ਕੇ ਆਵਾਜਾਈ ਨੂੰ ਬਹਾਲ ਕਰਵਾਉਣ ਦਾ ਕੰਮ ਸ਼ੁਰੂ ਕੀਤਾ। ਇਲਾਕੇ ਦੇ ਲੋਕਾਂ ਅਤੇ ਦੁਕਾਨਦਾਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਮਾਰਗ ਤੇ ਰੋਜ਼ਾਨਾ ਓਵਰਲੋਡ ਵਾਹਨਾਂ ਦੀ ਆਵਾਜਾਈ ਆਮ ਗੱਲ ਬਣ ਚੁੱਕੀ ਹੈ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਤੋਂ ਮੰਗ ਕੀਤੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਕੇ ਓਵਰਲੋਡ ਸਾਮਾਨ ਲੈ ਕੇ ਜਾਣ ਵਾਲੇ ਵਾਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।