ਭਾਰੀ ਵਾਹਨ ਦੀ ਟੱਕਰ ਨਾਲ ਓਵਰਹੈੱਡ ਬੈਰੀਕੇਡ ਟੁੱਟਿਆ, ਵੱਡੇ ਹਾਦਸੇ ਦਾ ਖ਼ਤਰਾ ਭਾਰੀ ਵਾਹਨ ਦੀ ਟੱਕਰ ਨਾਲ ਓਵਰਹੈੱਡ ਬੈਰੀਕੇਡ ਟੁੱਟਿਆ, ਵੱਡੇ ਹਾਦਸੇ ਦਾ ਖ਼ਤਰਾ
Publish Date: Sat, 03 Oct 2026 09:38 PM (IST)
Updated Date: Sat, 03 Oct 2026 09:40 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਮੁਬਾਰਕਪੁਰ ਰੇਲਵੇ ਅੰਡਰਪਾਥ ਦੇ ਬਾਹਰ ਲੱਗਿਆ ਓਵਰਹੈੱਡ ਬੈਰੀਕੇਡ ਲੰਘੀ ਰਾਤ ਕਿਸੇ ਅਣਪਛਾਤੇ ਭਾਰੀ ਵਾਹਨ ਦੀ ਜ਼ਬਰਦਸਤ ਟੱਕਰ ਕਾਰਨ ਟੁੱਟ ਗਿਆ। ਜਿਸ ਕਾਰਨ ਬੈਰੀਕੇਡ ਦਾ ਇਕ ਪਾਸਾ ਹਵਾ ਵਿਚ ਲਟਕ ਰਿਹਾ ਹੈ, ਜੋ ਲਗਾਤਾਰ ਲੰਘਣ ਵਾਲੇ ਵਾਹਨਾਂ ਅਤੇ ਰਾਹਗੀਰਾਂ ਲਈ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਸਵੇਰ ਤੱਕ ਇਸ ਦੀ ਮੁਰੰਮਤ ਨਾ ਹੋਣ ਕਾਰਨ ਇਲਾਕੇ ਵਿਚ ਗੰਭੀਰ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਰਹੀ, ਜਿਸ ਨਾਲ ਸਕੂਲੀ ਬੱਸਾਂ, ਐਂਬੂਲੈਂਸਾਂ ਅਤੇ ਹੋਰ ਆਮ ਵਾਹਨਾਂ ਦੀ ਆਵਾਜਾਈ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਈ। ਜ਼ਿਕਰਯੋਗ ਹੈ ਕਿ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਲਗਭਗ ਇਕ ਕਰੋੜ 66 ਲੱਖ ਰੁਪਏ ਦੀ ਲਾਗਤ ਨਾਲ ਇਸ ਅੰਡਰਪਾਥ ਦਾ ਨਵੀਨੀਕਰਨ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ, ਅੰਡਰਪਾਥ ਵਿਚੋਂ ਓਵਰਲੋਡ ਟਿੱਪਰਾਂ ਦੀ ਆਵਾਜਾਈ ਰੋਕਣ ਲਈ ਕਰੀਬ ਇਕ ਸਾਲ ਪਹਿਲਾਂ ਐੱਸਡੀਐੱਮ ਡੇਰਾਬੱਸੀ ਅਮਿਤ ਗੁਪਤਾ ਵੱਲੋਂ ਸਖ਼ਤ ਨਿਰਦੇਸ਼ ਵੀ ਜਾਰੀ ਕੀਤੇ ਗਏ ਸਨ। ਇਸ ਦੇ ਬਾਵਜੂਦ, ਪੁਲਿਸ ਪ੍ਰਸ਼ਾਸਨ ਵੱਲੋਂ ਭਾਰੀ ਵਾਹਨਾਂ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਨਤੀਜੇ ਵਜੋਂ, ਮਿੱਟੀ, ਰੇਤ, ਬਜਰੀ ਅਤੇ ਗਟਕੇ ਨਾਲ ਭਰੇ ਓਵਰਲੋਡ ਟਿੱਪਰ ਬਿਨਾਂ ਕਿਸੇ ਖ਼ੌਫ਼ ਤੋਂ ਇੱਥੋਂ ਬਦਸਤੂਰ ਲੰਘਦੇ ਰਹੇ। ਪ੍ਰਸ਼ਾਸਨ ਦੀ ਇਸੇ ਲਾਪਰਵਾਹੀ ਕਾਰਨ ਰਾਤ ਸਮੇਂ ਲੰਘ ਰਹੇ ਇਕ ਓਵਰਲੋਡ ਵਾਹਨ ਨੇ ਉੱਚਾਈ ਮਾਪਣ ਵਾਲੇ ਇਸ ਬੈਰੀਕੇਡ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਚਲਦਿਆਂ ਇਹ ਟੁੱਟ ਕੇ ਖ਼ਤਰਨਾਕ ਢੰਗ ਨਾਲ ਲਟਕ ਗਿਆ। ਘਟਨਾ ਤੋਂ ਬਾਅਦ ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦੇ ਪ੍ਰਸ਼ਾਸਨ ਨੇ ਓਵਰਲੋਡ ਵਾਹਨਾਂ ਤੇ ਠੱਲ੍ਹ ਪਾਈ ਹੁੰਦੀ, ਤਾਂ ਇਹ ਨੁਕਸਾਨ ਨਾ ਹੁੰਦਾ। ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲਟਕ ਰਹੇ ਓਵਰਹੈੱਡ ਬੈਰੀਕੇਡ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਭਾਰੀ ਵਾਹਨਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਵੀ ਸੰਭਾਵੀ ਜਾਨੀ-ਮਾਲੀ ਹਾਦਸੇ ਤੋਂ ਬਚਿਆ ਜਾ ਸਕੇ।