ਡੇਰਾਬੱਸੀ ’ਚ ਆਟੋ ਚਾਲਕਾਂ ਦੀ ਮਨਮਾਨੀ ; ਬਾਹਰੀ ਆਟੋ ਰੋਕ ਕੇ ਸਵਾਰੀਆਂ ਉਤਾਰਨ ਦਾ ਮਾਮਲਾ ਭਖਿਆ ਡੇਰਾਬੱਸੀ ’ਚ ਆਟੋ ਚਾਲਕਾਂ ਦੀ ਮਨਮਾਨੀ ; ਬਾਹਰੀ ਆਟੋ ਰੋਕ ਕੇ ਸਵਾਰੀਆਂ ਉਤਾਰਨ ਦਾ ਮਾਮਲਾ ਭਖਿਆ,,
Publish Date: Sun, 29 Nov 2026 08:30 PM (IST)
Updated Date: Sun, 29 Nov 2026 08:31 PM (IST)
-ਯੂਨੀਅਨ ਦੀ ਆੜ ਹੇਠ ਧੱਕੇਸ਼ਾਹੀ : ਸਵਾਰੀਆਂ ਨਾਲ ਬਦਸਲੂਕੀ ਕਰਨ ਦੇ ਲੱਗੇ ਦੋਸ਼ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਸ਼ਹਿਰ ਦੀਆਂ ਸੜਕਾਂ ’ਤੇ ਚੱਲ ਰਹੇ ਕੁਝ ਆਟੋ ਰਿਕਸ਼ਾ ਚਾਲਕਾਂ ਵੱਲੋਂ ਜਿੱਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਉੱਥੇ ਹੀ ਯੂਨੀਅਨ ਦੀ ਆੜ ਹੇਠ ਆਪਣੀ ਮਨਮਾਨੀ ਕਰਦਿਆਂ ਦੂਜੇ ਇਲਾਕਿਆਂ ਤੋਂ ਆਉਣ ਵਾਲੇ ਆਟੋ ਚਾਲਕਾਂ ਅਤੇ ਸਵਾਰੀਆਂ ਨੂੰ ਪਰੇਸ਼ਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਜ਼ੀਰਕਪੁਰ, ਲਾਲੜੂ ਅਤੇ ਹੋਰਨਾਂ ਖੇਤਰਾਂ ਤੋਂ ਆਉਣ ਵਾਲੇ ਆਟੋ ਚਾਲਕਾਂ ਨੂੰ ਡੇਰਾਬੱਸੀ ’ਚ ਸਵਾਰੀਆਂ ਚੁੱਕਣ ਤੋਂ ਰੋਕਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਆਟੋ ’ਚ ਬੈਠੀਆਂ ਸਵਾਰੀਆਂ ਨੂੰ ਜ਼ਬਰਦਸਤੀ ਹੇਠਾਂ ਉਤਾਰ ਦਿੱਤਾ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਅੱਜ ਚੰਡੀਗੜ੍ਹ-ਅੰਬਾਲਾ ਮੁੱਖ ਮਾਰਗ ’ਤੇ ਬਰਵਾਲਾ ਚੌਕ ਨੇੜੇ ਦੇਖਣ ਨੂੰ ਮਿਲਿਆ। ਇੱਥੇ ਜ਼ੀਰਕਪੁਰ ਤੋਂ ਆਏ ਇਕ ਆਟੋ ਨੂੰ ਕੁਝ ਵਿਅਕਤੀਆਂ ਨੇ ਘੇਰ ਲਿਆ ਅਤੇ ਉਸ ’ਚ ਸਵਾਰ ਲੋਕਾਂ ਨੂੰ ਜ਼ਬਰਦਸਤੀ ਹੇਠਾਂ ਉਤਾਰ ਦਿੱਤਾ। ਆਟੋ ’ਚ ਸਵਾਰ ਲੜਕੀਆਂ ਨੇ ਇਸ ਧੱਕੇਸ਼ਾਹੀ ਦਾ ਵਿਰੋਧ ਵੀ ਕੀਤਾ, ਪਰ ਸਬੰਧਤ ਵਿਅਕਤੀਆਂ ਨੇ ਆਟੋ ਯੂਨੀਅਨ ਦਾ ਰੋਅਬ ਦਿਖਾਉਂਦਿਆਂ ਉਨ੍ਹਾਂ ਦੀ ਇਕ ਨਾ ਸੁਣੀ। ਇਸ ਦੌਰਾਨ ਬਾਹਰੀ ਆਟੋ ਚਾਲਕ ਨਾਲ ਬਦਸਲੂਕੀ ਕੀਤੇ ਜਾਣ ਦੇ ਵੀ ਦੋਸ਼ ਲੱਗੇ ਹਨ। ਮੌਕੇ ’ਤੇ ਮੌਜੂਦ ਪੱਤਰਕਾਰਾਂ ਵੱਲੋਂ ਜਦੋਂ ਆਟੋ ਰੋਕਣ ਵਾਲਿਆਂ ਤੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਯੂਨੀਅਨ ਦੇ ਪ੍ਰਧਾਨ ਵੱਲੋਂ ਬਾਹਰੀ ਆਟੋ ਰੋਕਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਮਾਮਲਾ ਟ੍ਰੈਫਿਕ ਇੰਚਾਰਜ ਕੁਲਵੰਤ ਸਿੰਘ ਦੇ ਧਿਆਨ ’ਚ ਆਉਣ ’ਤੇ ਉਹ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਆਟੋ ਚਾਲਕ ਜਾਂ ਯੂਨੀਅਨ ਨੂੰ ਦੂਜੇ ਇਲਾਕੇ ਦੇ ਆਟੋ ਰੋਕਣ ਜਾਂ ਸਵਾਰੀਆਂ ਨੂੰ ਜ਼ਬਰਦਸਤੀ ਉਤਾਰਨ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਟ੍ਰੈਫਿਕ ਇੰਚਾਰਜ ਵੱਲੋਂ ਆਟੋ ਯੂਨੀਅਨ ਦੇ ਪ੍ਰਧਾਨ ਨੂੰ ਵੀ ਮੌਕੇ ’ਤੇ ਤਲਬ ਕੀਤਾ ਗਿਆ। ਪ੍ਰਧਾਨ ਨੇ ਅਜਿਹੇ ਕਿਸੇ ਵੀ ਹੁਕਮ ਤੋਂ ਇਨਕਾਰ ਕਰਦਿਆਂ ਆਟੋ ਰੋਕਣ ਵਾਲੇ ਮੈਂਬਰਾਂ ਦੀ ਝਾੜ-ਝੰਬ ਕੀਤੀ ਅਤੇ ਭਵਿੱਖ ’ਚ ਅਜਿਹੀ ਹਰਕਤ ਨਾ ਕਰਨ ਦੀ ਹਦਾਇਤ ਦਿੱਤੀ। ਪੁਲਿਸ ਨੇ ਚਿਤਾਵਨੀ ਦਿੱਤੀ ਕਿ ਅਜਿਹੀ ਗ਼ੈਰ-ਕਾਨੂੰਨੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮੁੜ ਸ਼ਿਕਾਇਤ ਮਿਲਣ ’ਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਜਾਂਚ ਦੌਰਾਨ ਇਹ ਹੈਰਾਨੀਜਨਕ ਤੱਥ ਵੀ ਸਾਹਮਣੇ ਆਇਆ ਕਿ ਦੂਜੇ ਆਟੋ ਰੋਕਣ ਵਾਲੇ ਚਾਲਕਾਂ ਦੇ ਆਪਣੇ ਵਾਹਨਾਂ ਦੇ ਦਸਤਾਵੇਜ਼ ਅਤੇ ਨੰਬਰ ਪਲੇਟਾਂ ਵੀ ਨਿਯਮਾਂ ਮੁਤਾਬਕ ਪੂਰੀਆਂ ਨਹੀਂ ਸਨ। ਇਸ ਤੋਂ ਇਲਾਵਾ ਸ਼ਹਿਰ ’ਚ ਓਵਰਲੋਡਿੰਗ ਦਾ ਧੰਦਾ ਵੀ ਜ਼ੋਰਾਂ ’ਤੇ ਹੈ। ਪੁਲਿਸ ਨੇ ਮੌਕੇ ’ਤੇ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾ ਕੇ ਜਾ ਰਹੇ ਇਕ ਆਟੋ ਨੂੰ ਰੋਕ ਕੇ ਉਸ ਦਾ ਚਾਲਾਨ ਕੱਟਿਆ। ਟ੍ਰੈਫਿਕ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਆਟੋ ਚਾਲਕ ਉਨ੍ਹਾਂ ਨੂੰ ਰਸਤੇ ’ਚ ਰੋਕਦਾ ਜਾਂ ਪਰੇਸ਼ਾਨ ਕਰਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।