ਸਾਡੇ ਵਿਧਾਇਕ: ਵਿਧਾਇਕ ਕੁਲਵੰਤ ਸਿੰਘ ਮੁਹਾਲੀ, ਕਾਫ਼ੀ ਵਾਅਦੇ ਪੂਰੇ ਹੋਏ, ਕੁਝ ਕੁ ਹਾਲੇ ਵੀ ਅਧੂਰੇ ਸਾਡੇ ਵਿਧਾਇਕ: ਵਿਧਾਇਕ ਕੁਲਵੰਤ ਸਿੰਘ ਮੁਹਾਲੀ, ਕਾਫ਼ੀ ਵਾਅਦੇ ਪੂਰੇ ਹੋਏ, ਕੁੱਝ ਕੁ ਹਾਲੇ ਵੀ ਅਧੂਰੇ
Publish Date: Mon, 16 Nov 2026 06:49 PM (IST)
Updated Date: Tue, 17 Nov 2026 04:01 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਰੀਅਲ ਅਸਟੇਟ ਦੇ ਉੱਘੇ ਕਾਰੋਬਾਰੀ ਅਤੇ ਮੁਹਾਲੀ ਤੋਂ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਨੇ ਸਾਰੀਆਂ ਗਰੰਟੀਆਂ ਅਤੇ ਚੋਣ ਵਾਅਦੇ ਪੂਰੇ ਕਰਨ ਦਾ ਦਾਅਵਾ ਕਰਦਿਆਂ ਸਰਕਾਰੀ ਫੰਡਾਂ ਤੋਂ ਇਲਾਵਾ ਆਪਣੀ ਨਿੱਜੀ ਕੰਪਨੀ ਜੇਐੱਲਪੀਐੱਲ ਰਾਹੀਂ ਕਰੋੜਾਂ ਰੁਪਏ ਖ਼ਰਚਣ ਦੀ ਗੱਲ ਕਹੀ ਹੈ। ਉਂਜ ਸਥਾਨਕ ਪੱਧਰ ਦੇ ਕਈ ਕੰਮ ਅਤੇ ਵਾਅਦੇ ਹਾਲੇ ਪੂਰੇ ਹੋਣੋਂ ਰਹਿੰਦੇ ਹਨ। ਜਿਨ੍ਹਾਂ ’ਚ ਸਿਟੀ ਬੱਸ ਸਰਵਿਸ, ਕੂੜਾ ਪ੍ਰਬੰਧਨ-ਸਮਗੌਲੀ ਪ੍ਰੋਜੈਕਟ, ਮੋਟਰ ਮਾਰਕੀਟ ਲੋਕਾਂ ਨਾਲ ਜੁੜੇ ਹੋਏ ਕੰਮ ਸ਼ਾਮਲ ਹਨ। ਆਮ ਆਦਮੀ ਪਾਰਟੀ (ਆਪ) ਨੇ ਕੁਲਵੰਤ ਸਿੰਘ ਨੂੰ ਦੂਜੀ ਵਾਰ ਟਿਕਟ ਦੇ ਕੇ ਚੋਣ ਮੈਦਾਨ ’ਚ ਉਤਾਰਿਆ ਹੈ। ਪੰਜਾਬ ਸਰਕਾਰ ਨੂੰ ਭਾਵੇਂ ਮੁਲਾਜ਼ਮ ਵਰਗ ਅਤੇ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪ੍ਰੰਤੂ ਸਿਆਸੀ ਹਲਕਿਆਂ ’ਚ ਕੁਲਵੰਤ ਸਿੰਘ ਜਿਹੀ ਇਮਾਨਦਾਰ ਸ਼ਖ਼ਸੀਅਤ ਦੇ ਚਰਚੇ ਵੀ ਜ਼ੋਰਾਂ ’ਤੇ ਹਨ। ਮੁਹਾਲੀ ’ਚ ਸੀਸੀਟੀਵੀ ਕੈਮਰੇ ਲਗਾਉਣ, ਆਵਾਜਾਈ ਸਮੱਸਿਆ ਨੂੰ ਹੱਲ ਕਰਨ ਲਈ ਸ਼ਹਿਰ ’ਚ ਸੱਤ ਗੋਲ ਚੌਕ ਬਣਾਏ ਜਾ ਰਹੇ ਹਨ। ਰੰਗਲਾ ਪੰਜਾਬ ਸਕੀਮ ਤਹਿਤ 100 ਮਕਾਨ ਪੱਕੇ ਕੀਤੇ ਅਤੇ ਬੰਧਨ ਮੁਕਤ ਫੰਡਾਂ ਤਹਿਤ 43 ਮਕਾਨ ਪੱਕੇ ਕੀਤੇ ਗਏ। ਜਦੋਂਕਿ ਜੇਐੱਲਪੀਐੱਲ ਰਾਹੀਂ ਸੈਕਟਰ-79 ਵਿਚ ਆਟਿਜ਼ਮ ਹਸਪਤਾਲ ਲਈ ਇਕ ਕਰੋੜ ਦਿੱਤੇ। ਸਰਕਾਰੀ ਹਸਪਤਾਲ ’ਚ 30 ਲੱਖ ਦੀ ਲਾਗਤ ਨਾਲ ਵੇਟਿੰਗ ਹਾਲ ਬਣਾਇਆ। 80 ਲੋੜਵੰਦ ਪਰਿਵਾਰਾਂ ਦੇ ਮਕਾਨ ਪੱਕੇ ਕੀਤੇ। ਝਾਮਪੁਰ ’ਚ 12 ਲੱਖ ਦੀ ਲਾਗਤ ਨਾਲ ਧਰਮਸ਼ਾਲਾ ਬਣਾਈ। ਬੜਮਾਜਰਾ ’ਚ ਮੁਸਲਿਮ ਭਾਈਚਾਰੇ ਦੀ ਮਸਜਿਦ ਅਤੇ ਬਠਲਾਣਾ ’ਚ ਕਮਿਊਨਿਟੀ ਸੈਂਟਰ ਦਾ ਕੰਮ ਮੁਕੰਮਲ ਕਰਵਾਇਆ। ਹੜ੍ਹ ਪੀੜਤਾਂ ਲਈ ਰਾਸ਼ਨ, ਦਵਾਈਆਂ, ਮੰਜੇ-ਬਿਸਤਰੇ ਅਤੇ ਪਸ਼ੂਆਂ ਲਈ ਚਾਰਾ ਭੇਜਿਆ। ਗਰੀਬ ਪਰਿਵਾਰਾਂ ਦੇ ਨੀਟ ਪ੍ਰੀਖਿਆ ਪਾਸ ਕਰਨ ਵਾਲੇ ਤਿੰਨ ਬੱਚਿਆਂ ਦੀ ਐੱਮਬੀਬੀਐੱਸ ਪੜ੍ਹਾਈ ਦਾ ਸਾਰਾ ਖ਼ਰਚਾ ਚੁੱਕਿਆ। ਔਰਤਾਂ ਨੂੰ ਪੈਰਾਂ ’ਤੇ ਖੜ੍ਹਾ ਹੋਣ ਲਈ ਪਿੰਡਾਂ ’ਚ ਸਿਲਾਈ ਸੈਂਟਰ ਖੋਲ੍ਹੇ ਹਨ। ਵਿਧਾਇਕ ਕੁਲਵੰਤ ਸਿੰਘ ਨੇ ਪ੍ਰਾਪਤੀ ਗਿਣਵਾਉਂਦੇ ਹੋਏ ਦੱਸਿਆ ਕਿ ਮੁਹਾਲੀ ’ਚ ਲਿਵਰ ਇੰਸਟੀਚਿਊਟ ਸ਼ੁਰੂ ਕੀਤਾ। ਸਨੇਟਾ ’ਚ ਹਸਪਤਾਲ ਦਾ ਉਦਘਾਟਨ, ਸਰਕਾਰੀ ਮੈਡੀਕਲ ਕਾਲਜ ਬਣਾਉਣ ਦਾ ਕੰਮ ਸ਼ੁਰੂ ਕੀਤਾ। ਸ਼ਹਿਰੀ ਤੇ ਪੇਂਡੂ ਖੇਤਰ ’ਚ 11 ਮੁਹੱਲਾ ਕਲੀਨਿਕ ਬਣਾਏ, ਜਲ ਸਪਲਾਈ ਸੁਧਾਰ ਲਿਆਂਦਾ, ਫੇਜ਼-7 ਤੋਂ 11 ਤੱਕ ਸੜਕ ਨੂੰ ਵੰਨਵੇਅ ਕੀਤਾ। 63 ਕਰੋੜ ਦੀ ਲਾਗਤ ਨਾਲ ਪਿੰਡਾਂ ਦੀਆਂ ਫਿਰਨੀਆਂ ਅਤੇ ਲਿੰਕ ਸੜਕਾਂ ਬਣਾਈਆਂ ਅਤੇ ਹੁਣ ਵੀ ਕੰਮ ਜਾਰੀ ਹੈ। ਪਿੰਡਾਂ ’ਚ ਦਰਜਨ ਤੋਂ ਵੱਧ ਪਾਣੀ ਦੇ ਟਿਊਬਵੈੱਲ ਲਗਾਏ, ਪਿੰਡ ਕੁੰਬੜਾ, ਸੋਹਾਣਾ ਅਤੇ ਮਟੌਰ ਨੂੰ ਨਹਿਰੀ ਪਾਣੀ ਨਾਲ ਜੋੜਿਆ। 10 ਕਰੋੜ ਦੀ ਲਾਗਤ ਨਾਲ 33 ਪਿੰਡਾਂ ’ਚ ਖੇਡ ਮੈਦਾਨ ਬਣਾਏ, ਸੈਂਕੜੇ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ। ਰੰਗਲਾ ਪੰਜਾਬ ਸਕੀਮ ਤਹਿਤ ਪਿੰਡਾਂ ਦੇ ਵਿਕਾਸ ਲਈ 13 ਕਰੋੜ ਦੀਆਂ ਗਰਾਂਟਾਂ ਦਿੱਤੀਆਂ। ਬਿਜਲੀ ਸਮੱਸਿਆ ਦੇ ਹੱਲ ਲਈ ਨਵੇਂ ਟਰਾਂਸਫ਼ਾਰਮਰ ਅਤੇ ਨਵੀਆਂ ਕੇਬਲ ਤਾਰਾਂ ਪਾਈਆਂ। ਸੈਕਟਰ-76 ਤੋਂ 80 ਦੇ ਅਲਾਟੀਆਂ ਨੂੰ ਪਾਈ ਇਨਹਾਂਸਮੈਂਟ ਰਕਮ ਘਟਾਈ। ਚਾਰ ਪਿੰਡਾਂ ’ਚ 1.25 ਕਰੋੜ ਦੀ ਲਾਗਤ ਨਾਲ ਲਾਇਬਰ੍ਰੇਰੀਆਂ ਬਣਾਈਆਂ। ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਸਮਗੌਲੀ ਵਿਚ ਵੇਸਟ ਮੈਨੇਜਮੈਂਟ ਪਲਾਂਨ ਸ਼ੁਰੂ ਹੋਣ ਨਾਲ ਜਲਦੀ ਹੀ ਕੂੜਾ ਪ੍ਰਬੰਧਨ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਵੱਖ-ਵੱਖ ਮੋਟਰ ਮਾਰਕੀਟਾਂ ਦੇ ਮਕੈਨਿਕਾਂ ਨੂੰ ਐਲਓਆਈ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਡਿਜਾਇਨ ਦਾ ਮਸਲਾ ਹੁੰਦੇ ਹੀ ਸਬੰਧਤ ਵਿਅਕਤੀਆਂ ਨੂੰ ਬੂਥਾਂ ਦੀ ਜਗ੍ਹਾ ਦੇ ਕਬਜ਼ੇ ਦਿੱਤੇ ਜਾਣਗੇ। ਸਿਟੀ ਬੱਸ ਸਰਵਿਸ ਦਾ ਪ੍ਰੋਜੈਕਟ ਪਾਈਪਲਾਈਨ ’ਚ ਹੈ। ਲੋਕਾਂ ਨੂੰ ਜਲਦੀ ਹੀ ਆਵਾਜਾਈ ਸਹੂਲਤ ਮਿਲੇਗੀ। ਬਾਕਸ : ਇਮੀਗਰੇਸ਼ਨ ਕੰਪਨੀਆਂ ਦੀ ਠੱਗੀ ਦਾ ਸ਼ਿਕਾਰ ਲੋਕਾਂ ਨੂੰ ਨਾ ਸਿਰਫ਼ ਲਗਭਗ 10 ਕਰੋੜ ਰੁਪਏ ਵਾਪਸ ਕਰਵਾਏ, ਬਲਕਿ ਮੁਹਾਲੀ ਹਲਕੇ ਨੂੰ ਫਰਜ਼ੀ ਟਰੈਵਲ ਏਜੰਟਾਂ ਤੋਂ ਮੁਕਤ ਕਰਵਾਇਆ। ਵੱਡੀ ਗਿਣਤੀ ’ਚ ਇਮੀਗਰੇਸ਼ਨ ਦਫ਼ਤਰਾਂ ਨੂੰ ਤਾਲੇ ਜੜ੍ਹੇ ਅਤੇ ਪ੍ਰਬੰਧਕਾਂ ਨੂੰ ਜੇਲ੍ਹ ਭੇਜਿਆ ਗਿਆ। ‘ਆਪ’ ਸਰਕਾਰ ਦੀ ਇਸ ਵੱਡੀ ਕਾਰਵਾਈ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਜਦੋਂਕਿ ਪਹਿਲਾਂ ਏਜੰਟਾਂ ਨਾਲ ਮਿਲ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਸੀ। ਬਾਕਸ : ਪੰਜਾਬ ਵਿਧਾਨ ਸਭਾ ’ਚ ਲੋਕਹਿੱਤ ’ਚ 12 ਮੁੱਦੇ ਚੁੱਕੇ, ਜਿਨ੍ਹਾਂ ’ਚ ਪ੍ਰਾਈਵੇਟ ਸਕੂਲਾਂ ਵਿਚ ਗਰੀਬ ਵਰਗ ਦੇ ਬੱਚਿਆਂ ਨੂੰ ਦਾਖ਼ਲਾ ਦੇਣਾ, ਛੋਟੇ ਬੱਚਿਆਂ ਨੂੰ ਵੀ ਮਿਡ-ਡੇਅ-ਮੀਲ ਦੇਣਾ, ਨਾਮੀ ਹਸਪਤਾਲਾਂ ’ਚ ਗਰੀਬਾਂ ਨੂੰ ਸਸਤੀਆਂ ਦਰਾਂ ’ਤੇ ਇਲਾਜ, ਵਾਹਨ ਪਾਰਕਿੰਗ ਸਮੇਤ ਹੋਰ ਅਹਿ ਮੁੱਦੇ ਸ਼ਾਮਲ ਹਨ।