ਬਘੇਲ ਦਾ ਵੱਡਾ ਬਿਆਨ: ਵਿਰੋਧੀ ਧਿਰਾਂ ਖ਼ਿਲਾਫ਼ ਹੈ ਅਸਲ ਜੰਗ, ਪਾਰਟੀ ’ਚ ਵੀ ਹੋ ਸਕਦੇ ਹਨ ਮਤਭੇਦ
ਇੱਥੇ ਜ਼ਿਲ੍ਹੇ ਲਈ ਕਰਵਾਏ ਗਏ ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ, ਭੂਪੇਸ਼ ਬਘੇਲ ਨੇ ਪਾਰਟੀ ਵਰਕਰਾਂ ਨੂੰ ਇਕਜੁੱਟ ਹੋ ਕੇ ਭ੍ਰਿਸ਼ਟ ਅਤੇ ਨਾਕਾਬਿਲ ਸੂਬਾ ਸਰਕਾਰ ਅਤੇ ਫਾਸ਼ੀਵਾਦੀ ਭਾਜਪਾ ਖ਼ਿਲਾਫ਼ ਡਟਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਚੋਣਾਂ ਪਹਿਲਾਂ ਵੀ ਹੋ ਸਕਦੀਆਂ ਹਨ। ਹਾਲਾਂਕਿ ਜੇਕਰ ਨਿਰਧਾਰਿਤ ਸਮੇਂ ਅਨੁਸਾਰ ਫਰਵਰੀ ਵਿੱਚ ਵੀ ਹੁੰਦੀਆਂ ਹਨ, ਤਾਂ ਵੀ ਉਹ ਹੁਣ ਜ਼ਿਆਦਾ ਦੂਰ ਨਹੀਂ ਹਨ।
Publish Date: Sun, 02 Aug 2026 08:27 AM (IST)
Updated Date: Sun, 02 Aug 2026 08:30 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ। ਆਲ ਇੰਡੀਆ ਕਾਂਗਰਸ ਕਮੇਟੀ ਜਨਰਲ ਸਕੱਤਰ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਦੀ ਚੋਣ ਕਾਂਗਰਸ ਹਾਈਕਮਾਂਡ ਵੱਲੋਂ ਕੀਤੀ ਜਾਵੇਗੀ, ਜਿਸ ਵਿੱਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸ਼ਾਮਲ ਹਨ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਦਾ ਫਰਜ਼ ਹੈ ਕਿ ਉਹ ਪਾਰਟੀ ਦੀ ਜਿੱਤ ਯਕੀਨੀ ਬਣਾਉਣ, ਕਿਉਂਕਿ ਪੰਜਾਬ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਚਾਉਣ ਦੀ ਲੋੜ ਹੈ। ਪਾਰਟੀ ਵਿੱਚ ਏਕਤਾ ਦੀ ਜ਼ੋਰਦਾਰ ਅਪੀਲ ਕਰਦਿਆਂ, ਬਘੇਲ ਨੇ ਕਿਹਾ ਕਿ ਪਰਿਵਾਰ ਵਾਂਗ ਪਾਰਟੀ ਵਿੱਚ ਵੀ ਮਤਭੇਦ ਹੋ ਸਕਦੇ ਹਨ, ਲੇਕਿਨ ਅਸਲ ਲੜਾਈ ਭਾਜਪਾ, ਆਪ ਅਤੇ ਅਕਾਲੀ ਦਲ ਦੇ ਖ਼ਿਲਾਫ਼ ਹੈ। ਬਘੇਲ ਨੇ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਪੰਜ-ਕੋਣੀ ਮੁਕਾਬਲਾ ਹੋਵੇਗਾ, ਵੱਖ-ਵੱਖ ਧੜੇ ਮੈਦਾਨ ਵਿੱਚ ਹੋਣਗੇ।
ਇਸੇ ਤਰ੍ਹਾਂ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਉਹ ਕਾਂਗਰਸ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਸਹੁੰ ਚੁੱਕਦੇ ਦੇਖਣਾ ਚਾਹੁੰਦੇ ਹਨ, ਜਦਕਿ ਉਹ ਖ਼ਦ ਦਰਸ਼ਕਾਂ ਵਿੱਚ ਬੈਠ ਕੇ ਇਹ ਨਜ਼ਾਰਾ ਵੇਖਣਗੇ।
ਇੱਥੇ ਜ਼ਿਲ੍ਹੇ ਲਈ ਕਰਵਾਏ ਗਏ ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ, ਭੂਪੇਸ਼ ਬਘੇਲ ਨੇ ਪਾਰਟੀ ਵਰਕਰਾਂ ਨੂੰ ਇਕਜੁੱਟ ਹੋ ਕੇ ਭ੍ਰਿਸ਼ਟ ਅਤੇ ਨਾਕਾਬਿਲ ਸੂਬਾ ਸਰਕਾਰ ਅਤੇ ਫਾਸ਼ੀਵਾਦੀ ਭਾਜਪਾ ਖ਼ਿਲਾਫ਼ ਡਟਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਚੋਣਾਂ ਪਹਿਲਾਂ ਵੀ ਹੋ ਸਕਦੀਆਂ ਹਨ। ਹਾਲਾਂਕਿ ਜੇਕਰ ਨਿਰਧਾਰਿਤ ਸਮੇਂ ਅਨੁਸਾਰ ਫਰਵਰੀ ਵਿੱਚ ਵੀ ਹੁੰਦੀਆਂ ਹਨ, ਤਾਂ ਵੀ ਉਹ ਹੁਣ ਜ਼ਿਆਦਾ ਦੂਰ ਨਹੀਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਬ੍ਰਹਮ ਮਹਿੰਦਰਾ, ਰਣਦੀਪ ਨਾਭਾ, ਹਰਦਿਆਲ ਕੰਬੋਜ, ਰਾਜਿੰਦਰ ਸਿੰਘ, ਗੁਰਿੰਦਰ ਢਿੱਲੋਂ, ਵਿਸ਼ਨੂੰ ਸ਼ਰਮਾ, ਸਾਧੂ ਸਿੰਘ ਧਰਮਸੋਤ, ਡਾ. ਅਮਰ ਸਿੰਘ, ਗੁਰਦਰਸ਼ਨ ਸਿੰਘ, ਕੈਪਟਨ ਸੰਦੀਪ ਸੰਧੂ, ਮੋਹਿਤ ਮਹਿੰਦਰਾ, ਗੁਰਸ਼ਰਨ ਕੌਰ ਰੰਧਾਵਾ, ਸ਼ੁਭਮ ਸ਼ਰਮਾ, ਸੰਜੀਵ ਬਿੱਟੂ, ਅਮਰਜੀਤ ਕੌਰ ਸਣੇ ਹੋਰ ਕਈ ਆਗੂ ਵੀ ਹਾਜ਼ਰ ਰਹੇ।
ਦੋਹਰੀ ਮਾਰ ਝੱਲ ਰਿਹਾ ਹੈ ਪੰਜਾਬ
ਬਘੇਲ ਨੇ ਕਿਹਾ ਕਿ ਪੰਜਾਬ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਦੋਹਰੀ ਮਾਰ ਝੱਲ ਰਿਹਾ ਹੈ। ਪੰਜਾਬ ਵਿੱਚ ਕਾਨੂੰਨ-ਵਿਵਸਥਾ ਦਾ ਬਹੁਤ ਬੁਰਾ ਹਾਲ ਹੈ। ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਕਹਿਣ ਵਿੱਚ ਉਨ੍ਹਾਂ ਨੂੰ ਕੋਈ ਹਿਚਕਿਚਾਹਟ ਨਹੀਂ ਕਿ ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਰਜਿੰਦਰ ਕੌਰ ਭੱਠਲ, ਬ੍ਰਹਮ ਮਹਿੰਦਰਾ ਅਤੇ ਹੋਰ ਸਾਰੇ ਸੀਨੀਅਰ ਆਗੂ ਉਨ੍ਹਾਂ ਨਾਲੋਂ ਕਈ ਗੁਣਾ ਵੱਧ ਯੋਗ ਅਤੇ ਸਮਰੱਥ ਹਨ।
ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਦਾ ਭਰੋਸਾ ਜ਼ਾਹਰ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੀਆਂ ਵਿਰੋਧੀ ਸਥਿਤੀਆਂ ਦੇ ਬਾਵਜੂਦ ਲੋਕ ਸਭਾ ਦੀਆਂ 13 ਵਿੱਚੋਂ 7 ਸੀਟਾਂ ਜਿੱਤੀਆਂ ਸਨ ਅਤੇ ਹੁਣ ਵਿਧਾਨ ਸਭਾ ਚੋਣਾਂ ਵਿੱਚ ਨਾ ਸਿਰਫ਼ ਉਸ ਪ੍ਰਦਰਸ਼ਨ ਨੂੰ ਦੁਹਰਾਵਾਂਗੇ, ਬਲਕਿ ਇਸ ਤੋਂ ਵੀ ਬਿਹਤਰ ਨਤੀਜੇ ਲਿਆਵਾਂਗੇ।