ਵਿਸ਼ਾਲ ਧਰਮ ਸੰਮੇਲਨ ਕਰਵਾਇਆ; ਸੈਣੀ ਨੇ ਦਿੱਤਾ ਸਰਬ ਸਾਂਝੀਵਾਲਤਾ ਦਾ ਸੰਦੇਸ਼
ਵਿਸ਼ਾਲ ਧਰਮ ਸੰਮੇਲਨ ਕਰਵਾਇਆ; ਸੈਣੀ ਨੇ ਦਿੱਤਾ ਸਰਬ ਸਾਂਝੀਵਾਲਤਾ ਦਾ ਸੰਦੇਸ਼
Publish Date: Sat, 21 Feb 2026 05:31 PM (IST)
Updated Date: Sat, 21 Feb 2026 05:33 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਦੇ ਪਿੰਡ ਖੇੜੀ ਗੁੱਜਰਾਂ ਵਿਖੇ ਚੌਧਰੀ ਯੂਥ ਕਲੱਬ ਅਤੇ ਧਰਮ ਸੇਵਾ ਸੰਮਤੀ ਦੇ ਸਾਂਝੇ ਉੱਦਮ ਸਦਕਾ ਇਕ ਵਿਸ਼ਾਲ ਧਰਮ ਸੰਮੇਲਨ ਕੀਤਾ ਗਿਆ। ਇਸ ਸਮਾਗਮ ਵਿਚ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕੀਤੀ। ਸਮਾਗਮ ’ਚ ਵਿਸ਼ੇਸ਼ ਤੌਰ ਤੇ ਪਹੁੰਚੇ ਸੀਨੀਅਰ ਭਾਜਪਾ ਆਗੂ ਅਤੇ ਪ੍ਰਸਿੱਧ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ ਨੇ ਹਾਜ਼ਰੀ ਭਰੀ। ਸੰਗਤ ਦੇ ਰੂ-ਬ-ਰੂ ਹੁੰਦਿਆਂ ਸੈਣੀ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿਚ ਬੇਮਿਸਾਲ ਹੈ, ਜਿਸ ਨੇ ਮਨੁੱਖੀ ਅਧਿਕਾਰਾਂ ਅਤੇ ਧਰਮ ਦੀ ਰਾਖੀ ਲਈ ਕੁਰਬਾਨੀ ਦੇਣ ਦਾ ਮਾਰਗ ਦਿਖਾਇਆ। ਉਨ੍ਹਾਂ ਨੇ ਸਮਾਜ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਆਪਸੀ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ। ਸਮਾਗਮ ਦੇ ਮੁੱਖ ਬੁਲਾਰੇ ਵਜੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਵਿਸ਼ਾਲ ਗਰਗ ਨੇ ਸੰਬੋਧਨ ਕੀਤਾ। ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਰਾਹੀਂ ਧਰਮ ਨੂੰ ਸਮਰਪਿਤ ਜੀਵਨ ਜਿਊਣ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਵਿਸ਼ਾਲ ਗਰਗ ਨੇ ਕਿਹਾ ਕਿ ਧਰਮ ਸਿਰਫ਼ ਕਰਮਕਾਂਡ ਨਹੀਂ, ਸਗੋਂ ਸੱਚਾਈ ਅਤੇ ਨੇਕੀ ਦੇ ਰਾਹ ਤੇ ਚੱਲਣਾ ਹੈ। ਉਨ੍ਹਾਂ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਅਤੇ ਧਾਰਮਿਕ ਕਦਰਾਂ ਕੀਮਤਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਰਪ੍ਰੀਤ ਸਿੰਘ ਟਿੰਕੂ ਜ਼ਿਲ੍ਹਾ ਪ੍ਰਧਾਨ ਓਬੀਸੀ, ਵਕੀਲ ਰਾਜੂ, ਪੁਸ਼ਪਿੰਦਰ ਮਹਿਤਾ, ਰਿੰਕੂ ਜਨੇਤਪੁਰ, ਦਵਿੰਦਰ ਧਨੌਨੀ, ਬੱਬੂ, ਹੈਪੀ ਖੇੜੀ ਗੁੱਜਰਾਂ, ਜਸਬੀਰ, ਪਿੰਦਰ ਪੁਨਸਰ, ਬਲਾਕ ਸੰਮਤੀ ਮੈਂਬਰ ਖੇੜੀ ਗੁੱਜਰਾਂ ਗੁਰਮੀਤ, ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਮੌਜੂਦ ਸਨ। ਕਲੱਬ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਮਾਗਮ ਦੀ ਸਮਾਪਤੀ ਮੌਕੇ ਪ੍ਰਬੰਧਕਾਂ ਨੇ ਆਈਆਂ ਹੋਈਆਂ ਸੰਗਤ ਦਾ ਧੰਨਵਾਦ ਕੀਤਾ।