ਏਟਕ ਜਥੇਬੰਦੀਆਂ ਨੇ ਕਿਰਤੀਆਂ ਵਿਰੋਧੀ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ ਏਟਕ ਜਥੇਬੰਦੀਆਂ ਨੇ ਕਿਰਤੀਆਂ ਵਿਰੋਧੀ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ
Publish Date: Fri, 20 Nov 2026 05:46 PM (IST)
Updated Date: Fri, 20 Nov 2026 05:49 PM (IST)
ਲੋਕ-ਹਿੱਤਾਂ ਦੀ ਰਾਖੀ ਲਈ ਕਿਰਤੀਆਂ ਦੇ ਹੱਕਾਂ ’ਤੇ ਪਹਿਰਾ ਦੇਣਾ ਜ਼ਰੂਰੀ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਚੰਡੀਗੜ੍ਹ : ਏਟਕ ਚੰਡੀਗੜ੍ਹ ਨਾਲ ਸਬੰਧਤ ਯੂਨੀਅਨਾਂ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਲੇਬਰ ਕੋਡ ਖ਼ਿਲਾਫ਼ ਸ਼ੁੱਕਰਵਾਰ ਨੂੰ ਪਲਾਜ਼ਾ ਸੈਕਟਰ-17 ਵਿਖੇ ਰੋਸ ਪ੍ਰਦਰਸ਼ਨ ਤੇ ਰੈਲੀ ਕੀਤੀ। ਸੀਨੀਅਰ ਸਾਥੀ ਦੇਵੀ ਦਿਆਲ ਸ਼ਰਮਾ ਨੇ ਕਿਹਾ ਕਿ ਨਵੇਂ ਲੇਬਰ ਕੋਡ ਆਉਣ ਨਾਲ ਕਿਰਤੀਆਂ ਦੇ ਯੂਨੀਅਨ ਬਣਾਉਣ, ਸੰਗਠਿਤ ਹੋਣ ਅਤੇ ਮਾਲਕਾਂ/ਅਫ਼ਸਰਾਂ ਖ਼ਿਲਾਫ਼ ਕਾਰਵਾਈਆਂ, ਰੈਲੀਆਂ ਅਤੇ ਰੋਸ ਪ੍ਰਦਰਸ਼ਨ ਕਰਨ ਦੇ ਹੱਕ ਖੁਸ ਜਾਣਗੇ। ਇਹ ਕਾਲਾ ਕਾਨੂੰਨ ਕਿਰਤੀਆਂ ਨੂੰ ਨਾ-ਇਨਸਾਫ਼ੀ ਖ਼ਿਲਾਫ਼ ਲੜਨ ਤੋਂ ਰੋਕਣ ਲਈ ਲਾਗੂ ਕੀਤਾ ਜਾ ਰਿਹਾ ਹੈ। ਏਟਕ ਦੇ ਪ੍ਰਧਾਨ ਰਾਜ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕਿਰਤੀਆਂ ਦੀ ਲੁੱਟ ਲਈ ਬਰਾਬਰ ਦੀਆਂ ਜ਼ਿੰਮੇਵਾਰ ਹਨ। ਕਿਰਤੀਆਂ ਨੂੰ ਹੋਰ ਲੋਕ-ਪੱਖੀ ਸ਼ਕਤੀਆਂ ਨੂੰ ਇਕੱਠਾ ਕਰ ਕੇ ਲੋਕ ਹਿੱਤਾਂ ਦੀ ਰਾਖੀ ਲਈ ਭਵਿੱਖ ’ਚ ਲਗਾਤਾਰ ਸੰਘਰਸ਼ ਕਰਨੇ ਪੈਣਗੇ। ਜਨਰਲ ਸਕੱਤਰ ਸਤਿਆਵੀਰ ਨੇ ਕਿਰਤੀਆਂ ਦੇ ਹੱਕਾਂ ਦੀ ਰਾਖੀ ਲਈ ਕਚਿਹਰੀਆਂ ’ਚ ਆ ਰਹੀਆਂ ਦਿੱਕਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਲੇਬਰ ਕੋਡ ਵਿਚਲੀਆਂ ਦੁਸ਼ਵਾਰੀਆਂ ਅਤੇ ਗੁੰਝਲਾਂ ਬਾਰੇ ਦੱਸਿਆ। ਆਲ ਇੰਡੀਆ ਲਾਇਰਸ ਯੂਨੀਅਨ ਦੇ ਪ੍ਰਧਾਨ ਐਡਵੋਕੇਟ ਕਰਮ ਸਿੰਘ ਨੇ ਕਿਹਾ ਕਿ ਲੇਬਰ ਕੋਡਜ ਦੀਆਂ ਧਾਰਾਵਾਂ ਬਹੁਤ ਗੁੰਝਲਦਾਰ ਬਣਾ ਦਿੱਤੀਆਂ ਗਈਆਂ ਹਨ। ਮਾਲਕਾਂ ਨੂੰ ਜ਼ਰੂਰ ਤੋਂ ਵੱਧ ਹੱਕ ਦਿੱਤੇ ਗਏ ਹਨ। ਲੰਮੇ ਸਮੇਂ ਤੱਕ ਕੀਤੀ ਨੌਕਰੀ ਤੋਂ ਬਾਅਦ ਮਿਲਣ ਵਾਲੇ ਹੱਕ ਅਤੇ ਸਹੂਲਤਾਂ ਖ਼ਤਮ ਕੀਤੀਆਂ ਗਈਆਂ ਹਨ। ਕਿਰਤੀਆਂ ਲਈ ਕੰਮ ਅਤੇ ਭਵਿੱਖ ਸੁਰੱਖਿਆ ਖ਼ਤਮ ਕਰ ਦਿੱਤੀ ਗਈ ਹੈ। ਫੈਕਟਰੀ ਮੁਲਾਜ਼ਮ, ਆਂਗਨਵਾੜੀ ਕਿਰਤੀ, ਈਟੀਟੀ ਅਧਿਆਪਕ ਅਤੇ ਹਰ ਵਰਗ ਦੇ ਕਾਮਿਆਂ ਦੀ ਸੰਘੀ ਘੁੱਟਣ ਲਈ ਕੇਂਦਰ ਅਤੇ ਸੂਬਾ ਸਰਕਾਰ ਕੇਂਦਰੀ ਏਜੰਸੀਆਂ ਅਤੇ ਪੁਲਿਸ ਦੇ ਡੰਡੇ ਦੀ ਨਾਜਾਇਜ਼ ਵਰਤੋਂ ਕਰ ਰਹੀ ਹੈ। ਸਮੇਂ ਦੀ ਲੋੜ ਹੈ ਕਿ ਸਰਕਾਰ ਕਿਰਤੀਆਂ ਦੀਆਂ ਮੁਸ਼ਕਲਾਂ ਸੁਣ ਕੇ ਉਸਾਰੂ ਤੇ ਚਿਰਜੀਵੀ ਹੱਲ ਲਭੇ। ਇਸ ਮੌਕੇ ਮੁਜ਼ਾਹਰਾਕਾਰੀਆਂ ਨੇ ਕਿਰਤੀਆਂ ਵਿਰੋਧੀ ਨਵੇਂ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ ਅਤੇ ਦੇਸ਼ ਦੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਇਕਜੁੱਟ ਹੋ ਕੇ ਸਾਂਝੀ ਲੜਨ ਦਾ ਪ੍ਰਣ ਲਿਆ। ਇਸ ਮੌਕੇ ਭੁਪਿੰਦਰ ਸਿੰਘ, ਪ੍ਰੀਤਮ ਸਿੰਘ ਹੁੰਦਲ, ਬਲਵਿੰਦਰ ਸਿੰਘ ਜੜੋਤ, ਗੁਰਦਿਆਲ ਸਿੰਘ, ਅੰਮ੍ਰਿਤ ਲਾਲ, ਸ਼ਿੰਗਾਰਾ ਸਿੰਘ, ਦਿਲਬਾਗ ਸਿੰਘ, ਰਜੀਵ ਕੁਮਾਰ, ਗੁਰਮੀਤ ਸਿੰਘ, ਦਰਸ਼ਨ ਸਿੰਘ ਬਾਗੜੀ, ਕੇਹਰ ਸਿੰਘ, ਰਮੇਸ਼ ਕੁਮਾਰ ਅਤੇ ਅਸ਼ੋਕ ਕੁਮਾਰ ਸਮੇਤ ਲਗਭਗ 30 ਇਕਾਈਆਂ ਦੇ ਸਾਥੀ ਸ਼ਾਮਲ ਹੋਏ। ਅਖੀਰ ਵਿਚ ਪ੍ਰੀਤਮ ਸਿੰਘ ਹੁੰਦਲ ਨੇ ਸਾਰਿਆਂ ਦਾ ਧੰਨਵਾਦ ਕੀਤਾ।