- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਲਈ ਵਾਕ ਦਾ ਆਯੋਜਨ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਇੰਡਸ ਹਸਪਤਾਲਜ਼ ਵੱਲੋਂ ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਸੁਖਨਾ ਝੀਲ ਵਿਖੇ ‘ਪਿੰਕ ਮਾਈਲ’ ਵਾਕ ਦਾ ਆਯੋਜਨ ਕੀਤਾ ਗਿਆ। ਇਸ ਪਹਿਲ ਰਾਹੀਂ ਮਹਿਲਾਵਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ, ਸਮੇਂ ਸਿਰ ਜਾਂਚ ਕਰਵਾਉਣ ਅਤੇ ਕਿਸੇ ਵੀ ਅਸਧਾਰਨ ਤਬਦੀਲੀ ਦੀ ਸੂਰਤ ’ਚ ਡਾਕਟਰੀ ਸਲਾਹ ਲੈਣ ਦਾ ਸੰਦੇਸ਼ ਦਿੱਤਾ ਗਿਆ। ਇਸ ਜਾਗਰੂਕਤਾ ਵਾਕ ਵਿਚ ਹਸਪਤਾਲ ਦੀ ਲੀਡਰਸ਼ਿਪ ਟੀਮ, ਡਾਕਟਰਾਂ ਅਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਵਾਕ ਨੂੰ ਇੰਡਸ ਹਸਪਤਾਲਜ਼ ਦੀ ਡਾਇਰੈਕਟਰ ਡਾ. ਵੰਦਨਾ ਸ਼ਰਮਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦਾ ਆਯੋਜਨ ਹਸਪਤਾਲ ਦੀ ਮਨੋਵਿਗਿਆਨੀ ਸ਼੍ਰੀਮਤੀ ਸਰਣਿਤ ਚੋਪੜਾ ਵੱਲੋਂ ਕੀਤਾ ਗਿਆ। ਇਸ ਮੌਕੇ ਔਂਕੋਲੋਜਿਸਟ ਡਾ. (ਕਰਨਲ) ਜੀਐੱਸ ਚੌਧਰੀ ਅਤੇ ਡਾ. ਕਮਲਪ੍ਰੀਤ ਗਰੇਵਾਲ ਨੇ ਛਾਤੀ ਦੇ ਕੈਂਸਰ ਦੀ ਸਮੇਂ ਸਿਰ ਪਛਾਣ ਅਤੇ ਉਚਿਤ ਡਾਕਟਰੀ ਸਲਾਹ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਲੱਛਣਾਂ ਜਾਂ ਛਾਤੀ ਵਿਚ ਕਿਸੇ ਵੀ ਅਸਧਾਰਨ ਤਬਦੀਲੀ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਲੋੜ ਪੈਣ ’ਤੇ ਮਾਹਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇੰਡਸ ਹਸਪਤਾਲਜ਼ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਅਤੇ ਸਮਾਜ ਵਿਚ ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਅਤੇ ਮਹਿਲਾਵਾਂ ਨੂੰ ਸਿਫ਼ਾਰਸ਼ ਕੀਤੀ ਜਾਂਚ ਕਰਵਾਉਣ ਲਈ ਉਤਸ਼ਾਹਤ ਕਰਨ। ਇਹ ਪਹਿਲ ਮਹਿਲਾਵਾਂ ਦੀ ਸਿਹਤ ਸੰਭਾਲ ਅਤੇ ਸਮਾਜਿਕ ਜਾਗਰੂਕਤਾ ਪ੍ਰਤੀ ਹਸਪਤਾਲ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।