ਆਰਐੱਮਸੀ ਪੁਆਇੰਟ ਦੇ ਬਾਹਰ ਹਫ਼ਤਾਵਾਰੀ ਸਬਜ਼ੀ ਮੰਡੀ ਲਾਉਣ ਦਾ ਵਿਰੋਧ, ਤਣਾਅ ਲੋਕ ਰੋਹ: ਆਰਐੱਮਸੀ ਪੁਆਇੰਟ ਦੇ ਬਾਹਰ ਹਫ਼ਤਾਵਾਰੀ ਸਬਜ਼ੀ ਮੰਡੀ ਲਗਾਉਣ ਦਾ ਵਿਰੋਧ, ਤਣਾਅ
Publish Date: Mon, 02 Nov 2026 08:14 PM (IST)
Updated Date: Tue, 03 Nov 2026 04:05 AM (IST)
ਲੀਡ ਸਟੋਰੀ ਪ੍ਰਦਰਸ਼ਨਕਾਰੀਆਂ ਨੇ ਜ਼ਮੀਨ ’ਤੇ ਲਾਇਆ ਸ਼ਹੀਦ ਭਗਤ ਸਿੰਘ ਗਰੀਨ ਬੈਲਟ ਦਾ ਬੋਰਡ ਸੜਕ ਕਿਨਾਰੇ ਫੁੱਟਪਾਥ ’ਤੇ ਹਫ਼ਤਾਵਾਰੀ ਸਬਜ਼ੀ ਮੰਡੀ ਲਾ ਕੇ ਬੈਠੇ ਦੁਕਾਨਦਾਰ ਪੀਟੀਐੱਲ ਚੌਕ ਤੋਂ ਪੁਰਾਣਾ ਅਮਰਟੈਕਸ ਲਾਲ ਬੱਤੀ ਚੌਕ ਤੱਕ ਸੜਕ ’ਤੇ ਲੱਗਾ ਜਾਮ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਸਨਅਤੀ ਏਰੀਆ ਫੇਜ਼-5 ਸਥਿਤ ਪੀਟੀਐੱਲ ਨੇੜੇ ਆਰਐੱਮਸੀ ਪੁਆਇੰਟ ਦੇ ਬਾਹਰ ਖਾਲੀ ਜ਼ਮੀਨ ’ਤੇ ਹਫ਼ਤਾਵਾਰ ਸਬਜ਼ੀ ਮੰਡੀ ਲਾਉਣ ਦਾ ਸਥਾਨਕ ਵਸਨੀਕਾਂ ਵੱਲੋਂ ਜਬਰਦਸ਼ਤ ਵਿਰੋਧ ਕੀਤਾ ਗਿਆ। ਵਿਰੋਧ ਕਰ ਰਹੇ ਲੋਕਾਂ ਨੇ ਸਪੱਸ਼ਟ ਸ਼ਬਦਾਂ ’ਚ ਆਖਿਆ ਕਿ ਹੁਣ ਉਹ ਇੱਥੇ ਕਿਸੇ ਵੀ ਕੀਮਤ ’ਤੇ ਕਿਸਾਨ ਮੰਡੀ ਜਾਂ ਸਬਜ਼ੀ ਮੰਡੀ ਨਹੀਂ ਲੱਗਣ ਦੇਣਗੇ। ਇਸ ਤੋਂ ਪਹਿਲਾਂ ਇਸ ਜਗ੍ਹਾ ’ਤੇ ਸ਼ਹਿਰ ਦੀ ਗੰਦਗੀ ਤੇ ਹੋਰ ਕੂੜਾ ਕਰਕਟ ਵਗੈਰਾ ਸੁੱਟਿਆ ਜਾ ਰਿਹਾ ਸੀ ਤੇ ਵਾਰ-ਵਾਰ ਕੂੜੇ ਨੂੰ ਅੱਗ ਲੱਗਣ ਕਾਰਨ ਉੱਠਦੇ ਜ਼ਹਿਰੀਲੇ ਧੂੰਏਂ ਸ਼ਹਿਰ ਵਾਸੀ ਕਾਫ਼ੀ ਔਖੇ ਸਨ। ਇਸ ਵਿਰੋਧ ਦੇ ਚੱਲਦਿਆਂ ਸੋਮਵਾਰ ਨੂੰ ਅਕਾਲੀ ਦਲ ਦੀ ਕੌਂਸਲਰ ਕੁਲਦੀਪ ਕੌਰ ਕੰਗ, ਗਮਾਡਾ ਦੇ ਸੇਵਾਮੁਕਤ ਐਕਸੀਅਨ ਐੱਨਐੱਸ ਕਲਸੀ, ਭਾਜਪਾ ਕਾਰਕੁੰਨ ਵਿਵੇਕ ਕ੍ਰਿਸ਼ਨ ਜ਼ੋਸੀ ਤੇ ਹੋਰਨਾਂ ਵਿਅਕਤੀਆਂ ਨੇ ਇਸ ਜਗ੍ਹਾ ’ਤੇ ‘ਸ਼ਹੀਦ ਭਗਤ ਸਿੰਘ ਗਰੀਨ ਬੈਲਟ’ ਦਾ ਬੋਰਡ ਲਾ ਦਿੱਤਾ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਥਾਂ ਨੂੰ ਹਰਿਆਵਲ ਭਰਪੂਰ ਪਾਰਕ ਵਜੋਂ ਵਿਕਸਤ ਕੀਤਾ ਜਾਵੇ। ਵਿਰੋਧ ਕਰਨ ਵਾਲੇ ਲੋਕਾਂ ਨੇ ਸੂਬਾ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਇਸ ਜਗ੍ਹਾ ’ਤੇ ਹਫ਼ਤੇ ’ਚ 2 ਦਿਨ ਸੋਮਵਾਰ ਤੇ ਸ਼ੁੱਕਰਵਾਰ ਨੂੰ ਸਬਜ਼ੀ ਮੰਡੀ ਲੱਗਦੀ ਹੈ ਤੇ ਅੱਜ ਜਿਵੇਂ ਹੀ ਕੁੱਝ ਲੋਕ ਸਬਜ਼ੀ ਮੰਡੀ ਲਈ ਆਪਣੀਆਂ ਦੁਕਾਨਾਂ ਸਜਾਉਣ ਲੱਗੇ ਤਾਂ ਵਿਰੋਧ ਸ਼ੁਰੂ ਹੋ ਗਿਆ ਤੇ ਕਾਫ਼ੀ ਤਣਾਅ ਵਧ ਗਿਆ। ਲੋਕਾਂ ਦੇ ਭਾਰੀ ਵਿਰੋਧ ਨੂੰ ਦੇਖਦਿਆਂ ਛੋਟੇ ਵਪਾਰੀਆਂ (ਦੁਕਾਨਦਾਰਾਂ) ਤੇ ਫੜ੍ਹੇ ਵਾਲਿਆਂ ਨੇ ਮੁੱਖ ਸੜਕ ਦੇ ਕਿਨਾਰੇ ਤੇ ਫੁੱਟਪਾਥਾਂ ’ਤੇ ਹੀ ਆਪਣੀਆਂ ਦੁਕਾਨਾਂ ਸਜਾ ਲਈਆਂ। ਇਸ ਕਾਰਨ ਆਵਾਜਾਈ ’ਚ ਕਾਫ਼ੀ ਵਿਘਨ ਪਿਆ, ਜਿਸ ਕਾਰਨ ਜਾਮ ਵਰਗੀ ਸਥਿਤੀ ਪੈਦਾ ਹੋ ਗਈ ਤੇ ਪੈਦਲ ਰਾਹਗੀਰਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫੇਜ਼-5 ਦੀ ਮਾਰਕੀਟ ’ਚ ਪਹਿਲਾਂ ਹੀ ਪਾਰਕਿੰਗ ਦੀ ਸਮੱਸਿਆ ਬੇਹੱਦ ਗੰਭੀਰ ਬਣੀ ਹੋਈ ਹੈ। ਸਬਜ਼ੀ ਮੰਡੀ ਵਾਲੇ ਦਿਨ ਮਾਰਕੀਟ ਦੀ ਪਾਰਕਿੰਗ ਗੱਡੀਆਂ ਨਾਲ ਨੱਕੋ-ਨੱਕ ਭਰ ਜਾਂਦੀ ਹੈ। ਇਸ ਕਾਰਨ ਥਾਂ ਨਾ ਮਿਲਣ ਕਰ ਕੇ ਲੋਕਾਂ ਨੇ ਆਪਣੇ ਵਾਹਨ ਸੜਕਾਂ ਦੇ ਕਿਨਾਰੇ ਹੀ ਖੜ੍ਹੇ ਕਰ ਦਿੱਤੇ। ਸੜਕਾਂ ’ਤੇ ਬੇਤਰਤੀਬੇ ਖੜ੍ਹੇ ਵਾਹਨਾਂ ਤੇ ਫੁੱਟਪਾਥਾਂ ’ਤੇ ਲੱਗੀ ਮੰਡੀ ਕਾਰਨ ਪੂਰੇ ਇਲਾਕੇ ’ਚ ਦੇਰ ਰਾਤ ਤੱਕ ਜਾਮ ਦੀ ਸਥਿਤੀ ਬਣੀ ਰਹੀ। ਬਾਕਸ : ਗੰਦਗੀ, ਸ਼ੋਰ-ਸ਼ਰਾਬਾ ਤੇ ਟ੍ਰੈਫ਼ਿਕ ਦੀ ਵੱਡੀ ਸਮੱਸਿਆ ਅਕਾਲੀ ਕੌਂਸਲਰ ਕੁਲਦੀਪ ਕੌਰ ਕੰਗ, ਸੇਵਾਮੁਕਤ ਐਕਸੀਅਨ ਐੱਨਐੱਸ ਕਲਸੀ, ਵਿਵੇਕ ਕ੍ਰਿਸ਼ਨ ਜ਼ੋਸੀ ਤੇ ਹੋਰਨਾਂ ਲੋਕਾਂ ਦਾ ਕਹਿਣਾ ਹੈ ਕਿ ਸਬਜ਼ੀ ਮੰਡੀ ਕਾਰਨ ਇਲਾਕੇ ’ਚ ਗੰਦਗੀ, ਸ਼ੋਰ-ਸ਼ਰਾਬਾ ਤੇ ਟ੍ਰੈਫ਼ਿਕ ਦੀ ਵੱਡੀ ਸਮੱਸਿਆ ਪੈਦਾ ਹੁੰਦੀ ਹੈ। ਨਾਲ ਹੀ ਇੱਥੇ ਆਰਐੱਮਸੀ ਪੁਆਇੰਟ ਹੋਣ ਕਾਰਨ ਪ੍ਰਦੂਸ਼ਿਤ ਵਾਤਾਵਰਣ ’ਚ ਸਬਜ਼ੀਆਂ ਵੀ ਖਾਣ ਯੋਗ ਨਹੀਂ ਰਹਿੰਦੀਆਂ। ਉਨ੍ਹਾਂ ਗਮਾਡਾ ਤੇ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਜਗ੍ਹਾ ਨੂੰ ਤੁਰੰਤ ਗਰੀਨ ਬੈਲਟ ’ਚ ਤਬਦੀਲ ਕੀਤਾ ਜਾਵੇ ਤੇ ਇਸ ਦਾ ਨਾਂ ਸ਼ਹੀਦ ਭਗਤ ਸਿੰਘ ਪਾਰਕ ਰੱਖਿਆ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਫੁੱਟਪਾਥਾਂ ਤੇ ਸੜਕ ਕਿਨਾਰੇ ਅਣ-ਅਧਿਕਾਰਤ ਤੌਰ ’ਤੇ ਸਬਜ਼ੀ ਵੇਚਣ ਤੇ ਦੁਕਾਨਾਂ ਸਜਾਉਣ ’ਤੇ ਰੋਕ ਲਾਈ ਜਾਵੇ।