ਇੱਕ ਦਿਨ 'ਚ 9 ਬਿੱਲ ਪਾਸ ਕਰਨ 'ਤੇ ਵਿਰੋਧੀਆਂ ਨੇ ਘੇਰਿਆ, CM ਮਾਨ ਨੇ ਚੰਨੀ ਦੀ ਸਰਕਾਰ ਨੂੰ ਯਾਦ ਕਰਵਾਇਆ ਪੁਰਾਣਾ ਹਿਸਾਬ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਆਖਰੀ ਦਿਨ ਇਕੋ ਦਿਨ ਵਿੱਚ ਨੌਂ ਬਿੱਲ ਪਾਸ ਕੀਤੇ ਜਾਣ ਨੂੰ ਲੈ ਕੇ ਸੱਤਾਧਿਰ ਅਤੇ ਵਿਰੋਧੀ ਧਿਰ ਆਹਮੋ-ਸਾਹਮਣੇ ਆ ਗਏ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ’ਤੇ ਬਿੱਲ ਕਾਹਲੀ ਵਿੱਚ ਪਾਸ ਕਰਵਾਉਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਨੌਂ ਬਿੱਲਾਂ ਵਿੱਚੋਂ ਤਿੰਨ ਤਾਂ ਉਸੇ ਸਵੇਰ ਸਦਨ ਵਿੱਚ ਲਿਆਂਦੇ ਗਏ। ਵਿਧਾਇਕਾਂ ਨੂੰ ਬਿੱਲ ਪੜ੍ਹਨ ਅਤੇ ਅਰਥਪੂਰਨ ਚਰਚਾ ਲਈ ਘੱਟੋ-ਘੱਟ ਤਿੰਨ ਦਿਨ ਦਾ ਸਮਾਂ ਮਿਲਣਾ ਚਾਹੀਦਾ ਸੀ। ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਵੀ ਇਕੋ ਦਿਨ ਵਿੱਚ ਨੌਂ ਬਿੱਲ ਪੇਸ਼ ਕੀਤੇ ਜਾਣ ’ਤੇ ਇਤਰਾਜ਼ ਜਤਾਇਆ।
Publish Date: Tue, 11 Aug 2026 09:24 AM (IST)
Updated Date: Tue, 11 Aug 2026 09:25 AM (IST)
ਰੋਹਿਤ ਕੁਮਾਰ, ਜਾਗਰਣ, ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਆਖਰੀ ਦਿਨ ਇਕੋ ਦਿਨ ਵਿੱਚ ਨੌਂ ਬਿੱਲ ਪਾਸ ਕੀਤੇ ਜਾਣ ਨੂੰ ਲੈ ਕੇ ਸੱਤਾਧਿਰ ਅਤੇ ਵਿਰੋਧੀ ਧਿਰ ਆਹਮੋ-ਸਾਹਮਣੇ ਆ ਗਏ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ’ਤੇ ਬਿੱਲ ਕਾਹਲੀ ਵਿੱਚ ਪਾਸ ਕਰਵਾਉਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਨੌਂ ਬਿੱਲਾਂ ਵਿੱਚੋਂ ਤਿੰਨ ਤਾਂ ਉਸੇ ਸਵੇਰ ਸਦਨ ਵਿੱਚ ਲਿਆਂਦੇ ਗਏ। ਵਿਧਾਇਕਾਂ ਨੂੰ ਬਿੱਲ ਪੜ੍ਹਨ ਅਤੇ ਅਰਥਪੂਰਨ ਚਰਚਾ ਲਈ ਘੱਟੋ-ਘੱਟ ਤਿੰਨ ਦਿਨ ਦਾ ਸਮਾਂ ਮਿਲਣਾ ਚਾਹੀਦਾ ਸੀ। ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਵੀ ਇਕੋ ਦਿਨ ਵਿੱਚ ਨੌਂ ਬਿੱਲ ਪੇਸ਼ ਕੀਤੇ ਜਾਣ ’ਤੇ ਇਤਰਾਜ਼ ਜਤਾਇਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਦੋਸ਼ਾਂ ’ਤੇ ਪਲਟਵਾਰ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ 111 ਦਿਨ ਦੇ ਕਾਰਜਕਾਲ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਚੰਨੀ 111 ਦਿਨ ਸਰਕਾਰ ਵਿੱਚ ਰਹੇ ਸਨ, ਵਿਰੋਧੀ ਧਿਰ ਇਹ ਵੀ ਦੱਸੇ ਕਿ ਉਸ ਸਮੇਂ ਦੌਰਾਨ ਕਿੰਨੇ ਬਿੱਲ ਲਿਆਂਦੇ ਗਏ ਸਨ। ਮਾਨ ਨੇ ਕਿਹਾ ਕਿ ਸਰਕਾਰ ਦੇ ਕਰੀਬ ਸਾਢੇ ਚਾਰ ਸਾਲ ਲੰਘ ਚੁੱਕੇ ਹਨ ਅਤੇ ਹੁਣ ਕੰਮ ਕਰਨ ਲਈ ਸਮਾਂ ਸੀਮਤ ਹੈ। ਉਨ੍ਹਾਂ ਵਿਰੋਧੀ ਧਿਰ ਨੂੰ ਸਰਕਾਰ ਦੇ ਚੰਗੇ ਕੰਮਾਂ ਦੀ ਸ਼ਲਾਘਾ ਕਰਨ ਦੀ ਅਪੀਲ ਵੀ ਕੀਤੀ।
ਸਪੀਕਰ ਨੇ ਦਿੱਤੀ ਬਿੱਲਾਂ ਦੀ ਤਾਰੀਖਵਾਰ ਜਾਣਕਾਰੀ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਵਿਰੋਧੀ ਧਿਰ ਦੇ ਇਤਰਾਜ਼ ਦਾ ਜਵਾਬ ਦਿੰਦਿਆਂ ਸਦਨ ਵਿੱਚ ਬਿੱਲਾਂ ਦੀ ਤਾਰੀਖਵਾਰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਇਸ ਤਰ੍ਹਾਂ ਦੇ ਇਤਰਾਜ਼ ਉਠਾ ਕੇ ਚਰਚਾ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਹੈ।
ਨਿੱਜੀ ਸਕੂਲਾਂ ਦੀ ਫੀਸ ਵਧਾਉਣ ’ਤੇ ਪੰਜ ਫ਼ੀਸਦੀ ਹੱਦ ਨਿੱਜੀ ਸਕੂਲਾਂ ਦੀ ਫੀਸ ਨੂੰ ਨਿਯਮਤ ਕਰਨ ਵਾਲੇ ਬਿੱਲ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਸਭ ਤੋਂ ਵੱਡੀ ਪੂੰਜੀ ਹੈ। ਜ਼ਮੀਨ, ਪਲਾਟ, ਦੁਕਾਨ ਅਤੇ ਪੈਸਾ ਚੋਰੀ ਹੋ ਸਕਦਾ ਹੈ ਪਰ ਪੜ੍ਹਾਈ ਚੋਰੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਨਿੱਜੀ ਸਕੂਲਾਂ ਵੱਲੋਂ ਸਾਲਾਨਾ ਫੀਸ ਵਿੱਚ ਵਾਧੇ ਦੀ ਹੱਦ ਪੰਜ ਫ਼ੀਸਦੀ ਕੀਤੀ ਗਈ ਹੈ।
ਮਾਨ ਨੇ ਕਿਹਾ ਕਿ ਜਿਨ੍ਹਾਂ ਸਕੂਲਾਂ ਨੇ ਤਿੰਨ ਸਾਲਾਂ ਵਿੱਚ 15 ਫ਼ੀਸਦੀ ਤੋਂ ਵੱਧ ਫੀਸ ਵਧਾਈ ਹੈ, ਉਨ੍ਹਾਂ ਦਾ ਫੋਰੈਂਸਿਕ ਆਡਿਟ ਕਰਵਾਇਆ ਜਾਵੇਗਾ। ਨਿਯਮਾਂ ਮੁਤਾਬਕ ਵਾਧੂ ਵਸੂਲੀ ਗਈ ਰਕਮ ਮਾਪਿਆਂ ਨੂੰ ਵਾਪਸ ਕਰਨੀ ਪਵੇਗੀ। ਉਨ੍ਹਾਂ ਵਰਦੀ, ਫੀਸ ਦੀਆਂ ਕਿਸ਼ਤਾਂ ਅਤੇ ਹੋਰ ਫੀਸਾਂ ਦੇ ਨਾਂ ’ਤੇ ਮਨਮਾਨੀ ਵਸੂਲੀ ਰੋਕਣ ਦੀ ਗੱਲ ਵੀ ਕਹੀ।
ਕਾਂਗਰਸ ਸਰਕਾਰ ਦੀ ਵਜ਼ੀਫ਼ਾ ਪ੍ਰਣਾਲੀ ’ਤੇ ਵੀ ਨਿਸ਼ਾਨਾ
ਮੁੱਖ ਮੰਤਰੀ ਨੇ ਕਾਂਗਰਸ ਸਰਕਾਰ ਦੇ ਸਮੇਂ ਪ੍ਰੀ-ਮੈਟ੍ਰਿਕ ਅਤੇ ਪੋਸਟ-ਮੈਟ੍ਰਿਕ ਵਜ਼ੀਫ਼ਿਆਂ ਵਿੱਚ ਕਥਿਤ ਗੜਬੜ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸ ਦਾ ਖ਼ਮਿਆਜ਼ਾ ਵਿਦਿਆਰਥੀਆਂ ਨੂੰ ਭੁਗਤਣਾ ਪਿਆ। ਉਨ੍ਹਾਂ ਕਿਹਾ ਕਿ ਕਈ ਮਾਮਲਿਆਂ ਵਿੱਚ ਵਿਦਿਆਰਥੀਆਂ ਦੀਆਂ ਡੀਐੱਮਸੀ ਰੋਕਣ ਅਤੇ ਫੀਸ ਲਈ ਦਬਾਅ ਬਣਾਉਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ।
ਕਰੋਨਾ ਦੌਰਾਨ ਫੀਸ ਵਸੂਲੀ ਦਾ ਦੋਸ਼
ਮਾਨ ਨੇ ਦੋਸ਼ ਲਾਇਆ ਕਿ ਕਰੋਨਾ ਦੌਰਾਨ ਸਕੂਲ ਅਤੇ ਸਕੂਲੀ ਬੱਸਾਂ ਬੰਦ ਹੋਣ ਦੇ ਬਾਵਜੂਦ ਮਾਪਿਆਂ ਤੋਂ ਫੀਸ ਵਸੂਲੀ ਗਈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਸਿਰਫ਼ ਭੁਗਤਾਨ ਕਰਨ ਵਾਲੇ ‘ਗਾਹਕ’ ਵਜੋਂ ਨਹੀਂ ਦੇਖਿਆ ਜਾ ਸਕਦਾ। ਸਰਕਾਰ ਦਾ ਮਕਸਦ ਸਕੂਲਾਂ ਨੂੰ ਪ੍ਰੇਸ਼ਾਨ ਕਰਨਾ ਨਹੀਂ, ਸਗੋਂ ਬੱਚਿਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ।
ਸਰਕਾਰੀ ਸਕੂਲਾਂ ਵਿੱਚ ਬਦਲਾਅ ਦਾ ਦਾਅਵਾ
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸਰਕਾਰੀ ਸਕੂਲਾਂ ਨੂੰ ਗ਼ਰੀਬਾਂ ਦੇ ਸਕੂਲ ਵਜੋਂ ਦੇਖਿਆ ਜਾਂਦਾ ਸੀ ਅਤੇ ਅਮੀਰ ਤੇ ਗ਼ਰੀਬ ਬੱਚਿਆਂ ਦੀ ਸਿੱਖਿਆ ਵਿੱਚ ਵੱਡਾ ਫ਼ਰਕ ਸੀ। ਉਨ੍ਹਾਂ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੱਖਿਆ ਪ੍ਰਣਾਲੀ ਵਿੱਚ ਆਏ ਬਦਲਾਅ ਦੀ ਚਰਚਾ ਵਿਦੇਸ਼ਾਂ ਤੱਕ ਹੋਈ ਹੈ। ਉਨ੍ਹਾਂ ਪੰਜਾਬ ਦੇ 882 ਬੱਚਿਆਂ ਵੱਲੋਂ ਇਸ ਵਾਰ ਨੀਟ ਪਾਸ ਕਰਨ ਨੂੰ ਵੀ ਸਰਕਾਰੀ ਸਕੂਲਾਂ ਦੀ ਪ੍ਰਾਪਤੀ ਦੱਸਿਆ।