ਖੁੱਲ੍ਹੇ ਪਏ ਸੀਵਰੇਜ ਦੇ ਮੇਨਹੋਲ ਬਣ ਸਕਦੇ ਨੇ ਜਾਨ ਦਾ ਖੌਅ ਸ਼ਹਿਰ ਵਿਚ ਕਈ ਥਾਂ ਖੁੱਲ੍ਹੇ ਪਏ ਸੀਵਰੇਜ ਦੇ ਮੇਨਹੋਲ ਬਣ ਸਕਦੇ ਹਨ ਜਾਨ ਦਾ ਖੌਅ
Publish Date: Sun, 23 Aug 2026 08:39 PM (IST)
Updated Date: Mon, 24 Aug 2026 04:07 AM (IST)
ਫੋਟੋ ਕੈਪਸ਼ਨ : ਪਿੰਡ ਖਾਨਪੁਰ-ਰੰਧਾਵਾ ਰੋਡ ’ਤੇ ਬੱਸ ਸਟੈਂਡ ਨਜ਼ਦੀਕ ਖੁੱਲ੍ਹਾ ਮੇਨਹੋਲ। 28ਪੀ ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਖਰੜ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਖੁੱਲ੍ਹੇ ਪਏ ਸੀਵਰੇਜ ਦੇ ਮੇਨਹੋਲ ਲੋਕਾਂ ਲਈ ਜਾਨ ਦਾ ਖੌਅ ਬਣੇ ਹੋਏ ਹਨ। ਖਰੜ ਸ਼ਹਿਰ ਦੇ ਪਿੰਡ ਖਾਨਪੁਰ, ਮੇਨ ਬੱਸ ਸਟੈਂਡ ਖਰੜ, ਰਣਜੀਤ ਕਾਲੋਨੀ ਤੇ ਰੰਧਾਵਾ ਰੋਡ ’ਤੇ ਇਨ੍ਹਾਂ ਖੁੱਲ੍ਹੇ ਪਏ ਸੀਵਰੇਜ ਦੇ ਮੇਨਹੋਲਾਂ ਬਾਰੇ ਦੱਸਦਿਆਂ ਸਨੀ ਕੁਮਾਰ, ਗੁਰਮੀਤ ਸਿੰਘ, ਮਲਕੀਤ ਸਿੰਘ ਮੱਲ, ਸੁਸ਼ੀਲ ਕੁਮਾਰ ਸ਼ੀਲਾ, ਗੁਰਪ੍ਰੀਤ ਸਿੰਘ, ਪਰਮਿੰਦਰ ਕੌਰ, ਰਮਨਦੀਪ ਕੌਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲਿਆਂ ਵਿਚ ਡੂੰਘੇ ਸੀਵਰੇਜ ਦੇ ਮੇਨਹੋਲਾਂ ਦੇ ਢੱਕਣ ਪਿਛਲੇ ਕਈ ਦਿਨਾਂ ਤੋਂ ਗਾਇਬ ਹਨ, ਜਿਨਾਂ ਵਿਚ ਉਨ੍ਹਾਂ ਵੱਲੋਂ ਹੀ ਕੋਈ ਡੰਡਾ ਜਾਂ ਝਾੜੀ ਨੁਮਾ ਦਰੱਖਤ ਰੱਖ ਕੇ ਲੋਕਾਂ ਨੂੰ ਵਿਚ ਡਿੱਗਣ ਤੋਂ ਸੁਚੇਤ ਕੀਤਾ ਹੋਇਆ ਹੈ। ਉਨ੍ਹਾਂ ਵੱਲੋਂ ਇਸ ਸਬੰਧੀ ਨਗਰ ਕੌਂਸਲ ਨੂੰ ਵੀ ਸੂਚਿਤ ਕੀਤਾ ਗਿਆ ਹੈ ਪਰ ਕਿਸੇ ਵੱਲੋਂ ਹੁਣ ਤੱਕ ਇਹ ਢੱਕਣ ਰੱਖੇ ਨਹੀਂ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮੁਹੱਲਿਆਂ ਵਿਚ ਛੋਟੇ ਬੱਚੇ ਆਮ ਗਲੀਆਂ ਵਿਚ ਖੇਡਦੇ ਫਿਰਦੇ ਹਨ, ਜਿਨ੍ਹਾਂ ਨਾਲ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਨਾਂ ਮੇਨਹੋਲਾਂ ਦੇ ਢੱਕਣ ਨਾ ਹੋਣ ਕਾਰਨ ਰਾਤ ਸਮੇਂ ਇਨ੍ਹਾਂ ਰਸਤਿਆਂ ਤੋਂ ਲੰਘਦੇ ਰਾਹਗੀਰਾਂ ਲਈ ਇਹ ਖੁੱਲ੍ਹੇ ਮੇਨਹੋਲ ਖ਼ਤਰਨਾਕ ਸਾਬਤ ਹੋ ਸਕਦੇ ਹਨ। ਉਥੇ ਹੀ ਕਿਸੇ ਸਮੇਂ ਕੋਈ ਵੱਡਾ ਹਾਦਸਾ ਪੇਸ਼ ਆ ਸਕਦਾ ਹੈ। ਉਨ੍ਹਾਂ ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਖੁੱਲ੍ਹੇ ਪਏ ਅਜਿਹੇ ਮੇਨਹੋਲਾਂ ਦੇ ਢੱਕਣ ਰੱਖੇ ਜਾਣ ਅਤੇ ਅੱਗੇ ਨੂੰ ਸ਼ਹਿਰ ਵਿਚ ਖੁੱਲ੍ਹੇ ਪਏ ਮੇਨਹੋਲਾਂ ਦਾ ਧਿਆਨ ਰੱਖਿਆ ਜਾਵੇ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨਾਲ ਸੰਪਰਕ ਕਰਨ ਦੀ ਵਾਰ ਵਾਰ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।