- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੰਡੀਗੜ੍ਹ ਮਾਰਕਾ 54 ਬੋਤਲਾਂ ਸ਼ਰਾਬ ਸਮੇਤ ਇਕ ਕਾਬੂ

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਆਬਕਾਰੀ ਵਿਭਾਗ ਨੇ ਗ਼ੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਬੁੱਧਵਾਰ ਨੂੰ ਲਾਂਡਰਾਂ-ਖਰੜ ਰੋਡ ’ਤੇ ਵੱਡੀ ਕਾਰਵਾਈ ਕਰਦਿਆਂ ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ 54 ਬੋਤਲਾਂ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲਾਂਡਰਾਂ ਵਾਲੇ ਪਾਸਿਓਂ ਇੱਕ ਸ਼ੱਕੀ ਕਾਰ ਆ ਰਹੀ ਹੈ। ਸੂਚਨਾ ਦੇ ਆਧਾਰ ’ਤੇ ਸੈਕਟਰ-116 ਨੇੜੇ ਨਾਕੇਬੰਦੀ ਦੌਰਾਨ ਹਰਿਆਣਾ ਨੰਬਰ ਦੀ ਚਿੱਟੇ ਰੰਗ ਦੀ ਮਾਰੂਤੀ ਐੱਸ.ਐਕਸ-4 ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ। ਅਧਿਕਾਰੀਆਂ ਅਨੁਸਾਰ ਕਾਰ ਦੀ ਤਲਾਸ਼ੀ ਦੌਰਾਨ ਉਸ ਵਿੱਚੋਂ ਵਿਸਕੀ ਦੀਆਂ 54 ਬੋਤਲਾਂ ਬਰਾਮਦ ਹੋਈਆਂ, ਜੋ ਕਿ ਸਿਰਫ਼ ਚੰਡੀਗੜ੍ਹ ਵਿਚ ਵਿਕਰੀ ਲਈ ਨਿਰਧਾਰਿਤ ਸਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਬਰਾਮਦ ਕੀਤੀ ਗਈ ਸ਼ਰਾਬ ’ਤੇ ਕੋਈ ਹੋਲੋਗ੍ਰਾਮ ਜਾਂ ਕਿਊਆਰ ਕੋਡ ਨਹੀਂ ਲੱਗਿਆ ਹੋਇਆ ਸੀ। ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤੇ ਗਏ ਕਾਰ ਚਾਲਕ ਦੀ ਪਛਾਣ ਦਿਨੇਸ਼ ਕੁਮਾਰ ਸ਼ਰਮਾ ਵਾਸੀ ਸੈਕਟਰ-20ਸੀ ਚੰਡੀਗੜ੍ਹ ਵਜੋਂ ਹੋਈ ਦੱਸੀ ਗਈ ਹੈ। ਇਹ ਕਾਰਵਾਈ ਡਿਪਟੀ ਕਮਿਸ਼ਨਰ (ਆਬਕਾਰੀ) ਪਟਿਆਲਾ ਖੁਸ਼ਦਿਲ ਸਿੰਘ ਦੀ ਅਗਵਾਈ, ਸਹਾਇਕ ਕਮਿਸ਼ਨਰ (ਆਬਕਾਰੀ) ਰੋਪੜ ਰੇਂਜ ਅਸ਼ੋਕ ਚਾਵਲਾ ਅਤੇ ਆਬਕਾਰੀ ਅਧਿਕਾਰੀ ਮੁਹਾਲੀ ਦੀਵਾਨ ਚੰਦ ਸ਼ਰਮਾ ਦੀ ਨਿਗਰਾਨੀ ਹੇਠ ਅੰਜਾਮ ਦਿੱਤੀ ਗਈ। ਇਸ ਟੀਮ ਵਿਚ ਆਬਕਾਰੀ ਇੰਸਪੈਕਟਰ ਗੁਰਿੰਦਰ ਪਾਲ (ਡੇਰਾਬੱਸੀ), ਅਸ਼ੋਕ ਕੁਮਾਰ ਖਰੜ ਸਰਕਲ ਸਮੇਤ ਹੋਰ ਮੁਲਾਜ਼ਮ ਸ਼ਾਮਲ ਸਨ। ਆਬਕਾਰੀ ਵਿਭਾਗ ਅਨੁਸਾਰ ਮੁਲਜ਼ਮ ਖ਼ਿਲਾਫ਼ ਪੰਜਾਬ ਆਬਕਾਰੀ ਐਕਟ, 1914 ਦੀਆਂ ਧਾਰਾਵਾਂ 61(1)(14) ਅਤੇ 78(2) ਤਹਿਤ ਥਾਣਾ ਬਲੌਂਗੀ ਵਿਖੇ ਐੱਫਆਈਆਰ ਦਰਜ ਕਰਨ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ।