ਨਾਨ-ਟੀਚਿੰਗ ਮੁਲਾਜ਼ਮਾਂ ਦੀ ਭੁੱਖ ਹੜਤਾਲ ਜਾਰੀ, ਲੜੀਵਾਰ ਧਰਨਾ 51ਵੇਂ ਦਿਨ ’ਚ ਦਾਖ਼ਲ ਨਾਨ-ਟੀਚਿੰਗ ਮੁਲਾਜ਼ਮਾਂ ਦੀ ਭੁੱਖ-ਹੜਤਾਲ ਜਾਰੀ, ਲੜੀਵਾਰ ਧਰਨਾ 51ਵੇਂ ਦਿਨ ’ਚ ਦਾਖ਼ਲ
Publish Date: Wed, 21 Oct 2026 08:25 PM (IST)
Updated Date: Wed, 21 Oct 2026 08:27 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ) ਦੇ ਮੁਹਾਲੀ ਕੈਂਪਸ ਵਿਖੇ ਨਾਨ-ਟੀਚਿੰਗ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਬੀਤੀ 5 ਅਕਤੂਬਰ ਤੋਂ ਭੁੱਖ ਹੜਤਾਲ ’ਤੇ ਬੈਠੇ ਹਨ ਜਦੋਂਕਿ ਲੜੀਵਾਰ ਧਰਨਾ ਬੁੱਧਵਾਰ ਨੂੰ 51ਵੇਂ ਦਿਨ ’ਚ ਦਾਖ਼ਲ ਹੋ ਗਿਆ। ਇਸ ਦੌਰਾਨ ਧਰਨਾਕਾਰੀ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਅਤੇ ਨਾਈਪਰ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ ਕੀਤੀ। ਅੰਦੋਲਨਕਾਰੀ ਕਰਮਚਾਰੀਆਂ ਨੇ ਦੱਸਿਆ ਕਿ ਹੜਤਾਲ ਦੌਰਾਨ ਰੋਜ਼ਾਨਾ ਪੰਜ ਮੁਲਾਜ਼ਮ ਭੁੱਖ-ਹੜਤਾਲ ’ਤੇ ਬੈਠਦੇ ਹਨ, ਜਦਕਿ ਬਾਕੀ ਸਮੁੱਚਾ ਸਟਾਫ਼ ਅੰਦੋਲਨ ਚਲਾ ਰਿਹਾ ਹੈ। ਮੁਲਾਜ਼ਮਾਂ ਦੀ ਮੁੱਖ ਅਤੇ ਇਕਲੌਤੀ ਮੰਗ ‘ਬੋਰਡ ਆਫ ਗਵਰਨਰਜ਼’ ਵੱਲੋਂ ਮਨਜ਼ੂਰਸ਼ੁਦਾ ‘ਪ੍ਰੋਮੋਸ਼ਨਲ ਪ੍ਰਮੋਸ਼ਨ ਸਕੀਮ’ ਨੂੰ ਬਹਾਲ ਕਰਨਾ ਹੈ, ਜਿਸ ਨੂੰ ਸਾਲ 2020 ਤੋਂ ਮੁਲਤਵੀ ਰੱਖਿਆ ਗਿਆ ਹੈ। ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਅਤੇ ਮੈਨੇਜਮੈਂਟ ਵੱਲੋਂ ਕੋਈ ਵੀ ਸਕਾਰਾਤਮਕ ਹੁੰਗਾਰਾ ਜਾਂ ਹੱਲ ਕਰਨ ਲਈ ਪਹਿਲਕਦਮੀ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਕਰਮਚਾਰੀਆਂ ਦਾ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਪੀੜਤ ਮੁਲਾਜ਼ਮਾਂ ਨੇ ਪੀਪੀਐੱਸ ਦੇ ਨਿਪਟਾਰੇ ਲਈ 9 ਅਕਤੂਬਰ ਨੂੰ ਗਠਿਤ ਕੀਤੀ ਗਈ ਵਿਸ਼ੇਸ਼ ਕਮੇਟੀ ਨੇ ਲੰਬੀ ਚਰਚਾ ਤੋਂ ਬਾਅਦ ਆਪਣੀ ਰਾਏ ਦਿੱਤੀ ਸੀ। ਕਮੇਟੀ ਦਾ ਮੰਨਣਾ ਸੀ ਕਿ ਕਿਉਂਕਿ ਪੀਪੀਐੱਸ, ਬੋਰਡ ਆਫ਼ ਗਵਰਨਰਜ਼ ਵੱਲੋਂ ਪ੍ਰਵਾਨਿਤ ਸਕੀਮ ਹੈ ਅਤੇ ਅਦਾਰੇ ਦੇ ਨਾਨ-ਟੀਚਿੰਗ ਸਟਾਫ਼ ਲਈ ਕੋਈ ਹੋਰ ਪਦ-ਉੱਨਤੀ ਨੀਤੀ ਉਪਲਬਧ ਨਹੀਂ ਹੈ, ਇਸ ਲਈ ਜਦੋਂ ਤੱਕ ਕੋਈ ਨਵੀਂ ਤਰੱਕੀ ਨੀਤੀ ਲਾਗੂ ਨਹੀਂ ਹੁੰਦੀ, ਉਦੋਂ ਤੱਕ ਪੀਪੀਐੱਸ ਨੂੰ ਜਾਰੀ ਰੱਖਣ ਤੇ ਵਿਚਾਰ ਕੀਤਾ ਜਾਵੇ। ਕਮੇਟੀ ਨੇ ਇਹ ਵੀ ਸੁਝਾਅ ਦਿੱਤਾ ਸੀ ਕਿ ਨਾਈਪਰ ਦੇ ਡਾਇਰੈਕਟਰ ਰਾਹੀਂ ਫਾਰਮਾਸਿਊਟੀਕਲ ਵਿਭਾਗ ਦੇ ਸਕੱਤਰ ਨਾਲ ਮੁਲਾਜ਼ਮਾਂ, ਫੈਕਲਟੀ ਅਤੇ ਡਾਇਰੈਕਟਰ ਦੀ ਇਕ ਸਾਂਝੀ ਬੈਠਕ ਲਈ ਸਮਾਂ ਲਿਆ ਜਾਵੇ, ਜਿੱਥੇ ਸਟਾਫ਼ ਆਪਣੀ ਸਮੱਸਿਆ ਬਾਰੇ ਇਕ ਲਘੂ ਪ੍ਰੈਜ਼ੈਂਟੇਸ਼ਨ ਦੇ ਸਕੇ। ਕਮੇਟੀ ਨੇ ਡਾਇਰੈਕਟਰ ਨੂੰ ਤਰਜੀਹੀ ਆਧਾਰ ਤੇ ਸਕੱਤਰ ਨਾਲ ਸਮਾਂ ਤੈਅ ਕਰਨ ਲਈ ਕਿਹਾ ਗਿਆ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਕਰਮਚਾਰੀਆਂ ਨੇ ਐਲਾਨ ਕੀਤਾ ਕਿ ਮੰਗਾਂ ਦੀ ਪੂਰਤੀ ਤੱਕ ਲੜੀਵਾਰ ਧਰਨਾ ਅਤੇ ਭੁੱਖ ਹੜਤਾਲ ਜਾਰੀ ਰਹੇਗੀ ਅਤੇ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਗੁਪਤ ਐਕਸ਼ਨ ਕੀਤੇ ਜਾਣਗੇ।