ਮੋਟਰ ਮਾਰਕੀਟ ’ਚ ਬੂਥ ਤਾਂ ਮਿਲੇ ਨਹੀਂ ਪਰ ਜ਼ਮੀਨ ’ਤੇ ਕੂੜੇ ਦਾ ਕਬਜ਼ਾ ਮੋਟਰ ਮਾਰਕੀਟ ’ਚ ਬੂਥ ਤਾਂ ਮਿਲੇ ਨਹੀਂ ਪਰ ਜ਼ਮੀਨ 'ਤੇ ਕੂੜੇ ਦਾ ਕਬਜ਼ਾ
Publish Date: Thu, 10 Sep 2026 07:51 PM (IST)
Updated Date: Thu, 10 Sep 2026 07:52 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਵਸਨੀਕਾਂ ਨੂੰ ਟ੍ਰੈਫ਼ਿਕ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਪੰਜਾਬ ਸਰਕਾਰ ਸ਼ਹਿਰ ਤੋਂ ਥੋੜ੍ਹਾ ਹਟ ਕੇ ਸੈਕਟਰ-65ਏ ਵਿਖੇ ਮੋਟਰ ਮਾਰਕੀਟ ਲਈ ਗਮਾਡਾ ਤੋਂ ਜ਼ਮੀਨ ਪ੍ਰਾਪਤ ਕੀਤੀ ਸੀ ਅਤੇ 14 ਅਗਸਤ 2025 ਨੂੰ ਵਿਧਾਇਕ ਕੁਲਵੰਤ ਸਿੰਘ ਦੀ ਮੌਜੂਦਗੀ ’ਚ 224 ਦੁਕਾਨਦਾਰਾਂ ਨੂੰ ਐੱਲਓਆਈ ਸੌਂਪੇ ਗਏ ਸਨ। ਇਸ ਨਾਲ ਮੁਹਾਲੀ ਦੇ ਮੋਟਰ ਅਤੇ ਸਕੂਟਰ ਮਕੈਨਿਕਾਂ ਦੀ 40 ਸਾਲ ਪੁਰਾਣੀ ਮੰਗ ਪੂਰੀ ਹੋਣ ਦੀ ਗੱਲ ਕਹੀ ਗਈ ਅਤੇ ਇਹ ਮੁੱਦਾ ਪੰਜਾਬ ਵਿਧਾਨ ਸਭਾ ’ਚ ਵੀ ਗੂੰਜਿਆ ਸੀ। ਲੇਕਿਨ ਹੁਣ ਤੱਕ ਸਰਵੇਖਣ ਰਿਪੋਰਟ ਮੁਤਾਬਕ ਸਬੰਧਤ ਦੁਕਾਨਦਾਰਾਂ ਅਤੇ ਮਕੈਨਿਕਾਂ ਨੂੰ ਅਲਾਟ ਹੋਏ ਬੂਥਾਂ ਦੇ ਕਬਜ਼ੇ ਨਹੀਂ ਦਿੱਤੇ ਗਏ। ਸਰਕਾਰੀ ਅਣਦੇਖੀ ਦੇ ਚੱਲਦਿਆਂ ਹੁਣ ਮੋਟਰ ਮਾਰਕੀਟ ਵਾਲੀ ਸਾਈਟ ਕੂੜੇ ਦੇ ਢੇਰਾਂ ’ਚ ਤਬਦੀਲ ਹੁੰਦੀ ਜਾ ਰਹੀ ਹੈ। ਮੌਜੂਦਾ ਸਮੇਂ ਵਿਚ ਜਿੱਥੇ ਦੁਕਾਨਾਂ ਬਣਨੀਆਂ ਸਨ, ਉੱਥੇ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਨਗਰ ਨਿਗਮ ਵੱਲੋਂ ਸ਼ਹਿਰ ’ਚ ਸਫ਼ਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ ਅਤੇ ਸਮੂਹ ਐਂਟਰੀ ਪੁਆਇੰਟਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ, ਦੂਜੇ ਪਾਸੇ ਮੋਟਰ ਮਾਰਕੀਟ ’ਚ ਰੋਜ਼ਾਨਾ ਗੰਦਗੀ ਫੈਲ ਰਹੀ ਹੈ। ਜਾਣਕਾਰੀ ਮੁਤਾਬਕ, ਸੈਕਟਰ-65ਏ ਨੇੜੇ ਪਿੰਡ ਕੰਬਾਲਾ/ਕੰਬਾਲੀ ਵੱਲ ਮੋਟਰ ਮਾਰਕੀਟ ਵਿਕਸਤ ਕਰਨ ਦੀ ਯੋਜਨਾ ਬਣਾਈ ਗਈ ਸੀ, ਜਿਸ ’ਚ 224 ਦੁਕਾਨਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇਹ ਦੁਕਾਨਾਂ ਉਨ੍ਹਾਂ ਮੋਟਰ ਮੈਕੇਨਿਕਾਂ ਨੂੰ ਪੱਕੀ ਜਗ੍ਹਾ ਮੁਹੱਈਆ ਕਰਵਾਉਣ ਲਈ ਸਨ ਜੋ ਪਿਛਲੇ ਲਗਭਗ ਚਾਰ ਦਹਾਕਿਆਂ ਤੋਂ ਮੁਹਾਲੀ ਪਿੰਡ ਅਤੇ ਫੇਜ਼-7 ਦੀ ਬੂਥ ਮਾਰਕੀਟ ਦੀ ਪਾਰਕਿੰਗ ਅਤੇ ਆਸ-ਪਾਸ ਸੜਕ ਕਿਨਾਰੇ ਅਸਥਾਈ ਤਰਪਾਲਾਂ ਅਤੇ ਟੀਨ ਦੀਆਂ ਛੱਤਾਂ ਹੇਠ ਕੰਮ ਕਰ ਰਹੇ ਹਨ। ਦੁਕਾਨਦਾਰਾਂ ਸਾਹਮਣੇ ਹੁਣ ਦੋਹਰੀ ਪਰੇਸ਼ਾਨੀ ਹੈ, ਇਕ ਪਾਸੇ ਉਹ ਸਾਲਾਂ ਤੋਂ ਸੜਕ ਕਿਨਾਰੇ ਕੰਮ ਕਰਨ ਲਈ ਮਜਬੂਰ ਹਨ, ਉੱਥੇ ਹੀ ਦੂਜੇ ਪਾਸੇ ਜਿਸ ਜ਼ਮੀਨ ਨੂੰ ਨਵੀਂ ਮਾਰਕੀਟ ਲਈ ਨਿਸ਼ਾਨਦੇਹ ਕੀਤਾ ਗਿਆ ਸੀ, ਉੱਥੇ ਕੂੜਾ ਜਮ੍ਹਾਂ ਹੋਣ ਨਾਲ ਪ੍ਰਸ਼ਾਸਨਿਕ ਵਿਵਸਥਾ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਗਮਾਡਾ ਦੀ ਯੋਜਨਾ ਅਧੀਨ 224 ਦੁਕਾਨਾਂ ਮਕੈਨਿਕਾਂ ਲਈ ਨਿਰਧਾਰਤ ਕੀਤੀਆਂ ਗਈਆਂ ਸਨ। ਅਲਾਟਮੈਂਟ ਦੀਆਂ ਸ਼ਰਤਾਂ ’ਚ ਰਕਮ ਜਮ੍ਹਾਂ ਕਰਵਾਉਣ, ਨਿਰਧਾਰਤ ਸਮੇਂ ’ਚ ਨਿਰਮਾਣ ਪੂਰਾ ਕਰਨ ਅਤੇ ਦੁਕਾਨਾਂ ਦੀ ਵਰਤੋਂ ਸਿਰਫ਼ ਮੋਟਰ ਮਕੈਨਿਕ ਦੇ ਕੰਮ ਲਈ ਕਰਨ ਵਰਗੀਆਂ ਸ਼ਰਤਾਂ ਰੱਖੀਆਂ ਗਈਆਂ ਸਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਦੋਂ ਅਲਾਟਮੈਂਟ ਦੀ ਪ੍ਰਕਿਰਿਆ ਪੂਰੀ ਕਰਕੇ ਐੱਲਓਆਈ ਦਿੱਤੇ ਜਾ ਚੁੱਕਾ ਹੈ ਤਾਂ ਦੁਕਾਨਾਂ/ਬੂਥਾਂ ਦਾ ਕਬਜ਼ਾ ਦੇਣ ’ਚ ਦੇਰੀ ਕਿਉਂ ਕੀਤੀ ਜਾ ਰਹੀ ਹੈ? ਮੋਟਰ ਮਾਰਕੀਟ ਐਸੋਸੀਏਸ਼ਨ ਮੁਹਾਲੀ ਪਿੰਡ ਦੇ ਪ੍ਰਧਾਨ ਫੌਜਾ ਸਿੰਘ ਦਾ ਕਹਿਣਾ ਹੈ ਕਿ ਐੱਲਓਆਈ ਮਿਲਣ ਤੋਂ ਬਾਅਦ ਉਹ ਕਈ ਵਾਰ ਗਮਾਡਾ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ, ਪ੍ਰੰਤੂ ਜਦੋਂ ਹਰ ਵਾਰ ਅਧਿਕਾਰੀ ਉਨ੍ਹਾਂ ਨੂੰ ਜਲਦੀ ਬੂਥਾਂ ਦਾ ਕਬਜ਼ਾ ਦੇਣ ਦਾ ਭਰੋਸਾ ਦੇ ਕੇ ਵਾਪਸ ਤੋਰ ਦਿੰਦੇ ਹਨ ਲੇਕਿਨ ਜ਼ਮੀਨੀ ਪੱਧਰ ’ਤੇ ਅਜੇ ਤਾਈਂ ਕੋਈ ਕੰਮ ਨਹੀਂ ਹੋਇਆ।