ਨਾਈਪਰ ਦੇ ਗੈਰ-ਅਧਿਆਪਨ ਸਟਾਫ਼ ਨੂੰ ਇਨਸਾਫ਼ ਦੀ ਆਸ ਬੱਝੀ ਨਾਈਪਰ ਦੇ ਗੈਰ-ਅਧਿਆਪਨ ਸਟਾਫ਼ ਨੂੰ ਇਨਸਾਫ਼ ਦੀ ਆਸ ਬੱਝੀ
Publish Date: Mon, 26 Oct 2026 09:21 PM (IST)
Updated Date: Mon, 26 Oct 2026 09:22 PM (IST)
-ਮੁਲਾਜ਼ਮ ਜਥੇਬੰਦੀ ਦੇ ਵਫ਼ਦ ਨੇ ਕੇਂਦਰੀ ਮੰਤਰੀ ਜੇਪੀ ਨੱਡਾ ਨਾਲ ਕੀਤੀ ਮੁਲਾਕਾਤ -ਨਾਨ-ਟੀਚਿੰਗ ਸਟਾਫ਼ ਦਾ ਲੜੀਵਾਰ ਧਰਨਾ 55ਵੇਂ ਦਿਨ ਚ ਦਾਖ਼ਲ, ਭੁੱਖ ਹੜਤਾਲ ਜਾਰੀ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਭਾਰਤ ਸਰਕਾਰ ਦੇ ਅਦਾਰੇ ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ) ਦੇ ਨਾਨ-ਟੀਚਿੰਗ ਸਟਾਫ਼ ਨੂੰ ਜਲਦੀ ਇਨਸਾਫ਼ ਮਿਲਣ ਦੀ ਆਸ ਬੱਝ ਗਈ ਹੈ। ਜਥੇਬੰਦੀ ਦੇ ਮੋਹਰੀ ਆਗੂਆਂ ਨੇ ਨਵੀਂ ਦਿੱਲੀ ’ਚ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਮੰਤਰੀ ਨੂੰ ਪਰਸਨਲ ਪ੍ਰਮੋਸ਼ਨ ਸਕੀਮ (ਪੀਪੀਐੱਸ) ਨੂੰ ਅਚਾਨਕ ਰੋਕੇ ਜਾਣ ਦੇ ਸਬੰਧੀ ਇਕ ਮੰਗ ਪੱਤਰ ਵੀ ਸੌਂਪਿਆ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਉਹ ਇਸ ਗੰਭੀਰ ਮਾਮਲੇ ਵਿਚ ਪਹਿਲ ਦੇ ਆਧਾਰ ਤੇ ਨਿੱਜੀ ਦਖ਼ਲ ਦੇ ਕੇ ਪੀੜਤ ਕਰਮਚਾਰੀਆਂ ਦੀਆਂ ਚਿੰਤਾਵਾਂ ਤੇ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ। ਕੇਂਦਰੀ ਮੰਤਰੀ ਜੇਪੀ ਨੱਡਾ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ’ਚ ਖ਼ੁਦ ਤੁਰੰਤ ਦਖ਼ਲ ਦੇਣਗੇ ਅਤੇ ਜਲਦੀ ਮਸਲੇ ਦਾ ਹੱਲ ਕੱਢਣ ਦਾ ਯਤਨ ਕਰਨਗੇ। ਦੱਸ ਦਈਏ, ਮੁਹਾਲੀ ਵਿਖੇ ਗੈਰ-ਅਧਿਆਪਨ ਸਟਾਫ਼ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ ਸੋਮਵਾਰ ਨੂੰ 55ਵੇਂ ਦਿਨ ’ਚ ਦਾਖ਼ਲ ਹੋ ਗਿਆ। ਜਦੋਂਕਿ ਬੀਤੀ 5 ਅਕਤੂਬਰ ਤੋਂ ਲੜੀਵਾਰ ਭੁੱਖ-ਹੜਤਾਲ ਵੀ ਜਾਰੀ ਹੈ। ਰੋਜ਼ਾਨਾ ਪੰਜ ਕਰਮਚਾਰੀ ਭੁੱਖ-ਹੜਤਾਲ ਤੇ ਬੈਠਦੇ ਹਨ, ਜਦਕਿ ਬਾਕੀ ਕਰਮਚਾਰੀ ਅਸਹਿਯੋਗ ਅੰਦੋਲਨ ਚਲਾ ਰਹੇ ਹਨ। ਐਸੋਸੀਏਸ਼ਨ ਅਨੁਸਾਰ ਕੇਂਦਰ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਦੇ ਫਾਰਮਾਸਿਊਟੀਕਲਜ਼ ਵਿਭਾਗ ਵੱਲੋਂ 24 ਮਈ 2022 ਨੂੰ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਸੰਸ਼ੋਧਿਤ ਐਕਟ 25 ਮਈ 2022 ਤੋਂ ਦੇਸ਼ ਦੇ ਸਾਰੇ 7 ਨਾਈਪਰ ਸੰਸਥਾਨਾਂ ਤੇ ਲਾਗੂ ਹੋਇਆ ਸੀ। ਮੰਤਰਾਲੇ ਨੇ ਆਪਣੀ ਕਿਸੇ ਵੀ ਕੌਂਸਲ ਬੈਠਕ ਵਿਚ ਇਹ ਕਦੇ ਨਹੀਂ ਕਿਹਾ ਕਿ 2022 ਤੱਕ ਲਏ ਗਏ ਫੈ਼ਸਲਿਆਂ ਨੂੰ ਮੁਅੱਤਲ ਜਾਂ ਰੱਦ ਕੀਤਾ ਜਾਵੇਗਾ। ਬਾਕਸ : ਕਮੇਟੀ ਦੀ ਰਿਪੋਰਟ ਪਰਸਨਲ ਪ੍ਰਮੋਸ਼ਨ ਸਕੀਮ (ਪੀਪੀਐੱਸ) ਮੁੱਦੇ ਤੇ ਡਾਇਰੈਕਟਰ ਨੂੰ ਸਲਾਹ ਦੇਣ ਲਈ 9 ਅਕਤੂਬਰ ਨੂੰ ਗਠਿਤ ਕੀਤੀ ਗਈ ਵਿਸ਼ੇਸ਼ ਕਮੇਟੀ ਨੇ 13 ਅਕਤੂਬਰ 2026 ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਕਿਉਂਕਿ ਪੀਪੀਐੱਸ ਨੂੰ ਬੋਰਫ਼ ਆਫ਼ ਗਵਰਨਿੰਗ ਬਾਡੀ ਤੋਂ ਪੂਰੀ ਮਨਜ਼ੂਰੀ ਮਿਲੀ ਹੋਈ ਹੈ ਅਤੇ ਗੈਰ-ਅਧਿਆਪਨ ਕਰਮਚਾਰੀਆਂ ਲਈ ਕੋਈ ਹੋਰ ਪ੍ਰਮੋਸ਼ਨ ਨੀਤੀ ਮੌਜੂਦ ਨਹੀਂ ਹੈ, ਇਸ ਲਈ ਨਵੀਂ ਨੀਤੀ ਆਉਣ ਤੱਕ ਪੀਪੀਐੱਸ ਨੂੰ ਜਾਰੀ ਰੱਖਿਆ ਜਾਵੇ। ਕਰਮਚਾਰੀਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀ ਇਹ ਜਾਇਜ਼ ਮੰਗ ਪ੍ਰਵਾਨ ਨਹੀਂ ਕੀਤੀ ਜਾਂਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਜੇਕਰ ਉਪਰੋਕਤ ਮੰਗ ਮੰਨਣ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਤਾਂ ਉਹ ਆਪਣਾ ਸ਼ਾਂਤੀਪੂਰਨ ਪ੍ਰਦਰਸ਼ਨ ਖ਼ਤਮ ਕਰਕੇ ਬਿਨਾਂ ਕਿਸੇ ਦੇਰੀ ਦੇ ਆਪਣੇ ਕੰਮ-ਕਾਜ ਤੇ ਵਾਪਸ ਪਰਤ ਆਉਣਗੇ।