ਨਾਜਾਇਜ਼ ਕਬਜ਼ੇ ਹਟਾਉਣ ਦੌਰਾਨ ਹੰਗਾਮਾ, ਮੁਹਾਲੀ 'ਚ ਨਿਗਮ ਟੀਮ ਨਾਲ ਨਿਹੰਗ ਸਿੰਘ ਦੀ ਤਕਰਾਰ; ਮੌਕੇ 'ਤੇ ਪੁਲਿਸ ਤਾਇਨਾਤ ਮੁਹਾਲੀ ਦੇ ਚਰਚਿਤ ਫੇਜ਼-3ਬੀ2 ਦੀ ਮਾਰਕੀਟ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਗਈ ਨਗਰ ਨਿਗਮ ਦੀ ਟੀਮ ਅਤੇ ਇੱਕ ਨਿਹੰਗ ਸਿੰਘ ਵਿਚਾਲੇ ਮਾਹੌਲ ਉਸ ਵੇਲੇ ਬੇਹੱਦ ਗਰਮਾ ਗਿਆ, ਜਦੋਂ ਨਿਹੰਗ ਸਿੰਘ ਨੇ ਸਾਮਾਨ ਜ਼ਬਤ ਕਰਨ ਆਈ ਟੀਮ ਨੂੰ ਸਿੱਧੀ ਧਮਕੀ ਦੇ ਦਿੱਤੀ। ਨਿਹੰਗ ਸਿੰਘ ਨੇ ਨਿਗਮ ਟੀਮ ਨੂੰ ਲਲਕਾਰਦਿਆਂ ਕਿਹਾ ਕਿ ਜੇਕਰ ਕਿਸੇ ਨੇ ਉਸ ਦੇ ਸਾਮਾਨ ਨੂੰ ਹੱਥ ਲਾਇਆ ਤਾਂ ਗੁੱਟ ਵੱਢ ਦੇਵੇਗਾ।
Publish Date: Thu, 13 Aug 2026 12:37 PM (IST)
Updated Date: Thu, 13 Aug 2026 12:39 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੇ ਚਰਚਿਤ ਫੇਜ਼-3ਬੀ2 ਦੀ ਮਾਰਕੀਟ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਗਈ ਨਗਰ ਨਿਗਮ ਦੀ ਟੀਮ ਅਤੇ ਇੱਕ ਨਿਹੰਗ ਸਿੰਘ ਵਿਚਾਲੇ ਮਾਹੌਲ ਉਸ ਵੇਲੇ ਬੇਹੱਦ ਗਰਮਾ ਗਿਆ, ਜਦੋਂ ਨਿਹੰਗ ਸਿੰਘ ਨੇ ਸਾਮਾਨ ਜ਼ਬਤ ਕਰਨ ਆਈ ਟੀਮ ਨੂੰ ਸਿੱਧੀ ਧਮਕੀ ਦੇ ਦਿੱਤੀ। ਨਿਹੰਗ ਸਿੰਘ ਨੇ ਨਿਗਮ ਟੀਮ ਨੂੰ ਲਲਕਾਰਦਿਆਂ ਕਿਹਾ ਕਿ ਜੇਕਰ ਕਿਸੇ ਨੇ ਉਸ ਦੇ ਸਾਮਾਨ ਨੂੰ ਹੱਥ ਲਾਇਆ ਤਾਂ ਗੁੱਟ ਵੱਢ ਦੇਵੇਗਾ।
ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਥਾਣਾ ਮਟੌਰ ਤੋਂ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚੀ। ਪੁਲਿਸ ਟੀਮ ਵਿੱਚ ਸ਼ਾਮਲ ਇੱਕ ਨੌਜਵਾਨ ਥਾਣੇਦਾਰ ਨੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਿਆਂ ਦੁਕਾਨ ਚਲਾ ਰਹੇ ਨਿਹੰਗ ਸਿੰਘ ਨੂੰ ਪਿਆਰ ਨਾਲ ਸਮਝਾਇਆ ਕਿ ਨਗਰ ਨਿਗਮ ਦੀ ਟੀਮ ਆਪਣੀ ਸਰਕਾਰੀ ਡਿਊਟੀ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਕੰਮ ਕਰਨ ਦਿੱਤਾ ਜਾਵੇ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਤਹਿਬਾਜ਼ਾਰੀ ਦੀ ਟੀਮ ਨੂੰ ਆਪਣੀ ਨਿਯਮਤ ਕਾਰਵਾਈ ਅੱਗੇ ਵਧਾਉਣ ਲਈ ਕਿਹਾ ਪਰ ਜਿਵੇਂ ਹੀ ਤਹਿਬਾਜ਼ਾਰੀ ਦੀ ਟੀਮ ਨੇ ਸਾਮਾਨ ਚੁੱਕਣ ਦੀ ਕਾਰਵਾਈ ਸ਼ੁਰੂ ਕੀਤੀ, ਨਿਹੰਗ ਸਿੰਘ ਇੱਕ ਵਾਰ ਫਿਰ ਤੱਤਾ ਹੋ ਗਿਆ ਅਤੇ ਸਾਮਾਨ ਨੂੰ ਹੱਥ ਨਾ ਲਾਉਣ ਦੀਆਂ ਧਮਕੀਆਂ ਦੇਣ ਲੱਗਾ, ਜਿਸ ਨਾਲ ਮੌਕੇ 'ਤੇ ਮਾਹੌਲ ਹੋਰ ਜ਼ਿਆਦਾ ਤਣਾਅਪੂਰਨ ਹੋ ਗਿਆ।
ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਨਿਹੰਗ ਸਿੰਘ ਪੁਲਿਸ ਅਤੇ ਨਿਗਮ ਟੀਮ ਨਾਲ ਬਹਿਸ ਕਰਦਿਆਂ ਆਖ ਰਿਹਾ ਹੈ ਕਿ ਉਹ ਮਿਹਨਤ-ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲ ਰਿਹਾ ਹੈ। ਹਾਲਾਂਕਿ, ਪੁਲਿਸ ਅਧਿਕਾਰੀਆਂ ਨੇ ਉਸ ਨੂੰ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ। ਮੌਕੇ 'ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਅਤੇ ਪੁਲਿਸ ਵੱਲੋਂ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ।