ਪ੍ਰਸ਼ਾਸਨ ਨੇ ਸ਼ਾਸਤਰੀ ਨਗਰ ’ਚ ਖੇਤੀਬਾੜੀ ਵਾਲੀ ਜ਼ਮੀਨ ’ਤੇ ਬਣੇ 80 ਗ਼ੈਰ-ਅਧਿਕਾਰਤ ਢਾਂਚੇ ਢਾਹੇ ਪ੍ਰਸ਼ਾਸਨ ਨੇ ਸ਼ਾਸਤਰੀ ਨਗਰ ਵਿੱਚ ਖੇਤੀਬਾੜੀ ਵਾਲੀ ਜ਼ਮੀਨ ’ਤੇ ਬਣੇ 80 ਗੈਰ-ਅਧਿਕਾਰਤ ਢਾਂਚੇ ਢਾਹੇ
Publish Date: Wed, 07 Oct 2026 07:19 PM (IST)
Updated Date: Wed, 07 Oct 2026 07:20 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅੱਜ ਮਨੀਮਾਜਰਾ ਦੇ ਪਿੰਡ ਸ਼ਾਸਤਰੀ ਨਗਰ ਵਿੱਚ ਸਥਿਤ ਮੱਛੀ, ਚਿਕਨ ਅਤੇ ਮੀਟ ਮਾਰਕੀਟ ਵਿੱਚ ਖੇਤੀਬਾੜੀ ਵਾਲੀ ਜ਼ਮੀਨ ’ਤੇ ਕੀਤੇ ਗਏ ਗ਼ੈਰ-ਅਧਿਕਾਰਤ ਨਿਰਮਾਣਾਂ ਖ਼ਿਲਾਫ਼ ਢਾਹੁਣ ਦੀ ਕਾਰਵਾਈ ਕੀਤੀ ਗਈ। ਕਾਰਵਾਈ ਸਵੇਰੇ 7 ਵਜੇ ਸ਼ੁਰੂ ਹੋਈ। ਇਸ ਲਈ ਅਧਿਕਾਰੀ ਆਈਟੀ ਪਾਰਕ ਥਾਣੇ ਵਿਖੇ ਇਕੱਠੇ ਹੋਏ। ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਸਨ। ਇਸ ਦੌਰਾਨ ਮਹਿਲਾ ਕਾਂਸਟੇਬਲਾਂ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ। ਕਾਰਵਾਈ ਦੀ ਨਿਗਰਾਨੀ ਲਈ ਡੀਐੱਸਪੀ ਪੱਧਰ ਦੇ ਅਧਿਕਾਰੀ ਪੂਰੇ ਸਮੇਂ ਮੌਕੇ ’ਤੇ ਮੌਜੂਦ ਰਹੇ। ਐੱਸਡੀਐੱਮ (ਪੂਰਬੀ) ਨੇ ਕਾਨੂੰਨ-ਵਿਵਸਥਾ ਦੀ ਨਿਗਰਾਨੀ ਕੀਤੀ ਅਤੇ ਪੁਲਿਸ ਨਾਲ ਤਾਲਮੇਲ ਬਣਾਇਆ। ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ (ਪਰਿਧੀ) ਨੇ ਇਨਫੋਰਸਮੈਂਟ ਕਰਮਚਾਰੀਆਂ ਦੇ ਨਾਲ ਮਿਲ ਕੇ ਢਾਹੁਣ ਦੀ ਕਾਰਵਾਈ ਕੀਤੀ। ਸੰਪਦਾ ਦਫ਼ਤਰ ਦੇ ਤਹਿਸੀਲਦਾਰ (ਇਨਫੋਰਸਮੈਂਟ) ਨੇ ਨਿਰੀਖਣ ਕਰਮਚਾਰੀਆਂ, ਮਜ਼ਦੂਰਾਂ ਅਤੇ ਟਰੱਕਾਂ ਦਾ ਪ੍ਰਬੰਧ ਕਰਕੇ ਸਹਿਯੋਗ ਦਿੱਤਾ। ਮੁਹਿੰਮ ਦੌਰਾਨ 80 ਗੈਰ-ਅਧਿਕਾਰਤ ਢਾਂਚੇ ਢਾਹ ਕੇ ਲਗਭਗ 6 ਏਕੜ ਖੇਤੀਬਾੜੀ ਵਾਲੀ ਜ਼ਮੀਨ ਨੂੰ ਕਬਜ਼ਿਆਂ ਤੋਂ ਮੁਕਤ ਕਰਵਾਇਆ ਗਿਆ। ਪੂਰੀ ਕਾਰਵਾਈ ਸ਼ਾਂਤੀਪੂਰਵਕ ਢੰਗ ਨਾਲ ਪੂਰੀ ਹੋਈ। ਪ੍ਰਸ਼ਾਸਨ ਨੇ ਮੁੜ ਸਪੱਸ਼ਟ ਕੀਤਾ ਕਿ ਸ਼ਹਿਰ ਵਿੱਚ ਗੈਰ-ਅਧਿਕਾਰਤ ਨਿਰਮਾਣਾਂ ਅਤੇ ਕਬਜ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।