ਪੰਚਕੂਲਾ-ਚੰਡੀਗੜ੍ਹ ਦੀਆਂ ਸੜਕਾਂ ’ਤੇ 4 ਵੱਡੀਆਂ ਦੁਰਘਟਨਾਵਾਂ ਕਿਸਮਤ ਕਨੈਕਸ਼ਨ: ਚਾਰ ਹਾਦਸੇ… ਹੋਸ਼ ਉੱਡੇ, ਗੰਭੀਰ ਸੱਟਾਂ ਵੀ ਨਹੀਂ ਆਈਆਂ
Publish Date: Mon, 21 Sep 2026 09:12 PM (IST)
Updated Date: Tue, 22 Sep 2026 04:09 AM (IST)
ਰਾਹਗੀਰਾਂ ਦੇ ਉੱਡੇ ਹੋਸ਼, ਕਿਸੇ ਨੂੰ ਵੀ ਗੰਭੀਰ ਸੱਟਾਂ ਵੀ ਨਹੀਂ ਆਈਆਂ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸੰਤ ਕਬੀਰ ਦਾਸ ਦਾ ਦੋਹਾ, “ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਈ, ਬਾਲ ਨਾ ਬਾਂਕਾ ਕਰ ਸਕੇ, ਜੋ ਜਗ ਬੈਰੀ ਹੋਏ”, ਚੰਡੀਗੜ੍ਹ ਤੇ ਪੰਚਕੂਲਾ ’ਚ ਹੂ-ਬ-ਹੂ ਸੱਚ ਸਾਬਤ ਹੋਇਆ। ਪੰਚਕੂਲਾ-ਚੰਡੀਗੜ੍ਹ ਦੀਆਂ ਸੜਕਾਂ ’ਤੇ 4 ਵੱਡੀਆਂ ਘਟਨਾਵਾਂ ਵਾਪਰੀਆਂ। ਕਿਤੇ ਟਰੱਕ ਪਲਟ ਗਿਆ ਤਾਂ ਕਿਤੇ ਚੱਲਦੀ ਬੱਸ ਦਾ ਟਾਇਰ ਫਟ ਗਿਆ, ਜਿਸ ਕਾਰਨ ਬੇਕਾਬੂ ਬੱਸ ਸੜਕ ਤੋਂ ਉਤਰ ਕੇ ਖੇਤਾਂ ’ਚ ਜਾ ਵੜੀ। ਇਸੇ ਤਰ੍ਹਾਂ ਤੇਜ਼ ਰਫ਼ਤਾਰ ਕਾਰ ਫੁੱਟਪਾਥ ’ਤੇ ਪਲਟ ਗਈ। ਇਨ੍ਹਾਂ ਘਟਨਾਵਾਂ ’ਚ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ। ਦੋ ਘਟਨਾਵਾਂ ’ਚ ਤਾਂ ਡਰਾਈਵਰ ਨੂੰ ਖਰੋਚ ਤੱਕ ਨਹੀਂ ਆਈ। ਹਾਲਾਂਕਿ ਬੱਸ ’ਚ ਸਵਾਰ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਮਹੱਤਵਪੂਰਨ ਗੱਲ ਇਹ ਰਹੀ ਕਿ ਇਨ੍ਹਾਂ ਘਟਨਾਵਾਂ ਨੂੰ ਦੇਖ ਕੇ ਰਾਹਗੀਰਾਂ ਦੇ ਹੋਸ਼ ਜ਼ਰੂਰ ਉੱਡ ਗਏ। ਬਾਕਸ-- ਚੰਡੀਗੜ੍ਹ ਸੈਕਟਰ-9 ’ਚ ਪਲਟੀ ਗੱਡੀ, ਮਦਦ ਲਈ ਦੌੜੇ ਲੋਕ ਸੈਕਟਰ-9 ’ਚ ਐਤਵਾਰ ਰਾਤ ਇੱਕ ਵੱਡਾ ਸੜਕ ਹਾਦਸਾ ਹੋਣ ਤੋਂ ਟਲ ਗਿਆ। ਇੱਕ ਤੇਜ਼ ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਕੇ ਫੁੱਟਪਾਥ ’ਤੇ ਚੜ੍ਹ ਕੇ ਪਲਟ ਗਈ। ਹਾਦਸਾ ਦੇਖ ਕੇ ਰਾਹਗੀਰ ਮਦਦ ਲਈ ਦੌੜੇ। ਲੋਕਾਂ ਨੇ ਆਪਣੀਆਂ ਗੱਡੀਆਂ ਰੋਕ ਕੇ ਫੁੱਟਪਾਥ ’ਤੇ ਪਲਟੀ ਕਾਰ ’ਚੋਂ ਡਰਾਈਵਰ ਨੂੰ ਬਾਹਰ ਕੱਢਿਆ। ਗਨੀਮਤ ਰਹੀ ਕਿ ਕਾਰ ਚਾਲਕ ਨੂੰ ਖਰੋਚ ਤੱਕ ਨਹੀਂ ਆਈ। ਲੋਕਾਂ ਨੇ ਉਸ ਦਾ ਹਾਲ ਪੁੱਛਿਆ ਤੇ ਹਾਦਸੇ ਬਾਰੇ ਜਾਣਕਾਰੀ ਲਈ। ਡਰਾਈਵਰ ਨੇ ਕਿਹਾ ਕਿ ਉਸ ਨੂੰ ਵੀ ਪਤਾ ਨਹੀਂ ਲੱਗਾ ਕਿ ਕਾਰ ਦਾ ਸੰਤੁਲਨ ਕਿਵੇਂ ਵਿਗੜ ਗਿਆ। ਇਸ ਤੋਂ ਬਾਅਦ ਲੋਕਾਂ ਨੇ ਸਾਂਝੇ ਯਤਨ ਨਾਲ ਕਾਰ ਨੂੰ ਸਿੱਧਾ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਵੀ ਰਹੀ ਕਿ ਕਾਰ ਨੂੰ ਵੀ ਕੋਈ ਖਾਸ ਨੁਕਸਾਨ ਨਹੀਂ ਹੋਇਆ। ਕਾਰ ਚਾਲਕ ਨੇ ਇੱਕੋ ਸੈਲਫ ’ਚ ਕਾਰ ਸਟਾਰਟ ਕੀਤੀ ਅਤੇ ਮੌਕੇ ਤੋਂ ਚਲਾ ਗਿਆ। ਬਾਕਸ-- ਬੱਸ ਦਾ ਟਾਇਰ ਫਟਿਆ, ਖੇਤ ’ਚ ਉਤਰੀ, ਵਾਲ-ਵਾਲ ਬਚੇ ਯਾਤਰੀ ਬਰਵਾਲਾ- ਪੰਚਕੂਲਾ ਜ਼ਿਲ੍ਹੇ ’ਚ ਰਿਹੌੜ ਪਿੰਡ ਨੇੜੇ ਨੈਸ਼ਨਲ ਹਾਈਵੇ ’ਤੇ ਦੇਹਰਾਦੂਨ ਤੋਂ ਚੰਡੀਗੜ੍ਹ ਜਾ ਰਹੀ ਇੱਕ ਨਿੱਜੀ ਬੱਸ ਦਾ ਅਚਾਨਕ ਟਾਇਰ ਫਟ ਗਿਆ। ਇਸ ਕਾਰਨ ਬੱਸ ਬੇਕਾਬੂ ਹੋ ਕੇ ਹਾਈਵੇ ਤੋਂ ਉਤਰਦਿਆਂ ਸੜਕ ਕਿਨਾਰੇ ਖੇਤ ’ਚ ਜਾ ਡਿੱਗੀ। ਬੱਸ ’ਚ ਉਸ ਸਮੇਂ 37 ਯਾਤਰੀ ਸਵਾਰ ਸਨ। ਹਾਦਸੇ ਤੋਂ ਬਾਅਦ ਯਾਤਰੀਆਂ ’ਚ ਚੀਕ-ਪੁਕਾਰ ਮਚ ਗਈ ਪਰ ਗਨੀਮਤ ਰਹੀ ਕਿ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬਰਵਾਲਾ ਪੁਲਿਸ ਚੌਕੀ ਦੀ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਨੇ ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਬੱਸ ’ਚੋਂ ਬਾਹਰ ਕੱਢਿਆ ਤੇ ਦੂਜੀ ਬੱਸ ਦਾ ਪ੍ਰਬੰਧ ਕਰ ਕੇ ਸਾਰਿਆਂ ਨੂੰ ਚੰਡੀਗੜ੍ਹ ਭੇਜਿਆ। ਦੱਸਿਆ ਗਿਆ ਕਿ ਟਾਇਰ ਫਟਣ ਤੋਂ ਬਾਅਦ ਚਾਲਕ ਬੱਸ ’ਤੇ ਕਾਬੂ ਨਹੀਂ ਰੱਖ ਸਕਿਆ। ਬਾਅਦ ’ਚ ਹਾਈਡਰਾ ਮਸ਼ੀਨ ਦੀ ਮਦਦ ਨਾਲ ਬੱਸ ਨੂੰ ਖੇਤ ’ਚੋਂ ਬਾਹਰ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ। ਬਾਕਸ-- ਬੱਸ ਕੱਢਦੇ ਸਮੇਂ ਮੁੜ ਮਚਿਆ ਹੜਕੰਪ ਬੱਸ ਨੂੰ ਹਾਈਡਰਾ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਸੀ ਕਿ ਇਸੇ ਦੌਰਾਨ ਉਸੇ ਥਾਂ ਹਾਈਵੇ ਤੋਂ ਲੰਘ ਰਹੀਆਂ 2 ਕਾਰਾਂ ਦੀ ਜ਼ੋਰਦਾਰ ਟੱਕਰ ਹੋ ਗਈ। ਇੱਕ ਕਾਰ ਦੇ ਏਅਰਬੈਗ ਤੱਕ ਖੁੱਲ੍ਹ ਗਏ। ਹਾਲਾਂਕਿ ਦੋਵੇਂ ਕਾਰਾਂ ’ਚ ਸਵਾਰ ਲੋਕ ਵਾਲ-ਵਾਲ ਬਚ ਗਏ ਤੇ ਕਿਸੇ ਨੂੰ ਵੀ ਸੱਟ ਨਹੀਂ ਲੱਗੀ। ਬਾਕਸ- ਬਾਈਕ ਸਵਾਰ ਨੂੰ ਬਚਾਉਂਦੇ ਹੋਏ ਟਰੱਕ ਪਲਟਿਆ ਰਾਇਪੁਰਰਾਣੀ- ਟਾਂਗਰੀ ਦਰਿਆ ਦੇ ਪੁਲ ਨੇੜੇ ਇੱਕ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ’ਚ ਟਰੱਕ ਸੜਕ ਕਿਨਾਰੇ ਪਲਟ ਗਿਆ। ਰਾਹਤ ਦੀ ਗੱਲ ਰਹੀ ਕਿ ਹਾਦਸੇ ’ਚ ਟਰੱਕ ਚਾਲਕ ਨੂੰ ਕੋਈ ਸੱਟ ਨਹੀਂ ਲੱਗੀ। ਟਰੱਕ ਨਾਰਾਇਣਗੜ੍ਹ ਤੋਂ ਹਿਮਾਚਲ ਪ੍ਰਦੇਸ਼ ਵੱਲ ਜਾ ਰਿਹਾ ਸੀ। ਟਾਂਗਰੀ ਦਰਿਆ ਦੇ ਪੁਲ ਨੇੜੇ ਅਚਾਨਕ ਇੱਕ ਮੋਟਰਸਾਈਕਲ ਟਰੱਕ ਦੇ ਸਾਹਮਣੇ ਆ ਗਿਆ। ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ’ਚ ਚਾਲਕ ਨੇ ਟਰੱਕ ਤੋਂ ਕਾਬੂ ਗੁਆ ਦਿੱਤਾ, ਜਿਸ ਕਾਰਨ ਟਰੱਕ ਸੜਕ ਕਿਨਾਰੇ ਪਲਟ ਗਿਆ।