ਮੁਫ਼ਤ ਪਾਰਕਿੰਗ ਦਾ ਮੁੱਦਾ ਫਿਰ ਚੁੱਕੇਗੀ ‘ਆਪ’ ਮੁਫ਼ਤ ਪਾਰਕਿੰਗ ਦਾ ਮੁੱਦਾ ਫਿਰ ਚੁੱਕੇਗੀ ‘ਆਪ’, ਪ੍ਰੀ-ਹਾਊਸ ਮੀਟਿੰਗ ’ਚ ਲਿਆ ਫੈਸਲਾ
Publish Date: Mon, 21 Sep 2026 07:40 PM (IST)
Updated Date: Tue, 22 Sep 2026 04:07 AM (IST)
ਪ੍ਰੀ-ਹਾਊਸ ਮੀਟਿੰਗ ’ਚ ਲਿਆ ਫੈਸਲਾ ਸੈਕਟਰ-17 ਦੀਆਂ 20 ਪੇਡ ਪਾਰਕਿੰਗਾਂ ਲਈ ਸੋਧੀ ਫੀਸ ਦਾ ਪ੍ਰਸਤਾਵ ਵੀ ਸਦਨ ’ਚ ਆਵੇਗਾ ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸ਼ਹਿਰ ’ਚ ਪਾਰਕਿੰਗ ਫੀਸ ਖਤਮ ਕਰਨ ਦਾ ਮੁੱਦਾ ‘ਆਪ’ ਇਕ ਵਾਰ ਫਿਰ ਨਗਰ ਨਿਗਮ ਦੇ ਸਦਨ ’ਚ ਚੁੱਕੇਗੀ। ਸੋਮਵਾਰ ਨੂੰ ਹੋਈ ‘ਆਪ’ ਦੀ ਪ੍ਰੀ-ਹਾਊਸ ਮੀਟਿੰਗ ’ਚ ਫੈਸਲਾ ਲਿਆ ਗਿਆ ਕਿ 22 ਸਤੰਬਰ ਨੂੰ ਹੋਣ ਵਾਲੀ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ’ਚ ਮੁਫ਼ਤ ਪਾਰਕਿੰਗ ਦਾ ਪ੍ਰਸਤਾਵ ਪ੍ਰਮੁੱਖਤਾ ਨਾਲ ਚੁੱਕਿਆ ਜਾਵੇਗਾ। ਪਾਰਟੀ ਦਾ ਕਹਿਣਾ ਹੈ ਕਿ ਨਗਰ ਨਿਗਮ ਦਾ ਸਦਨ ਪਹਿਲਾਂ ਹੀ ਸ਼ਹਿਰ ਦੇ ਮਾਰਕੀਟ ਪਾਰਕਿੰਗ ਸਥਾਨਾਂ ’ਤੇ ਸਾਰੇ ਵਾਹਨਾਂ ਲਈ ਪਾਰਕਿੰਗ ਫੀਸ ਮੁਆਫ਼ ਕਰਨ ਦਾ ਪ੍ਰਸਤਾਵ ਪਾਸ ਕਰ ਚੁੱਕਾ ਹੈ ਪਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਹੁਣ ‘ਆਪ’ ਸਦਨ ਰਾਹੀਂ ਪ੍ਰਸ਼ਾਸਨ ’ਤੇ ਇਸ ਪ੍ਰਸਤਾਵ ਨੂੰ ਲਾਗੂ ਕਰਨ ਦੀ ਮੰਗ ਰੱਖੇਗੀ। ‘ਆਪ’ ਅਨੁਸਾਰ ਮੇਅਰ ਕੁਲਦੀਪ ਕੁਮਾਰ ਧਲੋਰ ਦੀ ਅਗਵਾਈ ਹੇਠ ਨਗਰ ਨਿਗਮ ਸਦਨ ’ਚ ਸ਼ਹਿਰ ਦੀਆਂ ਮਾਰਕੀਟ ਪਾਰਕਿੰਗਾਂ ਨੂੰ ਮੁਫ਼ਤ ਕਰਨ ਦਾ ਪ੍ਰਸਤਾਵ ਪਾਸ ਕੀਤਾ ਗਿਆ ਸੀ। ਹਾਲਾਂਕਿ, ਬਾਅਦ ’ਚ ਯੂਟੀ ਪ੍ਰਸ਼ਾਸਨ ਵੱਲੋਂ ਇਸ ਪ੍ਰਸਤਾਵ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਪਾਰਟੀ ਹੁਣ ਮੁੜ ਇਸ ਮੁੱਦੇ ਨੂੰ ਸਦਨ ’ਚ ਚੁੱਕ ਕੇ ਸ਼ਹਿਰ ਵਾਸੀਆਂ ਨੂੰ ਪਾਰਕਿੰਗ ਫੀਸ ਤੋਂ ਰਾਹਤ ਦੇਣ ਦੀ ਮੰਗ ਕਰੇਗੀ। ਬਾਕਸ-- ਪੇਡ ਪਾਰਕਿੰਗ ਦੀ ਫੀਸ ਵਧਾਉਣ ਦਾ ਪ੍ਰਸਤਾਵ ਵੀ ਏਜੰਡੇ ’ਚ ‘ਆਪ’ ਵੱਲੋਂ ਮੁਫ਼ਤ ਪਾਰਕਿੰਗ ਦਾ ਮੁੱਦਾ ਉਸ ਸਮੇਂ ਚੁੱਕਿਆ ਜਾਵੇਗਾ, ਜਦੋਂ 22 ਸਤੰਬਰ ਦੀ ਮੀਟਿੰਗ ’ਚ ਸੈਕਟਰ-17 ਦੀਆਂ 20 ਪੇਡ ਪਾਰਕਿੰਗ ਸਾਈਟਾਂ ਲਈ ਸੋਧੀ ਪਾਰਕਿੰਗ ਫੀਸ ਦਾ ਪ੍ਰਸਤਾਵ ਵੀ ਪੇਸ਼ ਕੀਤਾ ਜਾਣਾ ਹੈ। ਪ੍ਰਸਤਾਵ ਅਨੁਸਾਰ ਦੋਪਹੀਆ ਵਾਹਨਾਂ ਲਈ 10 ਰੁਪਏ ਤੇ ਕਾਰਾਂ ਤੇ ਤਿੰਨ ਪਹੀਆ ਵਾਹਨਾਂ ਲਈ 20 ਰੁਪਏ ਤੱਕ ਫੀਸ ਨਿਰਧਾਰਤ ਕਰਨ ਦੀ ਤਜਵੀਜ਼ ਹੈ। ਇਸ ਦੇ ਨਾਲ ਹੀ ‘ਆਪ’ ਪੁਰਾਣੇ ਮੁਫ਼ਤ ਪਾਰਕਿੰਗ ਫੈਸਲੇ ਨੂੰ ਲਾਗੂ ਕਰਨ ਦੀ ਮੰਗ ਵੀ ਸਦਨ ਵਿੱਚ ਰੱਖੇਗੀ। ਬਾਕਸ-- ਜਨਹਿੱਤ ਦੇ ਹੋਰ ਮੁੱਦਿਆਂ ’ਤੇ ਵੀ ਚਰਚਾ ਪ੍ਰੀ-ਹਾਊਸ ਮੀਟਿੰਗ ’ਚ ਆਉਣ ਵਾਲੀ ਜਨਰਲ ਹਾਊਸ ਮੀਟਿੰਗ ’ਚ ਚੁੱਕੇ ਜਾਣ ਵਾਲੇ ਵੱਖ-ਵੱਖ ਜਨਹਿੱਤ ਦੇ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ। ਮੀਟਿੰਗ ’ਚ ‘ਆਪ’ ਚੰਡੀਗੜ੍ਹ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰੇਮ ਗਰਗ, ਵਿਰੋਧੀ ਧਿਰ ਦੇ ਨੇਤਾ ਹਰਦੀਪ ਸਿੰਘ ਬੁਟੇਰਲਾ, ਸਾਬਕਾ ਮੇਅਰ ਕੁਲਦੀਪ ਕੁਮਾਰ ਧਲੋਰ, ਮੁੱਖ ਬੁਲਾਰੇ ਯੋਗੇਸ਼ ਢੀਂਗਰਾ, ਜਸਬੀਰ ਸਿੰਘ ਲੱਡੀ, ਜਸਵਿੰਦਰ ਕੌਰ, ਦਿਹਾਤੀ ਵਿੰਗ ਦੇ ਪ੍ਰਧਾਨ ਜਗਪਾਲ ਜੱਗਾ ਤੇ ਆਬਜ਼ਰਵਰ ਵਿਨੀਤ ਵਰਮਾ ਮੌਜੂਦ ਸਨ।