ਲੋਹੇ ਦੀ ਜੰਗ ਕਾਰਨ ਭਾਰਤ ਦੇ ਬੁਨਿਆਦੀ ਢਾਂਚੇ ਨੂੰ ਹਰ ਸਾਲ 1.42 ਲੱਖ ਕਰੋੜ ਦਾ ਨੁਕਸਾਨ ਲੋਹੇ ਦੀ ਜੰਗ ਕਾਰਨ ਭਾਰਤ ਦੇ ਬੁਨਿਆਦੀ ਢਾਂਚੇ ਨੂੰ ਹਰ ਸਾਲ 1.42 ਲੱਖ ਕਰੋੜ ਦਾ ਨੁਕਸਾਨ
Publish Date: Mon, 21 Sep 2026 06:28 PM (IST)
Updated Date: Tue, 22 Sep 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ: ਲੋਹੇ ਦੀ ਜੰਗ ਕਾਰਨ ਭਾਰਤ ਦੇ ਬੁਨਿਆਦੀ ਢਾਂਚਾ ਖੇਤਰ ਨੂੰ ਹਰ ਸਾਲ ਕਰੀਬ 1.42 ਲੱਖ ਕਰੋੜ ਰੁਪਏ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ। ਇਹ ਖੁਲਾਸਾ ਸੀਆਈਆਈ ਐਨੁਅਲ ਇਨਫ੍ਰਾਸਟ੍ਰਕਚਰ ਸਮਿਟ 2026 ਦੌਰਾਨ ਪੇਸ਼ ਕੀਤੀ ਗਈ ਸੀਆਈਆਈ-ਐਨਆਰਆਈ ਰਿਪੋਰਟ ਵਿੱਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਬਿਹਤਰ ਰੋਕਥਾਮ ਅਤੇ ਸੁਰੱਖਿਆਤਮਕ ਉਪਾਵਾਂ ਰਾਹੀਂ ਇਸ ਨੁਕਸਾਨ ਵਿੱਚੋਂ ਹਰ ਸਾਲ 49,580 ਕਰੋੜ ਰੁਪਏ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ। ਰਿਪੋਰਟ ਵਿੱਚ ਬੁਨਿਆਦੀ ਢਾਂਚੇ ਨੂੰ ਜੰਗ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਖੇਤਰਾਂ ਵਿੱਚੋਂ ਇੱਕ ਦੱਸਿਆ ਗਿਆ ਹੈ। 1.42 ਲੱਖ ਕਰੋੜ ਦਾ ਸਾਲਾਨਾ ਨੁਕਸਾਨ ਬੁਨਿਆਦੀ ਢਾਂਚਾ ਖੇਤਰ ਦੀ ਜੀਡੀਪੀ ਦੇ ਲਗਭਗ 2.9 ਫੀਸਦੀ ਦੇ ਬਰਾਬਰ ਹੈ, ਜਦਕਿ ਸੰਭਾਵਿਤ 49,580 ਕਰੋੜ ਦੀ ਬਚਤ ਇਸ ਖੇਤਰ ਦੀ ਜੀਡੀਪੀ ਦੇ ਕਰੀਬ 1.02 ਫੀਸਦੀ ਦੇ ਬਰਾਬਰ ਹੈ। ਭਾਰਤ ਇਸ ਸਮੇਂ ਸੜਕਾਂ, ਪੁਲਾਂ, ਰੇਲਵੇ, ਇਮਾਰਤਾਂ, ਹਵਾਈ ਅੱਡਿਆਂ ਅਤੇ ਬੰਦਰਗਾਹਾਂ ਸਮੇਤ ਵੱਖ-ਵੱਖ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਵਿੱਚ ਵੱਡੇ ਪੱਧਰ ’ਤੇ ਨਿਵੇਸ਼ ਕਰ ਰਿਹਾ ਹੈ। ਦੇਸ਼ ਦੀ ਜੀਡੀਪੀ ਵਿੱਚ ਬੁਨਿਆਦੀ ਢਾਂਚੇ ਦਾ ਯੋਗਦਾਨ ਲਗਭਗ 14.5 ਫੀਸਦੀ ਹੈ। ਇਸ ਲਈ ਇਨ੍ਹਾਂ ਸੰਪਤੀਆਂ ਦੀ ਟਿਕਾਊ ਸਮਰੱਥਾ ਅਤੇ ਲੰਬੀ ਸੇਵਾ ਮਿਆਦ ਮਹੱਤਵਪੂਰਨ ਹੈ। ਰਿਪੋਰਟ ਅਨੁਸਾਰ ਜੰਗ ਕਾਰਨ ਭਾਰਤੀ ਅਰਥਵਿਵਸਥਾ ਨੂੰ ਕੁੱਲ ਮਿਲਾ ਕੇ ਹਰ ਸਾਲ ਲਗਭਗ 14.15 ਲੱਖ ਕਰੋੜ, ਯਾਨੀ ਜੀਡੀਪੀ ਦਾ 4.3 ਫੀਸਦੀ ਨੁਕਸਾਨ ਹੁੰਦਾ ਹੈ। ਪ੍ਰਭਾਵਸ਼ਾਲੀ ਜੰਗ-ਰੋਕਥਾਮ ਉਪਾਵਾਂ ਨਾਲ ਪੂਰੀ ਅਰਥਵਿਵਸਥਾ ਵਿੱਚ 4.95 ਲੱਖ ਕਰੋੜ ਤੱਕ ਦੀ ਸੰਭਾਵਿਤ ਬਚਤ ਹੋ ਸਕਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਮਾਰਤਾਂ, ਪੁਲਾਂ ਅਤੇ ਹੋਰ ਜਨਤਕ ਸੰਪਤੀਆਂ ਵਿੱਚ ਜੰਗ ਕਾਰਨ ਨਿਰਧਾਰਤ ਸੇਵਾ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਗਿਰਾਵਟ ਦੇਖਣ ਨੂੰ ਮਿਲਦੀ ਹੈ। ਇਸ ਲਈ ਸਿਰਫ਼ ਵਾਰ-ਵਾਰ ਮੁਰੰਮਤ ਕਰਨ ਦੀ ਬਜਾਏ ਨਿਰਮਾਣ ਦੇ ਪੜਾਅ ਤੋਂ ਹੀ ਬਿਹਤਰ ਸਮੱਗਰੀ, ਡਿਜ਼ਾਈਨ ਅਤੇ ਸੁਰੱਖਿਆ ਪ੍ਰਣਾਲੀਆਂ ਅਪਣਾਉਣ ਦੀ ਲੋੜ ਹੈ। ਰਿਪੋਰਟ ਨੇ ਖਾਸ ਤੌਰ ’ਤੇ ਤੱਟਵਰਤੀ ਅਤੇ ਜ਼ਿਆਦਾ ਨਮੀ ਵਾਲੇ ਖੇਤਰਾਂ ਵਿੱਚ ਵਾਤਾਵਰਣਕ ਜੋਖਮ ਦੇ ਅਨੁਸਾਰ ਜੰਗ-ਰੋਧੀ ਮਾਪਦੰਡ ਲਾਗੂ ਕਰਨ ਦੀ ਸਿਫਾਰਸ਼ ਕੀਤੀ ਹੈ। ਇਸ ਦੇ ਨਾਲ ਹੀ ਬੁਨਿਆਦੀ ਢਾਂਚੇ ਦੇ ਮਾਲਕਾਂ ਅਤੇ ਨੀਤੀ-ਨਿਰਧਾਰਕਾਂ ਨੂੰ ਸ਼ੁਰੂਆਤੀ ਲਾਗਤ ਦੀ ਬਜਾਏ ਪੂਰੇ ਲਾਈਫਸਾਈਕਲ ਖਰਚ ਅਤੇ ਸੰਪਤੀ ਦੀ ਲੰਬੀ ਮਿਆਦ ਦੀ ਕਾਰਗੁਜ਼ਾਰੀ ਨੂੰ ਧਿਆਨ ਵਿੱਚ ਰੱਖਣ ’ਤੇ ਜ਼ੋਰ ਦਿੱਤਾ ਗਿਆ ਹੈ।