ਸੈਕਟਰ-52/53 ਦਾ ਵੈਂਡਿੰਗ ਜ਼ੋਨ ਜੰਗਲ ’ਚ, ਮੇਅਰ ਨੇ ਚੁੱਕੇ ਸਵਾਲ ਸੈਕਟਰ-52/53 ਦਾ ਵੈਂਡਿੰਗ ਜ਼ੋਨ ਜੰਗਲ ਵਿੱਚ, ਮੇਅਰ ਨੇ ਚੁੱਕੇ ਸਵਾਲ
Publish Date: Wed, 16 Sep 2026 07:52 PM (IST)
Updated Date: Thu, 17 Sep 2026 04:06 AM (IST)
* ਸੌਰਭ ਜੋਸ਼ੀ ਨੇ ਮੌਕੇ ’ਤੇ ਪਹੁੰਚ ਕੇ ਕੀਤਾ ਨਿਰੀਖਣ ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸੈਕਟਰ-52 ਅਤੇ 53 ਵਿੱਚ ਬਣਾਏ ਗਏ ਸਟ੍ਰੀਟ ਵੈਂਡਿੰਗ ਜ਼ੋਨ ਨੂੰ ਲੈ ਕੇ ਮਿਲ ਰਹੀਆਂ ਸ਼ਿਕਾਇਤਾਂ ਦਰਮਿਆਨ ਬੁੱਧਵਾਰ ਨੂੰ ਮੇਅਰ ਸੌਰਭ ਜੋਸ਼ੀ ਅਚਾਨਕ ਗਰਾਊਂਡ ਜ਼ੀਰੋ ’ਤੇ ਪਹੁੰਚੇ। ਉਨ੍ਹਾਂ ਨੇ ਮੌਕੇ ਦਾ ਨਿਰੀਖਣ ਕਰਕੇ ਵੈਂਡਿੰਗ ਜ਼ੋਨ ਦੀ ਮੌਜੂਦਾ ਸਥਿਤੀ ’ਤੇ ਸਵਾਲ ਉਠਾਏ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਡਾ. ਹਿਮਾਂਸ਼ੂ ਗੁਪਤਾ ਵੀ ਮੌਜੂਦ ਸਨ। ਨਿਰੀਖਣ ਦੌਰਾਨ ਮੇਅਰ ਨੇ ਕਿਹਾ ਕਿ ਜਿਸ ਥਾਂ ਨੂੰ ਵੈਂਡਿੰਗ ਜ਼ੋਨ ਲਈ ਨਿਰਧਾਰਤ ਕੀਤਾ ਗਿਆ ਹੈ, ਉਸ ਦੇ ਆਲੇ-ਦੁਆਲੇ ਨਾ ਤਾਂ ਲੋੜੀਂਦੀ ਰਿਹਾਇਸ਼ੀ ਆਬਾਦੀ ਹੈ, ਨਾ ਹੀ ਵਪਾਰਕ ਗਤੀਵਿਧੀਆਂ ਅਤੇ ਨਾ ਹੀ ਗਾਹਕਾਂ ਦੀ ਆਵਾਜਾਈ ਦਿਖਾਈ ਦਿੰਦੀ ਹੈ। ਇਲਾਕੇ ਦਾ ਕਾਫ਼ੀ ਹਿੱਸਾ ਖਾਲੀ ਅਤੇ ਜੰਗਲਨੁਮਾ ਹੈ। ਅਜਿਹੇ ਵਿੱਚ ਇੱਥੇ ਵੈਂਡਰਾਂ ਲਈ ਦੁਕਾਨ ਲਗਾ ਕੇ ਰੋਜ਼ੀ-ਰੋਟੀ ਚਲਾਉਣਾ ਵਿਹਾਰਕ ਤੌਰ ’ਤੇ ਮੁਸ਼ਕਲ ਹੋਵੇਗਾ। ਮੇਅਰ ਨੇ ਕਿਹਾ ਕਿ ਸਿਰਫ਼ ਕਾਗਜ਼ਾਂ ’ਤੇ ਕਿਸੇ ਥਾਂ ਨੂੰ ਵੈਂਡਿੰਗ ਜ਼ੋਨ ਐਲਾਨ ਦੇਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਵੈਂਡਿੰਗ ਜ਼ੋਨ ਅਜਿਹੀ ਥਾਂ ’ਤੇ ਹੋਣਾ ਚਾਹੀਦਾ ਹੈ ਜਿੱਥੇ ਵੈਂਡਰਾਂ ਨੂੰ ਗਾਹਕ ਮਿਲ ਸਕਣ ਅਤੇ ਉਹ ਸਨਮਾਨ ਨਾਲ ਆਪਣਾ ਕਾਰੋਬਾਰ ਚਲਾ ਸਕਣ। ਉਨ੍ਹਾਂ ਕਿਹਾ ਕਿ ਜਿੱਥੇ ਨਾ ਘਰ ਹਨ, ਨਾ ਬਾਜ਼ਾਰ ਅਤੇ ਨਾ ਹੀ ਗਾਹਕ, ਉੱਥੇ ਵੈਂਡਰ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਿਵੇਂ ਕਰਨਗੇ। ਸੌਰਭ ਜੋਸ਼ੀ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੈਕਟਰ-52/53 ਦੇ ਵੈਂਡਿੰਗ ਜ਼ੋਨ ਦੀ ਮੌਜੂਦਾ ਵਿਵਸਥਾ ਦਾ ਵਿਹਾਰਕ ਪੱਧਰ ’ਤੇ ਮੁੜ ਮੁਲਾਂਕਣ ਕੀਤਾ ਜਾਵੇ। ਇਸ ਦੇ ਨਾਲ ਹੀ ਅਜਿਹੀਆਂ ਬਦਲਵੀਆਂ ਥਾਵਾਂ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਕਿਹਾ ਗਿਆ, ਜਿੱਥੇ ਲੋਕਾਂ ਦੀ ਆਵਾਜਾਈ ਵੱਧ ਹੋਵੇ ਅਤੇ ਵੈਂਡਰਾਂ ਨੂੰ ਲੋੜੀਂਦੇ ਗਾਹਕ ਮਿਲ ਸਕਣ। ਮੇਅਰ ਨੇ ਕਿਹਾ ਕਿ ਸਥਾਈ ਹੱਲ ਹੋਣ ਤੱਕ ਪ੍ਰਭਾਵਿਤ ਵੈਂਡਰਾਂ ਲਈ ਅੰਤਰਿਮ ਵਿਵਸਥਾ ਦੇ ਵਿਕਲਪਾਂ ’ਤੇ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਸੈਕਟਰ-52/53 ਦੇ ਸਟ੍ਰੀਟ ਵੈਂਡਿੰਗ ਜ਼ੋਨ ਦਾ ਮਾਮਲਾ ਨਗਰ ਨਿਗਮ ਦੀ ਆਉਣ ਵਾਲੀ ਜਨਰਲ ਹਾਊਸ ਮੀਟਿੰਗ ਵਿੱਚ ਉਠਾਇਆ ਜਾਵੇਗਾ। ਸਦਨ ਵਿੱਚ ਇਸ ’ਤੇ ਵਿਸਥਾਰ ਨਾਲ ਚਰਚਾ ਕਰਕੇ ਵਿਹਾਰਕ ਅਤੇ ਸਥਾਈ ਹੱਲ ਕੱਢਣ ਦਾ ਯਤਨ ਕੀਤਾ ਜਾਵੇਗਾ।