ਐਡਵੋਕੇਟ ਰਿਤਿਕਾ ਬਜਾਜ ਡੀਬੀਏ ਦੀ ਐਗਜ਼ਿਕਿਊਟਿਵ ਮੈਂਬਰ ਬਣੀ ਐਡਵੋਕੇਟ ਰਿਤਿਕਾ ਬਜਾਜ ਡੀਬੀਏ ਦੀ ਐਗਜ਼ਿਕਿਊਟਿਵ ਮੈਂਬਰ ਬਣੀ
Publish Date: Wed, 16 Sep 2026 07:39 PM (IST)
Updated Date: Thu, 17 Sep 2026 04:05 AM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਐਡਵੋਕੇਟ ਰਿਤਿਕਾ ਬਜਾਜ ਨੇ ਆਪਣੇ ਪੇਸ਼ੇਵਰ ਸਫ਼ਰ ਦੀ ਪਹਿਲੀ ਹੀ ਚੋਣ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 809 ਵੋਟਾਂ ਹਾਸਲ ਕਰਕੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ (ਡੀਬੀਏ), ਚੰਡੀਗੜ੍ਹ ਦੀ ਐਗਜ਼ਿਕਿਊਟਿਵ ਮੈਂਬਰ ਵਜੋਂ ਚੋਣ ਜਿੱਤੀ ਹੈ। ਉਨ੍ਹਾਂ ਨੇ 10 ਸਾਲ ਤੋਂ ਘੱਟ ਪ੍ਰੈਕਟਿਸ ਵਾਲੇ ਵਕੀਲਾਂ ਦੀ ਸ਼੍ਰੇਣੀ ਵਿੱਚ ਚੋਣ ਲੜੀ ਸੀ। ਲੁਧਿਆਣਾ ਦੀ ਵਸਨੀਕ ਐਡਵੋਕੇਟ ਰਿਤਿਕਾ ਬਜਾਜ ਪਿਛਲੇ ਸਮੇਂ ਤੋਂ ਚੰਡੀਗੜ੍ਹ ਦੀਆਂ ਅਦਾਲਤਾਂ ਵਿੱਚ ਵਕਾਲਤ ਕਰ ਰਹੀ ਹਨ। ਉਨ੍ਹਾਂ ਦੇ ਪੇਸ਼ੇਵਰ ਸਫ਼ਰ ਵਿੱਚ ਕਾਨੂੰਨੀ ਪ੍ਰੈਕਟਿਸ ਦੇ ਨਾਲ-ਨਾਲ ਅਦਾਲਤੀ ਤਜਰਬਾ ਅਤੇ ਕਾਨੂੰਨੀ ਖੇਤਰ ਪ੍ਰਤੀ ਸਮਰਪਣ ਵੀ ਸ਼ਾਮਲ ਹੈ। ਖਾਸ ਗੱਲ ਇਹ ਹੈ ਕਿ ਵਕਾਲਤ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਇਸ ਦੇ ਨਾਲ-ਨਾਲ ਐਡਵੋਕੇਟ ਬਜਾਜ ਨੇ ਚੰਡੀਗੜ੍ਹ ਵਿੱਚ ਜੁਡੀਸ਼ਰੀ ਦੀ ਤਿਆਰੀ ਵੀ ਕੀਤੀ। ਨਿਆਂਇਕ ਸੇਵਾਵਾਂ ਦੀ ਤਿਆਰੀ ਕਰਦਿਆਂ ਵਕਾਲਤ ਦੇ ਖੇਤਰ ਵਿੱਚ ਆਪਣਾ ਤਜਰਬਾ ਹਾਸਲ ਕਰਨ ਨਾਲ ਉਨ੍ਹਾਂ ਨੂੰ ਕਾਨੂੰਨ ਦੇ ਅਕਾਦਮਿਕ ਅਤੇ ਵਿਹਾਰਕ ਦੋਵੇਂ ਪੱਖਾਂ ਨੂੰ ਸਮਝਣ ਦਾ ਮੌਕਾ ਮਿਲਿਆ। ਆਪਣੀ ਪਹਿਲੀ ਹੀ ਚੋਣ ਵਿੱਚ 809 ਵੋਟਾਂ ਹਾਸਲ ਕਰਨਾ ਬਾਰ ਦੇ ਮੈਂਬਰਾਂ ਵੱਲੋਂ ਉਨ੍ਹਾਂ ਪ੍ਰਤੀ ਜਤਾਏ ਗਏ ਭਰੋਸੇ ਅਤੇ ਸਮਰਥਨ ਨੂੰ ਦਰਸਾਉਂਦਾ ਹੈ। ਜਿੱਤ ਤੋਂ ਬਾਅਦ ਐਡਵੋਕੇਟ ਰਿਤਿਕਾ ਬਜਾਜ ਨੇ ਸੀਨੀਅਰ ਵਕੀਲਾਂ, ਬਾਰ ਦੇ ਸਾਥੀ ਮੈਂਬਰਾਂ, ਸਮਰਥਕਾਂ, ਦੋਸਤਾਂ ਤੇ ਚੋਣ ਦੌਰਾਨ ਉਨ੍ਹਾਂ ਦਾ ਸਾਥ ਦੇਣ ਵਾਲੇ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਜਿੱਤ ਸਿਰਫ਼ ਇੱਕ ਉਪਲਬਧੀ ਨਹੀਂ, ਸਗੋਂ ਇੱਕ ਜ਼ਿੰਮੇਵਾਰੀ ਵੀ ਹੈ।