- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਤੇ ਡੀਸੀ ਦਫ਼ਤਰ ਨਾਕਾਮ ਤਾਂ ਮੇਅਰ ਨੂੰ ਦਿਓ ਇਜਾਜ਼ਤ, ਬੁਲਡੋਜ਼ਰ ਨਾਲ ਢਾਹ ਦਿਆਂਗਾ ਨਸ਼ਾ ਤਸਕਰਾਂ ਦੇ ਘਰ : ਮੇਅਰ

‘ਨਸ਼ੇ ਨੂੰ ਇਨਕਾਰ, ਉੱਜਵਲ ਭਵਿੱਖ ਨੂੰ ਸਵੀਕਾਰ’ ਪ੍ਰੋਗਰਾਮ ’ਚ ਬੋਲੇ ਮੇਅਰ ਸੌਰਭ ਜੋਸ਼ੀ
ਮੁੱਖ ਮਹਿਮਾਨ ਪ੍ਰਸ਼ਾਸਕ ਕੋਲੋਂ ਨਸ਼ਾ ਤਸਕਰਾਂ ਨੂੰ ਖ਼ਤਮ ਕਰਨ ਲਈ ਮੰਗੀ ਇਜਾਜ਼ਤ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਨਸ਼ਾ ਸਿਰਫ਼ ਇੱਕ ਇਨਸਾਨ ਨੂੰ ਨਹੀਂ, ਸਗੋਂ ਪੂਰੇ ਪਰਿਵਾਰ ਨੂੰ ਬਰਬਾਦ ਕਰ ਦਿੰਦਾ ਹੈ। ਜਦੋਂ ਕਿਸੇ ਵਿਅਕਤੀ ਦੀ ਨਸ਼ੇ ਦੀ ਲੋੜ ਪੂਰੀ ਨਹੀਂ ਹੁੰਦੀ ਤਾਂ ਉਹ ਤਸਕਰੀ ਵੱਲ ਵਧਦਾ ਹੈ ਅਤੇ ਪੂਰਾ ਪਰਿਵਾਰ ਤਬਾਹ ਹੋ ਜਾਂਦਾ ਹੈ। ਜੇ ਚੰਡੀਗੜ੍ਹ ਪੁਲਿਸ ਜਾਂ ਡੀਸੀ ਦਫ਼ਤਰ ਕਾਰਵਾਈ ਕਰਨ ਵਿੱਚ ਨਾਕਾਮ ਹਨ ਤਾਂ ਮੇਅਰ ਨੂੰ ਇਜਾਜ਼ਤ ਦਿੱਤੀ ਜਾਵੇ। ਮੇਅਰ ਨਸ਼ਾ ਤਸਕਰੀ ਨਾਲ ਬਣਾਈ ਗਈ ਜਾਇਦਾਦ ਨੂੰ ਬੁਲਡੋਜ਼ਰ ਨਾਲ ਤਬਾਹ ਕਰ ਦੇਵੇਗਾ। ਮੈਨੂੰ ਇੱਕ ਵਾਰ ਇਜਾਜ਼ਤ ਦਿੱਤੀ ਜਾਵੇ। ਇਹ ਗੱਲ ਮੇਅਰ ਸੌਰਭ ਜੋਸ਼ੀ ਨੇ ਪਲਾਜ਼ਾ ਸੈਕਟਰ-17 ਵਿੱਚ ਨਗਰ ਨਿਗਮ ਵੱਲੋਂ ਕਰਵਾਏ ਗਏ ‘ਨਸ਼ੇ ਨੂੰ ਇਨਕਾਰ, ਉੱਜਵਲ ਭਵਿੱਖ ਨੂੰ ਸਵੀਕਾਰ’ ਪ੍ਰੋਗਰਾਮ ਦੌਰਾਨ ਕਹੀ।
ਪਲਾਜ਼ਾ ਸੈਕਟਰ-17 ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ’ਚ ਵਪਾਰ ਮੰਡਲ ਤੋਂ ਇਲਾਵਾ ਸਕੂਲ ਸਿੱਖਿਆ ਵਿਭਾਗ ਦੇ ਐੱਨਐੱਸਐੱਸ ਵਲੰਟੀਅਰਾਂ ਨੇ ਵੀ ਹਿੱਸਾ ਲਿਆ ਅਤੇ ਨਸ਼ੇ ਨੂੰ ਖ਼ਤਮ ਕਰਨ ਦਾ ਸੰਕਲਪ ਲਿਆ। ਵਪਾਰ ਮੰਡਲ ਨੇ ਸੰਕਲਪ ਲਿਆ ਕਿ ਦਸਤਖ਼ਤ ਮੁਹਿੰਮ ਚਲਾ ਕੇ ਲੋਕਾਂ ਨੂੰ ਨਸ਼ੇ ਵਿਰੁੱਧ ਜਾਗਰੂਕ ਕੀਤਾ ਜਾਵੇਗਾ। ਉੱਥੇ ਹੀ ਐੱਨਐੱਸਐੱਸ ਵਲੰਟੀਅਰਾਂ ਨੇ ਨੁੱਕੜ ਨਾਟਕ ਰਾਹੀਂ ਨਸ਼ੇ ਕਾਰਨ ਹੋਣ ਵਾਲੇ ਨੁਕਸਾਨ ਨੂੰ ਦਰਸਾਉਂਦਿਆਂ ਇਸ ਤੋਂ ਬਚਾਅ ਦਾ ਸੰਦੇਸ਼ ਦਿੱਤਾ।
ਪ੍ਰੋਗਰਾਮ ਵਿੱਚ ਪ੍ਰਸ਼ਾਸਕ ਤੋਂ ਇਲਾਵਾ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਸਪੈਸ਼ਲ ਸਕੱਤਰ ਹਰਪ੍ਰੀਤ ਸਿੰਘ ਸੂਦਨ ਅਤੇ ਵਪਾਰ ਮੰਡਲ ਦੇ ਸੰਜੀਵ ਚੱਢਾ ਵੀ ਮੌਜੂਦ ਰਹੇ। ਮੇਅਰ ਦੀ ਮੰਗ ’ਤੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਨਸ਼ੇ ਖ਼ਿਲਾਫ਼ ਕੰਮ ਕਰਨਾ ਆਸਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸਤੰਬਰ ਮਹੀਨੇ ਵਿੱਚ ਕੁਝ ਅਜਿਹਾ ਕੀਤਾ ਜਾਵੇਗਾ ਕਿ ਦੁਨੀਆ ਮੰਨੇਗੀ ਕਿ ਨਸ਼ੇ ਨੂੰ ਇਸੇ ਤਰ੍ਹਾਂ ਖ਼ਤਮ ਕੀਤਾ ਜਾ ਸਕਦਾ ਹੈ।
ਸਵੈ-ਸਹਾਇਤਾ ਸਮੂਹ ਨੇ ਕਾਊਂਸਲਿੰਗ ਤੇ ਇਲਾਜ ਦਾ ਲਿਆ ਸੰਕਲਪ
ਵਪਾਰ ਮੰਡਲ ਵੱਲੋਂ ਸ਼ਹਿਰ ਦੀ ਹਰ ਮਾਰਕੀਟ ਵਿੱਚ ਦਸਤਖ਼ਤ ਮੁਹਿੰਮ ਚਲਾਉਣ ਤੋਂ ਇਲਾਵਾ ਐੱਨਯੂਐੱਲਐੱਮ ਤਹਿਤ ਚਲਾਏ ਜਾ ਰਹੇ ਸਵੈ-ਸਹਾਇਤਾ ਸਮੂਹ ਨੇ ਵੀ ਨਸ਼ਾ ਪੀੜਤ ਲੋਕਾਂ ਦੀ ਕਾਊਂਸਲਿੰਗ ਕਰਨ, ਉਨ੍ਹਾਂ ਦਾ ਇਲਾਜ ਕਰਵਾਉਣ ਅਤੇ ਉਨ੍ਹਾਂ ਨੂੰ ਆਮ ਜ਼ਿੰਦਗੀ ਵਿੱਚ ਵਾਪਸ ਲਿਆਉਣ ਦੀ ਸੁੰਹ ਚੁੱਕੀ।
ਤਿੰਨ ਕਰੋੜ ਦੀ ਆਬਾਦੀ ’ਚੋਂ 22 ਲੱਖ 60 ਹਜ਼ਾਰ ਨੌਜਵਾਨ ਨਸ਼ੇ ਦੇ ਆਦੀ : ਪ੍ਰਸ਼ਾਸਕ
ਮੇਅਰ ਵੱਲੋਂ ਬੁਲਡੋਜ਼ਰ ਚਲਾਉਣ ਦੀ ਇਜਾਜ਼ਤ ਮੰਗਣ ’ਤੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪੰਜਾਬ ਤਿੰਨ ਕਰੋੜ ਦੀ ਆਬਾਦੀ ਵਾਲਾ ਸੂਬਾ ਹੈ। ਸੰਸਦ ਵਿੱਚ ਪੇਸ਼ ਕੀਤੀ ਗਈ ਜਾਣਕਾਰੀ ਅਨੁਸਾਰ 22 ਲੱਖ 60 ਹਜ਼ਾਰ ਨੌਜਵਾਨ ਨਸ਼ੇ ਤੋਂ ਪੀੜਤ ਹਨ। ਇਹ ਨਸ਼ਾ ਸ਼ਰਾਬ ਜਾਂ ਤੰਬਾਕੂ ਨਹੀਂ, ਸਗੋਂ ਸਿੰਥੈਟਿਕ ਨਸ਼ਾ ਹੈ, ਜਿਸ ਤੋਂ ਬਾਹਰ ਆਉਣਾ ਬਹੁਤ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਬੁਲਡੋਜ਼ਰ ਨਾਲ ਨਸ਼ੇ ਦਾ ਅੰਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਤੇ ਹੋਰ ਸੂਬੇ ਵੀ ਇਸ ਦਿਸ਼ਾ ਵਿੱਚ ਕੰਮ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਨੂੰ ਇਸ ਮੁਹਿੰਮ ਵਿੱਚ ਸਾਡਾ ਸਹਿਯੋਗੀ ਬਣਨਾ ਚਾਹੀਦਾ ਹੈ, ਜਿਸ ਰਾਹੀਂ ਅਸੀਂ ਨਸ਼ਾ ਕਰਨ ਵਾਲਿਆਂ ਨੂੰ ਫੜ ਸਕਦੇ ਹਾਂ।