ਸਟਾਰਟਅਪਸ ਨੂੰ 85.80 ਲੱਖ ਅਤੇ ਇਨਕਿਊਬੇਟਰਾਂ ਨੂੰ 1.17 ਕਰੋੜ ਰੁਪਏ ਦੀ ਗ੍ਰਾਂਟ ਸਟਾਰਟਅਪਸ ਨੂੰ 85.80 ਲੱਖ ਅਤੇ ਇਨਕਿਊਬੇਟਰਾਂ ਨੂੰ 1.17 ਕਰੋੜ ਰੁਪਏ ਦੀ ਗ੍ਰਾਂਟ
Publish Date: Wed, 09 Sep 2026 07:51 PM (IST)
Updated Date: Wed, 09 Sep 2026 07:52 PM (IST)
ਚੰਡੀਗੜ੍ਹ ਸਟਾਰਟਅਪ ਨੀਤੀ-2025 ਤਹਿਤ ਅੱਠ ਸਟਾਰਟਅਪਸ ਤੇ ਚਾਰ ਇਨਕਿਊਬੇਟਰਾਂ ਨੂੰ ਮਿਲੀ ਵਿੱਤੀ ਸਹਾਇਤਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਟਾਰਟਅਪਸ ਅਤੇ ਇਨਕਿਊਬੇਟਰਾਂ ਨੂੰ ਉਤਸ਼ਾਹਿਤ ਕਰਨ ਲਈ ਬੁੱਧਵਾਰ ਨੂੰ ਯੂਟੀ ਸਕੱਤਰੇਤ ਵਿਖੇ ਚੰਡੀਗੜ੍ਹ ਸਟਾਰਟਅਪ ਨੀਤੀ-2025 ਤਹਿਤ ਗ੍ਰਾਂਟ ਵੰਡ ਸਮਾਰੋਹ ਕਰਵਾਇਆ ਗਿਆ। ਸਮਾਰੋਹ ਵਿੱਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਅੱਠ ਸਟਾਰਟਅਪਸ ਅਤੇ ਚਾਰ ਇਨਕਿਊਬੇਟਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ। ਅੱਠ ਸਟਾਰਟਅਪਸ ਲਈ ਕੁੱਲ 85.80 ਲੱਖ ਰੁਪਏ ਅਤੇ ਚਾਰ ਇਨਕਿਊਬੇਟਰਾਂ ਲਈ 1.175 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਨਜ਼ੂਰ ਕੀਤੀ ਗਈ ਹੈ। ਕੁੱਲ 2.033 ਕਰੋੜ ਰੁਪਏ ਦੀ ਗ੍ਰਾਂਟ ਰਕਮ ਨੀਤੀ ਦੇ ਪ੍ਰਬੰਧਾਂ ਅਨੁਸਾਰ ਸਬੰਧਤ ਇਨਕਿਊਬੇਟਰਾਂ ਰਾਹੀਂ ਪੜਾਅਵਾਰ ਢੰਗ ਨਾਲ ਵੰਡੀ ਜਾਵੇਗੀ। ਸਮਾਰੋਹ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ, ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਵਿੱਤ ਸਕੱਤਰ ਦੀਪਰਵਾ ਲਾਕੜਾ, ਡਿਪਟੀ ਕਮਿਸ਼ਨਰ-ਕਮ-ਸਕੱਤਰ ਉਦਯੋਗ ਨਿਸ਼ਾਂਤ ਕੁਮਾਰ ਯਾਦਵ ਅਤੇ ਡਾਇਰੈਕਟਰ ਉਦਯੋਗ ਪ੍ਰਦਿਊਮਨ ਸਿੰਘ ਸਮੇਤ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ। ਇਸ ਤੋਂ ਇਲਾਵਾ ਉਦਯੋਗਿਕ ਸੰਗਠਨਾਂ, ਸਟਾਰਟਅਪਸ, ਇਨਕਿਊਬੇਟਰਾਂ, ਵਿੱਦਿਅਕ ਸੰਸਥਾਵਾਂ, ਸਰਕਾਰੀ ਵਿਭਾਗਾਂ ਅਤੇ ਜਨਤਕ ਖੇਤਰ ਦੇ ਉਪਕਰਮਾਂ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ। ਸਕੱਤਰ ਉਦਯੋਗ ਨਿਸ਼ਾਂਤ ਕੁਮਾਰ ਯਾਦਵ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਚੰਡੀਗੜ੍ਹ ਸਟਾਰਟਅਪ ਨੀਤੀ-2025 ਦੇ ਮੁੱਖ ਪ੍ਰਬੰਧਾਂ ਅਤੇ ਅਰਜ਼ੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨੀਤੀ ਦਾ ਉਦੇਸ਼ ਚੰਡੀਗੜ੍ਹ ਵਿੱਚ ਨਵੀਨਤਾ ਅਤੇ ਉਦਯਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਟਾਰਟਅਪਸ ਲਈ ਅਨੁਕੂਲ ਮਾਹੌਲ ਤਿਆਰ ਕਰਨਾ ਹੈ। ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸਟਾਰਟਅਪਸ ਅਤੇ ਇਨਕਿਊਬੇਟਰਾਂ ਨੂੰ ਸਮੇਂ ਸਿਰ ਵਿੱਤੀ ਅਤੇ ਸੰਸਥਾਗਤ ਸਹਾਇਤਾ ਮਿਲਣ ਨਾਲ ਨਵੇਂ ਉੱਦਮੀਆਂ ਨੂੰ ਆਪਣੇ ਵਿਚਾਰਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲੇਗੀ। ਇਸ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਚੰਡੀਗੜ੍ਹ ਦੇ ਆਰਥਿਕ ਵਿਕਾਸ ਨੂੰ ਵੀ ਗਤੀ ਮਿਲੇਗੀ। ਉਨ੍ਹਾਂ ਸਟਾਰਟਅਪਸ ਅਤੇ ਇਨਕਿਊਬੇਟਰਾਂ ਨੂੰ ਨੀਤੀ ਤਹਿਤ ਉਪਲਬਧ ਸਹਾਇਤਾ ਦਾ ਪ੍ਰਭਾਵਸ਼ਾਲੀ ਢੰਗ ਨਾਲ ਇਸਤੇਮਾਲ ਕਰਨ ਦੀ ਅਪੀਲ ਕੀਤੀ। ਵਿਚਾਰ ਤੋਂ ਬਾਜ਼ਾਰ ਤੱਕ ਮਦਦ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਸਮੇਂ ਵਿੱਚ ਸਟਾਰਟਅਪਸ ਨੂੰ ਸਿਰਫ਼ ਵਿੱਤੀ ਸਹਾਇਤਾ ਹੀ ਨਹੀਂ, ਸਗੋਂ ਵਿਚਾਰ-ਸਿਰਜਣ ਸੈਸ਼ਨ, ਮਾਰਗਦਰਸ਼ਨ ਅਤੇ ਸਲਾਹ-ਮਸ਼ਵਰਾ, ਨਿਵੇਸ਼ਕਾਂ ਨਾਲ ਸੰਪਰਕ, ਸਮਰੱਥਾ ਨਿਰਮਾਣ ਅਤੇ ਬਾਜ਼ਾਰ ਨਾਲ ਜੋੜਨ ਵਰਗੀਆਂ ਸਹੂਲਤਾਂ ਵੀ ਮੁਹੱਈਆ ਕਰਵਾਉਣ ਦੀ ਯੋਜਨਾ ਹੈ। ਇਸ ਦੇ ਦਾਇਰੇ ਵਿੱਚ ਹੋਰ ਵੱਧ ਸਟਾਰਟਅਪਸ ਅਤੇ ਇਨਕਿਊਬੇਟਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਅਧਿਕਾਰੀਆਂ ਅਨੁਸਾਰ, ਇਨ੍ਹਾਂ ਯਤਨਾਂ ਦਾ ਉਦੇਸ਼ ਸਟਾਰਟਅਪਸ, ਉਦਯੋਗ, ਨਿਵੇਸ਼ਕਾਂ, ਵਿੱਦਿਅਕ ਸੰਸਥਾਵਾਂ, ਵਿਦਿਆਰਥੀਆਂ ਅਤੇ ਹੋਰ ਹਿੱਤਧਾਰਕਾਂ ਨੂੰ ਇੱਕ ਮੰਚ ’ਤੇ ਲਿਆ ਕੇ ਚੰਡੀਗੜ੍ਹ ਵਿੱਚ ਮਜ਼ਬੂਤ ਅਤੇ ਟਿਕਾਊ ਉੱਦਮਸ਼ੀਲਤਾ ਦਾ ਮਾਹੌਲ ਤਿਆਰ ਕਰਨਾ ਹੈ।