ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਪੰਜਾਬ ਯੂਨੀਵਰਸਿਟੀ ਸੈਨੇਟ ਚੋਣ :
Publish Date: Wed, 09 Sep 2026 07:18 PM (IST)
Updated Date: Wed, 09 Sep 2026 07:19 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਸੈਨੇਟ ਦੇ ਮੁੜ ਗਠਨ ਲਈ ਹੋ ਰਹੀਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸੱਤ ਸਤੰਬਰ ਨੂੰ ਹੋਈ ਵੋਟਿੰਗ ਦਾ ਨਤੀਜਾ ਬੁੱਧਵਾਰ ਨੂੰ ਐਲਾਨਿਆ ਗਿਆ। ਇਸ ਤਹਿਤ ਤਕਨੀਕੀ ਅਤੇ ਪ੍ਰੋਫੈਸ਼ਨਲ ਕਾਲਜਾਂ ਦੇ ਚੋਣ ਖੇਤਰ ਦੇ ਛੇ ਉਮੀਦਵਾਰਾਂ ਦੇ ਨਤੀਜੇ ਐਲਾਨੇ ਗਏ। ਪ੍ਰਿੰਸੀਪਲ ਵਰਗ ਤੋਂ ਤਿੰਨ ਅਤੇ ਸਟਾਫ਼ ਵਰਗ ਤੋਂ ਤਿੰਨ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ। ਸਾਰੇ ਚੁਣੇ ਗਏ ਉਮੀਦਵਾਰਾਂ ਦੀ ਚੋਣ ਚਾਂਸਲਰ ਦੀ ਮਨਜ਼ੂਰੀ ਦੇ ਅਧੀਨ ਰਹੇਗੀ। ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਸੈਨੇਟ ਨੂੰ ਇੱਕ ਵਾਰ ਭੰਗ ਕੀਤੇ ਜਾਣ ਤੋਂ ਬਾਅਦ ਕਰੀਬ ਦੋ ਸਾਲ ਬਾਅਦ ਚੋਣਾਂ ਹੋ ਰਹੀਆਂ ਹਨ। ਸੈਨੇਟ ਦੀ ਚੋਣ ਚਾਰ ਸਾਲਾਂ ਲਈ ਹੁੰਦੀ ਹੈ। ਪੀਯੂ ਸੈਨੇਟ ਵਿੱਚ ਵੱਖ-ਵੱਖ ਚੋਣ ਖੇਤਰ ਹਨ, ਜਿਨ੍ਹਾਂ ਦੇ ਨਤੀਜੇ ਵੱਖ-ਵੱਖ ਸਮੇਂ ’ਤੇ ਐਲਾਨੇ ਜਾਣਗੇ। ਅਗਲੀ ਚੋਣ 14 ਸਤੰਬਰ ਨੂੰ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਪ੍ਰੋਫੈਸਰਾਂ ਲਈ ਅਤੇ 20 ਸਤੰਬਰ ਨੂੰ ਗ੍ਰੈਜੂਏਟ ਅਤੇ ਕਾਲਜ ਅਧਿਆਪਕਾਂ ਦੇ ਪ੍ਰੋਫੈਸਰ ਵਰਗ ਲਈ ਹੋਵੇਗੀ। ਪ੍ਰਿੰਸੀਪਲ ਵਰਗ ’ਚ ਸਪਨਾ ਨੰਦਾ ਦੀ ਇਕ ਵੋਟ ਨਾਲ ਜਿੱਤ ਪ੍ਰਿੰਸੀਪਲ ਵਰਗ ਵਿੱਚ ਚੰਡੀਗੜ੍ਹ ਦੀ ਸਪਨਾ ਨੰਦਾ ਇਕ ਵੋਟ ਦੇ ਫਰਕ ਨਾਲ ਚੁਣੀ ਗਈ। ਉੱਥੇ ਹੀ ਪੰਜਾਬ ਦੀ ਵਿਧੀ ਭੱਲਾ ਅਤੇ ਪਰਗਟ ਸਿੰਘ ਗਰਚਾ ਨੇ 11-11 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ। ਇਸ ਵਰਗ ਵਿੱਚ ਕੁੱਲ 41 ਵੋਟਾਂ ਪਈਆਂ, ਜਿਨ੍ਹਾਂ ਵਿੱਚੋਂ 40 ਵੋਟਾਂ ਵੈਧ ਰਹੀਆਂ। ਸਟਾਫ ਵਰਗ ’ਚ ਵਿਪੁਲ ਕੁਮਾਰ ਨਾਰੰਗ ਸਭ ਤੋਂ ਅੱਗੇ : ਸਟਾਫ ਵਰਗ ਵਿੱਚ ਪੰਜਾਬ ਦੇ ਵਿਪੁਲ ਕੁਮਾਰ ਨਾਰੰਗ 141 ਵੋਟਾਂ ਹਾਸਲ ਕਰਕੇ ਸਭ ਤੋਂ ਵੱਧ ਵੋਟਾਂ ਨਾਲ ਜੇਤੂ ਰਹੇ। ਪੰਜਾਬ ਦੇ ਹੀ ਗੁਰਮੀਤ ਸਿੰਘ ਨੂੰ 113 ਅਤੇ ਚੰਡੀਗੜ੍ਹ ਦੇ ਸੁਰੇਸ਼ ਕੁਮਾਰ ਨੂੰ 111 ਵੋਟਾਂ ਮਿਲੀਆਂ। ਇਸ ਵਰਗ ਵਿੱਚ ਕੁੱਲ 515 ਵੋਟਾਂ ਪਈਆਂ, ਜਿਨ੍ਹਾਂ ਵਿੱਚੋਂ 486 ਵੋਟਾਂ ਵੈਧ ਐਲਾਨੀਆਂ ਗਈਆਂ। ਸੈਨੇਟ ਦੇ ਮੁੜ ਗਠਨ ਲਈ ਹੋ ਰਹੀਆਂ ਚੋਣਾਂ ਦੇ ਨਤੀਜਿਆਂ ਦੀ ਇਹ ਪ੍ਰਕਿਰਿਆ ਦੀ ਸ਼ੁਰੂਆਤ ਹੈ। ਯੂਨੀਵਰਸਿਟੀ ਵੱਲੋਂ ਹੋਰ ਚੋਣ ਖੇਤਰਾਂ ਦੇ ਨਤੀਜੇ ਵੀ ਚੋਣ ਪ੍ਰਕਿਰਿਆ ਪੂਰੀ ਹੋਣ ਦੇ ਨਾਲ ਐਲਾਨੇ ਜਾਣਗੇ।