ਅਨਾਜ ਭੰਡਾਰਨ ਲਈ ਗੋਦਾਮ ਬਣਾਉਣ ’ਚ ਪੰਜਾਬ ਸਰਕਾਰ ਨਾਕਾਮ : ਜੋਸ਼ੀ ਅਨਾਜ ਭੰਡਾਰਨ ਲਈ ਗੋਦਾਮ ਬਣਾਉਣ ਵਿੱਚ ਪੰਜਾਬ ਸਰਕਾਰ ਨਾਕਾਮ: ਪ੍ਰਹਿਲਾਦ ਜੋਸ਼ੀ
Publish Date: Fri, 14 Aug 2026 07:40 PM (IST)
Updated Date: Sat, 15 Aug 2026 04:03 AM (IST)
* ਕਿਹਾ, ਬਣਾ ਨਹੀਂ ਸਕਦੇ ਤਾਂ ਭੰਡਾਰਨ ਲਈ ਪੰਜਾਬ ਸਰਕਾਰ ਕਿਰਾਏ ’ਤੇ ਲਵੇ ਗੋਦਾਮ, ਕਿਰਾਇਆ ਕੇਂਦਰ ਸਰਕਾਰ ਦੇਵੇਗੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਕੇਂਦਰੀ ਖੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਖੁਲਾਸਾ ਕੀਤਾ ਕਿ ਕੇਂਦਰ ਤੇ ਪੰਜਾਬ ਸਰਕਾਰ ਵਿਚਕਾਰ 60 ਲੱਖ ਟਨ ਸਮਰੱਥਾ ਵਾਲੇ ਨਵੇਂ ਗੋਦਾਮ ਬਣਾਉਣ ਦਾ ਸਮਝੌਤਾ ਹੋਇਆ ਸੀ ਪਰ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਚੰਡੀਗੜ੍ਹ ’ਚ ਸੈਂਟਰਲ ਬੈਂਕ ਡਿਜੀਟਲ ਕਰੰਸੀ ਲਾਂਚ ਮੌਕੇ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਇਹ ਗੱਲ ਕਹੀ। ਚੰਡੀਗੜ੍ਹ ਦੇ ਟੈਗੋਰ ਥੀਏਟਰ ’ਚ ਪ੍ਰੋਗਰਾਮ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਝੋਨੇ ਦੀ ਆਉਣ ਵਾਲੀ ਫਸਲ ਲਈ ਗੋਦਾਮਾਂ ’ਚ ਭੰਡਾਰਨ ਸਮਰੱਥਾ ਦੀ ਘਾਟ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਇਹ ਗੱਲ ਕਹੀ। ਜੋਸ਼ੀ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਲਦੀ ਇਨ੍ਹਾਂ ਗੋਦਾਮਾਂ ਦਾ ਨਿਰਮਾਣ ਕਰੇ ਜਾਂ ਫਿਰ ਕਿਰਾਏ ’ਤੇ ਗੋਦਾਮ ਲਵੇ। ਉਨ੍ਹਾਂ ਭਰੋਸਾ ਦਿੱਤਾ ਕਿ ਕਿਰਾਏ ਦੀ ਅਦਾਇਗੀ ਭਾਰਤ ਸਰਕਾਰ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੇਸ਼ ਦਾ ਲਗਪਗ 60 ਫ਼ੀਸਦੀ ਅਨਾਜ ਪੰਜਾਬ ਅਤੇ ਹਰਿਆਣਾ ਤੋਂ ਹੀ ਬਾਕੀ ਸੂਬਿਆਂ ’ਚ ਭੇਜਿਆ ਜਾ ਰਿਹਾ ਹੈ। ਇਸ ਲਈ ਭੰਡਾਰਨ ਦੀ ਢੁੱਕਵੀਂ ਵਿਵਸਥਾ ਕਰਨਾ ਜ਼ਰੂਰੀ ਹੈ। ਪੰਜਾਬ ਨਾਲ ਕੋਈ ਵਿਤਕਰਾ ਨਹੀ : ਚੌਹਾਨ ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੇਂਡੂ ਵਿਕਾਸ ਫੰਡ (ਆਰਡੀਐੱਫ) ਸਬੰਧੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾ ਰਿਹਾ ਅਤੇ ਨਿਯਮਾਂ ਅਨੁਸਾਰ ਸੂਬੇ ਨੂੰ ਉਸ ਦੀ ਬਣਦੀ ਹਰ ਰਕਮ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਲਗਾਤਾਰ ਉਠਾਏ ਜਾ ਰਹੇ ਆਰਡੀਐੱਫ ਫੰਡਾਂ ਦੇ ਮੁੱਦੇ ’ਤੇ ਚੌਹਾਨ ਨੇ ਇਹ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਮੁੱਖ ਮੰਤਰੀ ਤੇ ਮੰਤਰੀਆਂ ਨਾਲ ਕਿਸੇ ਵੀ ਸਮੇਂ ਬੈਠ ਕੇ ਮੁੱਦਿਆਂ ਦਾ ਹੱਲ ਕਰਨ ਲਈ ਹਮੇਸ਼ਾ ਤਿਆਰ ਹਨ। ਘੱਟੋ-ਘੱਟ ਸਮਰਥਨ ਮੁੱਲ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਇਤਿਹਾਸਕ ਪੱਧਰ ’ਤੇ ਕਣਕ ਅਤੇ ਚੌਲਾਂ ਦੀ ਖ਼ਰੀਦ ਕੀਤੀ ਹੈ ਤੇ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ।