ਨਸ਼ਾ ਤਸਕਰੀ ਦੇ ਮਾਮਲੇ ’ਚ 5 ਮੁਲਜ਼ਮ ਕਾਬੂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪੰਜ ਮੁਲਜ਼ਮ ਕਾਬੂ
Publish Date: Mon, 03 Aug 2026 07:12 PM (IST)
Updated Date: Tue, 04 Aug 2026 04:05 AM (IST)
41.47 ਗ੍ਰਾਮ ਚਿੱਟਾ ਅਤੇ 14.55 ਗ੍ਰਾਮ ਆਈਸ ਡਰੱਗ ਬਰਾਮਦ ਸਟਾਫ਼ ਰਿਪੋਰਟਰ , ਪੰਜਾਬੀ ਜਾਗਰਣ, ਚੰਡੀਗੜ੍ਹ: ਸ਼ਹਿਰ ਵਿੱਚ ਨਸ਼ਾ ਤਸਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਮਲੋਆ ਥਾਣਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਚਿੱਟਾ ਅਤੇ ਆਈਸ ਡਰੱਗ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਕੁੱਲ 41.47 ਗ੍ਰਾਮ ਚਿੱਟਾ ਅਤੇ 14.55 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਸਾਰੇ ਮੁਲਜ਼ਮ ਆਪਸ ਵਿੱਚ ਸੰਪਰਕ ਵਿੱਚ ਸਨ। ਇੱਕ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ ਪੂਰੇ ਨੈੱਟਵਰਕ ਦਾ ਪਰਦਾਫ਼ਾਸ਼ ਕਰਦਿਆਂ ਹੋਰ ਚਾਰ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ। ਇਹ ਕਾਰਵਾਈ ਐੱਸਐੱਚਓ ਮਲੋਆ ਬਲਦੇਵ ਕੁਮਾਰ ਦੀ ਅਗਵਾਈ ਹੇਠ ਕੀਤੀ ਗਈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਮੋਹਾਲੀ ਦੇ ਪਿੰਡ ਮਾਜਰਾ ਦੇ ਗੁਰਸੇਵਕ ਸਿੰਘ (38), ਸੈਕਟਰ-42 ਦੇ ਰੋਹਿਤ ਕੁਮਾਰ ਉਰਫ਼ ਵਿਕੀ (42), ਸੈਕਟਰ-50ਡੀ ਦੇ ਵਿਕਰਮ ਕਪੂਰ ਉਰਫ਼ ਰੋਹਿਤ (24), ਸੈਕਟਰ-52 ਦੇ ਵਿਜੈ ਰਾਜਭਰ (23) ਅਤੇ ਰਵਿੰਦਰ ਕੁਮਾਰ (20) ਵਜੋਂ ਹੋਈ ਹੈ। 31 ਜੁਲਾਈ ਨੂੰ ਡੱਡੂਮਾਜਰਾ ਨੇੜੇ ਤੋਗਾਂ ਬੈਰੀਅਰ ’ਤੇ ਨਾਕਾਬੰਦੀ ਦੌਰਾਨ ਪੁਲਿਸ ਨੇ ਗੁਰਸੇਵਕ ਸਿੰਘ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ। ਤਲਾਸ਼ੀ ਦੌਰਾਨ ਉਸ ਕੋਲੋਂ 14.11 ਗ੍ਰਾਮ ਚਿੱਟਾ ਅਤੇ 3.61 ਗ੍ਰਾਮ ਆਈਸ ਡਰੱਗ ਬਰਾਮਦ ਹੋਈ। ਉਸ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਤੋਂ ਤਿੰਨ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ। ਰਿਮਾਂਡ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ 1 ਅਗਸਤ ਨੂੰ ਰੋਹਿਤ ਕੁਮਾਰ ਉਰਫ਼ ਵਿਕੀ ਨੂੰ 5.58 ਗ੍ਰਾਮ ਆਈਸ ਡਰੱਗ ਅਤੇ ਵਿਕਰਮ ਕਪੂਰ ਉਰਫ਼ ਰੋਹਿਤ ਨੂੰ 5.36 ਗ੍ਰਾਮ ਆਈਸ ਡਰੱਗ ਸਮੇਤ ਗ੍ਰਿਫ਼ਤਾਰ ਕੀਤਾ। ਰੋਹਿਤ ਉਰਫ਼ ਵਿਕੀ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਇਸ ਦੌਰਾਨ ਮਿਲੇ ਇਨਪੁਟ ਦੇ ਆਧਾਰ ’ਤੇ ਪੁਲਿਸ ਨੇ ਵਿਜੈ ਰਾਜਭਰ ਨੂੰ 5.14 ਗ੍ਰਾਮ ਚਿੱਟੇ ਅਤੇ ਰਵਿੰਦਰ ਕੁਮਾਰ ਨੂੰ 10.14 ਗ੍ਰਾਮ ਚਿੱਟੇ ਸਮੇਤ ਕਾਬੂ ਕਰ ਲਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਰੋਹਿਤ ਉਰਫ਼ ਵਿਕੀ ਆਦਤਨ ਅਪਰਾਧੀ ਹੈ ਅਤੇ ਉਸ ਖ਼ਿਲਾਫ਼ ਚੰਡੀਗੜ੍ਹ ਦੇ ਵੱਖ-ਵੱਖ ਥਾਣਿਆਂ ’ਚ ਚੋਰੀ ਤੇ ਐੱਨਡੀਪੀਐੱਸ ਐਕਟ ਦੇ ਕੁੱਲ 17 ਕੇਸ ਦਰਜ ਹਨ। ਵਿਜੈ ਰਾਜਭਰ ਖ਼ਿਲਾਫ਼ ਸੈਕਟਰ-36 ਥਾਣੇ ’ਚ ਕੁੱਟਮਾਰ ਦਾ ਇੱਕ ਕੇਸ ਦਰਜ ਹੈ, ਜਦਕਿ ਹੋਰ ਤਿੰਨ ਮੁਲਜ਼ਮਾਂ ਦਾ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ।