- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਐਮ ਮੋਦੀ ਨੇ ਟ੍ਰਾਈਸਿਟੀ ਨੂੰ ਦਿੱਤੇ 6614 ਕਰੋੜ ਦੇ ਵਿਕਾਸ ਪ੍ਰੋਜੈਕਟ, ਸਿਹਤ, ਸਿੱਖਿਆ ਤੇ ਸੜਕ ਨੂੰ ਵੱਡਾ ਬਲ

* ਪੀਐਮ ਨੇ ਟ੍ਰਾਈਸਿਟੀ ਨੂੰ ਦਿੱਤੇ 6614 ਕਰੋੜ ਦੇ ਵਿਕਾਸ ਪ੍ਰੋਜੈਕਟ, ਰੱਖਿਆ ਨੀਂਹ ਪੱਥਰ
* ਪੀਜੀਆਈ ਨੂੰ ਮਿਲੇਗਾ ਦੂਜਾ ਮੈਡੀਕਲ ਕਾਲਜ
ਤਰੁਣ ਭਜਨੀ, ਪੰਜਾਬੀ ਜਾਗਰਣ
ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ (ਟ੍ਰਾਈਸਿਟੀ) ਨੂੰ 6614 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਸਿਹਤ, ਸਿੱਖਿਆ ਤੇ ਸੜਕ ਬੁਨਿਆਦੀ ਢਾਂਚੇ ਨਾਲ ਜੁੜੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਤੇ ਲੋਕਾਂ ਨੂੰ ਸਮਰਪਿਤ ਕੀਤਾ। ਇਸ ’ਚ 4700 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸੌਗਾਤ ਸਿਰਫ ਚੰਡੀਗੜ੍ਹ ਨੂੰ ਦਿੱਤੀ ਗਈ।
ਪੰਜਾਬ ਇੰਜੀਨੀਅਰਿੰਗ ਕਾਲਜ (ਪੇਕ) ’ਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸਿਰਫ਼ ਇਕ ਸ਼ਹਿਰ ਨਹੀਂ, ਸਗੋਂ ਸੁਚੱਜੇ ਵਿਕਾਸ ਤੇ ਬਿਹਤਰ ਜੀਵਨ ਸ਼ੈਲੀ ਦਾ ਦੇਸ਼ ਲਈ ਇਕ ਮਾਡਲ ਹੈ। ਉਨ੍ਹਾਂ ਕਿਹਾ ਕਿ ਮਾਂ ਚੰਡੀ ਦੇ ਅਸ਼ੀਰਵਾਦ ਨਾਲ ਚੰਡੀਗੜ੍ਹ ਅੱਗੇ ਵਧ ਰਿਹਾ ਹੈ ਤੇ ਚੰਡੀਗੜ੍ਹ ਦਾ ਵਿਕਾਸ ਕੇਂਦਰ ਸਰਕਾਰ ਦੀ ਹਮੇਸ਼ਾ ਪਹਿਲ ਰਹੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੋਂ ਹੀ ਭਾਰਤੀ ਨਿਆਂ ਸੰਹਿਤਾ ਨੂੰ ਲਾਗੂ ਕਰਨ ਦੀ ਸ਼ੁਰੂਆਤ ਹੋਈ, ਜਿਸ ਨਾਲ ਦੇਸ਼ ਦੀ ਨਿਆਂ ਪ੍ਰਣਾਲੀ ਨੂੰ ਪੁਰਾਣੇ ਕਾਨੂੰਨਾਂ ਤੋਂ ਮੁਕਤ ਕਰ ਕੇ ਨਿਆਂ-ਕੇਂਦਰਿਤ ਬਣਾਇਆ ਗਿਆ।
ਚੰਡੀਗੜ੍ਹ ’ਚ ਇਸ ਤੋਂ ਪਹਿਲਾਂ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਆਧੁਨਿਕ ਬਣਾਉਣ ਲਈ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ, ਸਮਾਰਟ ਟ੍ਰੈਫਿਕ ਮੈਨੇਜਮੈਂਟ ਤੇ ਡਿਜ਼ੀਟਲ ਗਵਰਨੈਂਸ ਵਰਗੀਆਂ ਯੋਜਨਾਵਾਂ ’ਤੇ ਢਾਈ ਹਜ਼ਾਰ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ ਹਨ। ਇਸ ਨਾਲ ਚੰਡੀਗੜ੍ਹ ਨੂੰ ਹਾਈਟੈਕ ਸਿਟੀ ਬਣਾਉਣ ਵੱਲ ਵੱਡਾ ਕਦਮ ਚੁੱਕਿਆ ਗਿਆ ਹੈ।
ਪੀਜੀਆਈ ’ਚ ਬਣੇਗਾ ਦੂਜਾ ਮੈਡੀਕਲ ਕਾਲਜ
ਮੋਦੀ ਨੇ ਕਿਹਾ ਕਿ ਚੰਡੀਗੜ੍ਹ ਪੂਰੇ ਉੱਤਰੀ ਭਾਰਤ ਲਈ ਸਿਹਤ ਸੇਵਾਵਾਂ ਦਾ ਵੱਡਾ ਕੇਂਦਰ ਹੈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ ਲੱਖਾਂ ਲੋਕ ਇਲਾਜ ਲਈ ਪੀਜੀਆਈ ’ਤੇ ਨਿਰਭਰ ਹਨ। ਇਸੇ ਲਈ ਪੀਜੀਆਈ ’ਚ ਨਿਊਰੋਸਾਇੰਸ ਸੈਂਟਰ, ਮਦਰ ਐਂਡ ਚਾਈਲਡ ਸੈਂਟਰ ਤੇ ਕ੍ਰਿਟੀਕਲ ਕੇਅਰ ਹਸਪਤਾਲ ਬਲਾਕ ਵਰਗੇ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪੀਜੀਆਈ ਨੂੰ ਦੂਜਾ ਮੈਡੀਕਲ ਕਾਲਜ ਮਿਲੇਗਾ, ਜਿਸ ਨਾਲ ਐੱਮਬੀਬੀਐੱਸ ਦੀਆਂ ਸੀਟਾਂ ਵਧਣਗੀਆਂ ਤੇ ਦੇਸ਼ ਨੂੰ ਹੋਰ ਮਾਹਿਰ ਡਾਕਟਰ ਮਿਲਣਗੇ।
ਸਿਹਤ ਖੇਤਰ ’ਚ ਹੋਏ ਬਦਲਾਅ ਗਿਣਾਏ
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ’ਚ ਦੇਸ਼ ਵਿਚ ਸਿਹਤ ਢਾਂਚੇ ਦਾ ਤੇਜ਼ੀ ਨਾਲ ਵਿਸਥਾਰ ਹੋਇਆ ਹੈ। 2014 ਤੋਂ ਬਾਅਦ 15 ਨਵੇਂ ਏਮਜ਼, ਸੈਂਕੜੇ ਮੈਡੀਕਲ ਕਾਲਜ ਤੇ ਕਈ ਵਿਸ਼ੇਸ਼ ਹਸਪਤਾਲ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ, ਆਯੁਸ਼ਮਾਨ ਆਰੋਗਿਆ ਮੰਦਰ, ਈ-ਸੰਜੀਵਨੀ ਟੈਲੀਮੈਡੀਸਨ ਤੇ ਪ੍ਰਾਇਮਰੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਨਾਲ ਕਰੋੜਾਂ ਲੋਕਾਂ ਨੂੰ ਲਾਭ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਦੇਸ਼ ’ਚ ਹੁਣ ਤੱਕ 48 ਕਰੋੜ ਤੋਂ ਵੱਧ ਟੈਲੀਮੈਡੀਸਨ ਸਲਾਹ-ਮਸ਼ਵਰੇ ਹੋ ਚੁੱਕੇ ਹਨ। ਸੰਸਥਾਗਤ ਜਨਮਾਂ ਦੀ ਦਰ 90 ਫੀਸਦੀ ਤੋਂ ਵੱਧ ਹੋ ਗਈ ਹੈ, ਜਦਕਿ ਮਾਤਾ ਅਤੇ ਬੱਚਿਆਂ ਦੀ ਮੌਤ ਦਰ ਵਿੱਚ ਵੀ ਵੱਡੀ ਕਮੀ ਆਈ ਹੈ।
ਸਫ਼ਾਈ ਨੂੰ ਜੀਵਨ ਸ਼ੈਲੀ ਬਣਾਉਣ ’ਤੇ ਜ਼ੋਰ
ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਮਿਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਫ਼ਾਈ ਸਿਰਫ਼ ਇਕ ਮੁਹਿੰਮ ਨਹੀਂ, ਸਗੋਂ ਜੀਵਨ ਸ਼ੈਲੀ ਬਣਨੀ ਚਾਹੀਦੀ ਹੈ। ਉਨ੍ਹਾਂ ਚੰਡੀਗੜ੍ਹ ਦੇ ਸਾਬਕਾ ਆਈਪੀਐੱਸ ਅਧਿਕਾਰੀ ਇੰਦਰਜੀਤ ਸਿੰਘ ਸਿੱਧੂ, ਜਿਨ੍ਹਾਂ ਨੂੰ ‘ਬਰੂਮ ਵਾਰੀਅਰ’ ਵਜੋਂ ਜਾਣਿਆ ਜਾਂਦਾ ਹੈ, ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ’ਚ ਸਫ਼ਾਈ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਉਨ੍ਹਾਂ ਨੂੰ ਇਸ ਸਾਲ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਪੇਕ ’ਚ ਖੋਜ ਅਤੇ ਵਿਦਿਆਰਥੀਆਂ ਲਈ ਨਵੀਆਂ ਸਹੂਲਤਾਂ
ਪ੍ਰਧਾਨ ਮੰਤਰੀ ਨੇ ਪੰਜਾਬ ਇੰਜੀਨੀਅਰਿੰਗ ਕਾਲਜ ’ਚ ਕੁਰੂਕਸ਼ੇਤਰ ਬੋਇਜ਼ ਹੋਸਟਲ ਦਾ ਉਦਘਾਟਨ ਕੀਤਾ ਤੇ ਰਿਸਰਚ ਸਕਾਲਰਾਂ ਲਈ ਨਵੇਂ ਹੋਸਟਲ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ, ਸੈਮੀਕੰਡਕਟਰ ਤੇ ਡੀਪ-ਟੈਕ ਵਰਗੇ ਖੇਤਰਾਂ ’ਚ ਅੱਗੇ ਲਿਜਾਣ ਲਈ ਮਜ਼ਬੂਤ ਖੋਜ ਢਾਂਚੇ ਦੀ ਲੋੜ ਹੈ ਤੇ ਚੰਡੀਗੜ੍ਹ ਇਸ ਖੇਤਰ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ।
ਨਵੀਆਂ ਸੜਕਾਂ ਨਾਲ ਮਿਲੇਗੀ ਟ੍ਰੈਫਿਕ ਤੋਂ ਰਾਹਤ
ਮੋਦੀ ਨੇ ਆਈਟੀ ਸਿਟੀ ਤੋਂ ਕੁਰਾਲੀ ਤੱਕ ਛੇ ਲੇਨ ਗ੍ਰੀਨਫੀਲਡ ਹਾਈਵੇ ਲੋਕਾਂ ਨੂੰ ਸਮਰਪਿਤ ਕੀਤਾ ਤੇ ‘ਪੀਆਰ-7 ਸਪਰ’ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਹਵਾਈ ਅੱਡੇ ਵੱਲ ਜਾਣ ਵਾਲੇ ਰਸਤੇ ’ਤੇ ਟ੍ਰੈਫਿਕ ਦਾ ਦਬਾਅ ਘਟੇਗਾ ਅਤੇ ਉਦਯੋਗ ਤੇ ਵਪਾਰ ਨੂੰ ਵੀ ਨਵੀਂ ਗਤੀ ਮਿਲੇਗੀ।
ਆਪਣੇ ਸੰਬੋਧਨ ਦੇ ਅੰਤ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਭਵਿੱਖ ਨੂੰ ਧਿਆਨ ’ਚ ਰੱਖ ਕੇ ਸਿਹਤ, ਸਿੱਖਿਆ, ਖੋਜ ਤੇ ਬੁਨਿਆਦੀ ਢਾਂਚੇ ’ਚ ਨਿਵੇਸ਼ ਜਾਰੀ ਰਹੇਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ।