ਖੇਲੋ ਚੰਡੀਗੜ੍ਹ ਗੇਮਜ਼-2026 ਦੀ ਸ਼ਾਨਦਾਰ ਸਮਾਪਤੀ
ਖੇਲੋ ਚੰਡੀਗੜ੍ਹ ਗੇਮਜ਼ 2026 ਦੀ ਸ਼ਾਨਦਾਰ ਸਮਾਪਤੀ
Publish Date: Mon, 01 Jun 2026 08:20 PM (IST)
Updated Date: Mon, 01 Jun 2026 09:13 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਪ੍ਰਦੇਸ਼ ਭਾਜਪਾ ਦੇ ਖੇਡ ਪ੍ਰਕੋਸ਼ਠ ਵੱਲੋਂ ਖੇਲੋ ਚੰਡੀਗੜ੍ਹ ਗੇਮਜ਼ 2026 ਦੀ ਸਮਾਪਤੀ ਪੰਜਾਬ ਯੂਨੀਵਰਸਿਟੀ ਕਨਵੈਨਸ਼ਨ ਸੈਂਟਰ ਵਿਚ ਹੋਈ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕੇਂਦਰੀ ਰਾਜ ਮੰਤਰੀ ਅਤੇ ਸੰਸਦ ਮੈਂਬਰ ਐੱਸਪੀ ਸਿੰਘ ਬਘੇਲ ਸ਼ਾਮਲ ਹੋਏ। ਹਰਿਆਣਾ ਸਰਕਾਰ ਦੇ ਕੈਬਨਿਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਮਹਿਮਾਨ ਵਜੋਂ ਹਾਜ਼ਰੀ ਭਰੀ। ਜਦਕਿ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਮੰਚ ’ਤੇ ਭਾਜਪਾ ਚੰਡੀਗੜ੍ਹ ਪ੍ਰਦੇਸ਼ ਦੇ ਪ੍ਰਧਾਨ ਜਤਿੰਦਰਪਾਲ ਮਲਹੋਤਰਾ, ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ, ਪ੍ਰਦੇਸ਼ ਮਹਾਮੰਤਰੀ ਰਾਮਵੀਰ ਭੱਟੀ, ਸੰਜੀਵ ਰਾਣਾ ਅਤੇ ਸ਼ਕਤੀ ਪ੍ਰਕਾਸ਼ ਦੇਵਸ਼ਾਲੀ, ਪੰਜਾਬ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਪ੍ਰੋ. ਰੇਣੂ ਵਿਗ, ਡਾਇਰੈਕਟਰ ਸਪੋਰਟਸ ਰਾਕੇਸ਼ ਮਲਿਕ ਅਤੇ ਕਨਵੀਨਰ ਪ੍ਰਭਜੀਤ ਸਿੰਘ ਲਾਂਬਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸਮਾਪਤੀ ਸਮਾਰੋਹ ਦੌਰਾਨ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਖੇਡਾਂ ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਭੇਟ ਕੀਤੇ ਗਏ। ਮੌਜੂਦ ਮਹਿਮਾਨਾਂ ਨੇ ਖਿਡਾਰੀਆਂ ਦੀਆਂ ਉਪਲਬਧੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਮੁੱਖ ਮਹਿਮਾਨ ਐੱਸਪੀ ਸਿੰਘ ਬਘੇਲ ਨੇ ਭਾਜਪਾ ਚੰਡੀਗੜ੍ਹ ਦੇ ਖੇਡ ਪ੍ਰਕੋਸ਼ਠ ਨੂੰ ਇਸ ਕਾਰਜ ਲਈ ਵਧਾਈ ਦਿੰਦਿਆਂ ਕਿਹਾ ਕਿ ਆਮ ਤੌਰ ’ਤੇ ਜਿਸ ਤਰ੍ਹਾਂ ਦੇ ਕੰਮਾਂ ਦੀ ਉਮੀਦ ਖੇਡ ਮੰਤਰਾਲੇ ਤੋਂ ਕੀਤੀ ਜਾਂਦੀ ਹੈ। ਉਸੇ ਤਰ੍ਹਾਂ ਦਾ ਸ਼ਲਾਘਾਯੋਗ ਅਤੇ ਦੂਰਅੰਦੇਸ਼ੀ ਭਰਿਆ ਕੰਮ ਭਾਜਪਾ ਚੰਡੀਗੜ੍ਹ ਦਾ ਖੇਡ ਪ੍ਰਕੋਸ਼ਠ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਲੋ ਚੰਡੀਗੜ੍ਹ ਗੇਮਜ਼ ਵਰਗਾ ਵਿਸ਼ਾਲ ਸਮਾਰੋਹ ਹੋਰ ਰਾਜਨੀਤਿਕ ਦਲਾਂ ਲਈ ਵੀ ਪ੍ਰੇਰਨਾ ਬਣੇਗਾ। ਉਨ੍ਹਾਂ ਕਿਹਾ ਕਿ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਵੱਸਦਾ ਹੈ ਅਤੇ ਤੰਦਰੁਸਤ ਮਨ ਹੀ ਇੱਕ ਮਜ਼ਬੂਤ, ਖੁਸ਼ਹਾਲ ਅਤੇ ਵਿਕਸਿਤ ਰਾਸ਼ਟਰ ਦੀ ਨਿਰਮਾਣ ਸ਼ਕਤੀ ਹੁੰਦਾ ਹੈ। ਹਰਿਆਣਾ ਸਰਕਾਰ ਦੇ ਕੈਬਨਿਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਅੱਜ ਦੇ ਖਿਡਾਰੀ ਹੀ ਕੱਲ੍ਹ ਦੇ ਰਾਸ਼ਟਰ ਨਿਰਮਾਤਾ ਹਨ। ਦੇਸ਼ ਦਾ ਭਵਿੱਖ ਇਨ੍ਹਾਂ ਨੌਜਵਾਨਾਂ ਦੇ ਹੱਥਾਂ ਵਿੱਚ ਸੁਰੱਖਿਅਤ ਹੈ। ਜਤਿੰਦਰ ਪਾਲ ਮਲਹੋਤਰਾ ਨੇ ਪੰਜਾਬ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਪ੍ਰੋ. ਰੇਣੂ ਵਿਗ ਅਤੇ ਡਾਇਰੈਕਟਰ ਸਪੋਰਟਸ ਰਾਕੇਸ਼ ਮਲਿਕ ਦਾ ਵਿਸ਼ੇਸ਼ ਧੰਨਵਾਦ ਕੀਤਾ।