- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਅਰ ਜੋਸ਼ੀ ਦੀ ਅਗਵਾਈ ਹੇਠ ਐੱਫ ਐਂਡ ਸੀਸੀ ਦੀ ਮੀਟਿੰਗ, ਕਰੋੜਾਂ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ

ਤਰੁਣ ਭਜਨੀ, ਪੰਜਾਬੀ ਜਾਗਰਣ
ਚੰਡੀਗੜ੍ਹ : ਨਗਰ ਨਿਗਮ ਮੇਅਰ ਸੌਰਭ ਜੋਸ਼ੀ ਦੀ ਅਗਵਾਈ ਹੇਠ ਨਗਰ ਨਿਗਮ ਚੰਡੀਗੜ੍ਹ ਦੀ ਵਿੱਤ ਤੇ ਠੇਕਾ ਕਮੇਟੀ ਦੀ ਅਹਿਮ ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦੇਣ ਵਾਲੇ ਕਈ ਵੱਡੇ ਫੈਸਲੇ ਲਏ ਗਏ। ਇਸ ਮੀਟਿੰਗ ਵਿੱਚ ਸੜਕਾਂ, ਸੀਵਰੇਜ ਪ੍ਰਣਾਲੀ, ਮਾਰਕੀਟਾਂ ਦੇ ਅੱਪਗ੍ਰੇਡ ਅਤੇ ਕਮਿਊਨਿਟੀ ਸਹੂਲਤਾਂ ਨਾਲ ਜੁੜੇ ਦਰਜਨਾਂ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ। ਮੀਟਿੰਗ ਵਿੱਚ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ (ਆਈਏਐੱਸ) ਸਮੇਤ ਕਮੇਟੀ ਦੇ ਮੈਂਬਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ। ਮੀਟਿੰਗ ਦੌਰਾਨ ਸਭ ਤੋਂ ਵੱਡੀ ਮਨਜ਼ੂਰੀ ਸੈਕਟਰ-35 ਏ ਅਤੇ ਬੀ ਦੇ ਪਾਰਕਾਂ ਵਿੱਚ ਪੇਵਰ ਬਲਾਕਾਂ ਦੀ ਮੁਰੰਮਤ ਅਤੇ ਅੱਪਗ੍ਰੇਡ ਲਈ 49.88 ਲੱਖ ਰੁਪਏ ਦੇ ਪ੍ਰੋਜੈਕਟ ਨੂੰ ਮਿਲੀ। ਇਸ ਤੋਂ ਇਲਾਵਾ ਸੈਕਟਰ-20 ਸੀ ਦੇ ਪਾਰਕਾਂ ਵਿੱਚ 49.78 ਲੱਖ ਅਤੇ ਸੈਕਟਰ-37 ਡੀ ਮਾਰਕੀਟ ਦੇ ਅੱਪਗ੍ਰੇਡ ਲਈ 47.17 ਲੱਖ ਰੁਪਏ ਦੇ ਕੰਮ ਵੀ ਪਹਿਲ ਦੇ ਆਧਾਰ ’ਤੇ ਮਨਜ਼ੂਰ ਕੀਤੇ ਗਏ। ਇਸ ਤੋ ਇਲਾਵਾ ਸੈਕਟਰ-38 ਸੀ ਅਤੇ ਡੀ ਮਾਰਕੀਟ ਨੂੰ 45.68 ਲੱਖ ਰੁਪਏ ਨਾਲ ਨਵੀਂ ਸੂਰਤ ਦੇਣ ਦੀ ਤਿਆਰੀ ਹੈ। ਜਦਕਿ ਸੈਕਟਰ-34 ਏ ਬੀ ਸੀ ਅਤੇ ਡੀ ਵਿੱਚ ਸੜਕਾਂ ਅਤੇ ਪੇਵਰ ਬਲਾਕਾਂ ਦੇ ਕੰਮਾਂ ’ਤੇ ਵੀ ਵੱਡੀ ਰਕਮ ਖਰਚੀ ਜਾਵੇਗੀ।
ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਨਿਕਾਸੀ ਅਤੇ ਸੀਵਰੇਜ ਪ੍ਰਣਾਲੀ ਨੂੰ ਮਜ਼ਬੂਤ ਕਰਨ ’ਤੇ ਵੀ ਖਾਸ ਧਿਆਨ ਦਿੱਤਾ ਗਿਆ। ਧਨਾਸ ਖੇਤਰ ਵਿੱਚ ਬਰਸਾਤੀ ਪਾਣੀ ਦੀ ਸੁਚੱਜੀ ਨਿਕਾਸੀ ਲਈ ਲਗਭਗ 39.02 ਲੱਖ ਰੁਪਏ ਦੇ ਕੰਮ ਨੂੰ ਮਨਜ਼ੂਰੀ ਮਿਲੀ। ਜਦਕਿ ਪਿੰਡ ਧਨਾਸ ਵਿੱਚ ਸੀਵਰੇਜ ਨੈੱਟਵਰਕ ਮਜ਼ਬੂਤ ਕਰਨ ਲਈ 34.52 ਲੱਖ ਰੁਪਏ ਦਾ ਪ੍ਰਾਜੈਕਟ ਪਾਸ ਕੀਤਾ ਗਿਆ। ਸੈਕਟਰ-19 ਡੀ ਵਿੱਚ ਵੀ 29.60 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਸੀਵਰੇਜ ਲਾਈਨ ਵਿਛਾਈ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰ ਦੀਆਂ ਸੜਕਾਂ ਅਤੇ ਜਨਤਕ ਥਾਵਾਂ ਨੂੰ ਸੁਧਾਰਨ ਲਈ ਵੀ ਕਈ ਫੈਸਲੇ ਕੀਤੇ ਗਏ ਹਨ। ਵੱਖ-ਵੱਖ ਸੈਕਟਰਾਂ ਵਿੱਚ ਵੀ-4, ਵੀ-5 ਅਤੇ ਵੀ-6 ਸੜਕਾਂ ’ਤੇ ਕਿਨਾਰਿਆਂ ਦੀ ਦੁਬਾਰਾ ਬਣਤਰ, ਸੀਮੈਂਟ ਕੰਕਰੀਟ ਚੈਨਲ ਬਣਾਉਣ ਅਤੇ ਪੇਵਰ ਬਲਾਕ ਲਗਾਉਣ ਦੇ ਕੰਮ ਮਨਜ਼ੂਰ ਕੀਤੇ ਗਏ ਹਨ। ਸੈਕਟਰ-34, 35 ਅਤੇ 43 ਵਿੱਚ ਸੜਕ ਸੁਰੱਖਿਆ ਵਧਾਉਣ ਲਈ ਕੈਟ ਆਈਜ਼ ਅਤੇ ਮੀਡੀਆਨ ਮਾਰਕਿੰਗ ਵੀ ਲਾਈ ਜਾਵੇਗੀ। ਇਸ ਤੋ ਇਲਾਵਾ ਸਟਰੀਟ ਲਾਈਟਾ ਅਤੇ ਸੁੰਦਰਤਾ ਵਧਾਉਣ ਵੱਲ ਵੀ ਕਮੇਟੀ ਨੇ ਕਦਮ ਚੁੱਕੇ ਹਨ। ਸੈਕਟਰ-15 ਦੇ ਗ੍ਰੀਨ ਬੈਲਟ ਵਿੱਚ ਹਾਈ ਮਾਸਟ ਲਾਈਟਾਂ ਲਾਈਆਂ ਜਾਣਗੀਆਂ। ਜਦਕਿ ਸੈਕਟਰ-37, 38 ਅਤੇ 44 ਵਿੱਚ ਸਟ੍ਰੀਟ ਅਤੇ ਪਾਰਕਾਂ ਵਿੱਚ ਵੀ ਲਾਈਟਾਂ ਲੱਗਣਗੀਆਂ। ਸੈਕਟਰ-31 ਦੇ ਜਪਾਨੀ ਗਾਰਡਨ ਵਿੱਚ 33.29 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਫੁਹਾਰੇ ਲਾਏ ਜਾਣਗੇ।
ਕਮਿਊਨਿਟੀ ਸੈਂਟਰਾਂ ਵਿੱਚ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਕਈ ਅਹਿਮ ਫੈਸਲੇ ਲਏ ਗਏ ਹਨ। ਮੌਲੀ ਜਾਗਰਾਂ ਦੇ ਕਮਿਊਨਿਟੀ ਸੈਂਟਰ ਦੀ ਮੁਰੰਮਤ ਅਤੇ ਮੁੱਖ ਹਾਲ ਦੀ ਸਾਊਂਡ ਪਰੂਫਿੰਗ ਕੀਤੀ ਜਾਵੇਗੀ। ਸੈਕਟਰ-37 ਵਿੱਚ 10.53 ਲੱਖ ਰੁਪਏ ਦੀ ਲਾਗਤ ਨਾਲ ਮਾਡਲ ਵੈਂਡਿੰਗ ਜ਼ੋਨ ਬਣਾਇਆ ਜਾਵੇਗਾ। ਇਹਨਾਂ ਤੋਂ ਇਲਾਵਾ ਵਿਕਾਸ ਨਗਰ ਵਿੱਚ 27.42 ਲੱਖ ਰੁਪਏ ਦੀ ਲਾਗਤ ਨਾਲ ਡੂੰਘਾ ਟਿਊਬਵੈੱਲ ਲਗਾਉਣਾ, ਪਿੰਡ ਖੁੱਡਾ ਅਲੀ ਸ਼ੇਰ ਵਿੱਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਟੈਂਪਡ ਕਨਕਰੀਟ ਵਿਛਾਉਣ ਤੋ ਇਲਾਵਾ ਸੈਕਟਰ-48 ਦੇ ਕਮਿਊਨਿਟੀ ਸੈਂਟਰ ਵਿੱਚ ਫੈਂਸਿੰਗ, ਸੈਕਟਰ-15 ਵਿੱਚ ਮਕਾਨਾਂ ਦੇ ਨੇੜੇ ਸੀਮੈਂਟ ਕਨਕਰੀਟ ਫਲੋਰਿੰਗ, ਪਿੰਡ ਧਨਾਸ ਵਿੱਚ ਗਲੀਆਂ ਦੇ ਨੰਬਰ ਅਤੇ ਮੈਪ ਬੋਰਡ ਲਗਾਉਣਾ ਅਤੇ ਮਿਲਕ ਕਾਲੋਨੀ ਵਿੱਚ ਬਾਊਂਡਰੀ ਵਾਲ ਦੀ ਮੁਰੰਮਤ ਵੀ ਕੀਤੀ ਜਾਵੇਗੀ। ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਇਨ੍ਹਾਂ ਫੈਸਲਿਆਂ ਨਾਲ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।