ਐੱਚਪੀਐੱਸਸੀ ਹੈੱਡਕੁਆਟਰ ਅੱਗੇ ਯੂਥ ਕਾਂਗਰਸ ਦਾ ਪ੍ਰਦਰਸ਼ਨ
ਐਚਪੀਐਸਸੀ ਹੈੱਡਕੁਆਟਰ ਅੱਗੇ ਯੂਥ ਕਾਂਗਰਸ ਦਾ ਪ੍ਰਦਰਸ਼ਨ
Publish Date: Tue, 17 Feb 2026 06:07 PM (IST)
Updated Date: Tue, 17 Feb 2026 06:09 PM (IST)

ਪੁਲਿਸ ਨੇ ਕਾਰਕੁਨਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ ਤਰੁਣ ਭਜਨੀ, ਪੰਜਾਬੀ ਜਾਗਰਣ, ਪੰਚਕੂਲਾ : ਹਰਿਆਣਾ ਲੋਕ ਸੇਵਾ ਕਮਿਸ਼ਨ (ਐੱਚਪੀਐੱਸਸੀ) ਦੇ ਹੈਡਕੁਆਟਰ, ਪੰਚਕੂਲਾ ਵਿਚ ਮੰਗਲਵਾਰ ਨੂੰ ਉਸ ਵੇਲੇ ਹਾਲਾਤ ਤਣਾਅਪੂਰਨ ਹੋ ਗਏ ਜਦੋਂ ਇੰਡੀਅਨ ਯੂਥ ਕਾਂਗਰਸ ਦੇ ਕਾਰਕੁਨ ‘ਹੱਲਾ ਬੋਲ’ ਪ੍ਰਦਰਸ਼ਨ ਲਈ ਅੱਗੇ ਵਧੇ। ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਬੈਰੀਕੇਡਿੰਗ ਕੀਤੀ ਗਈ ਅਤੇ ਹਾਲਾਤ ਕਾਬੂ ਵਿਚ ਕਰਨ ਲਈ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ ਗਈ। ਪ੍ਰਦਰਸ਼ਨ ਦੌਰਾਨ ਦੀਪੇਂਦਰ ਹੁੱਡਾ (ਰੋਹਤਕ ਸੰਸਦ ਮੈਂਬਰ), ਵਰੁਣ ਮੁਲਾਣਾ (ਅੰਬਾਲਾ ਸੰਸਦ ਮੈਂਬਰ) ਅਤੇ ਯੂਥ ਕਾਂਗਰਸ ਦੇ ਪ੍ਰਧਾਨ ਨਿਸ਼ਿਤ ਕਟਾਰੀਆ ਬੈਰੀਕੇਡਾਂ ’ਤੇ ਚੜ੍ਹ ਗਏ। ਇਸ ਤੋਂ ਬਾਅਦ ਪੁਲਿਸ ਨੇ ਦੀਪੇਂਦਰ ਹੁੱਡਾ ਅਤੇ ਵਰੁਣ ਮੁਲਾਣਾ ਸਮੇਤ ਕਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਕੇ ਗੱਡੀਆਂ ਰਾਹੀਂ ਪੰਚਕੂਲਾ ਪੁਲਿਸ ਲਾਈਨ ਪਹੁੰਚਾਇਆ। ਹਾਲਾਂਕਿ ਕੁਝ ਸਮੇਂ ਬਾਅਦ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ। ਯੂਥ ਕਾਂਗਰਸ ਦੀਆਂ ਮੁੱਖ ਮੰਗਾਂ ਵਿੱਚ ਐਚਪੀਐਸਸੀ ਦੇ ਚੇਅਰਮੈਨ ਨੂੰ ਹਟਾਉਣਾ, 35 ਫ਼ੀਸਦੀ ਅੰਕਾਂ ਦੇ ਪ੍ਰਾਵਧਾਨ ਨੂੰ ਖਤਮ ਕਰਨਾ ਅਤੇ ਲੰਬਿਤ ਭਰਤੀਆਂ ਨੂੰ ਦੁਬਾਰਾ ਭਰਨਾ ਸ਼ਾਮਲ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਕਮਿਸ਼ਨ ਦੀਆਂ ਨੀਤੀਆਂ ਅਤੇ ਰਾਜ ਸਰਕਾਰ ਦੇ ਫੈਸਲਿਆਂ ਨਾਲ ਨੌਜਵਾਨਾਂ ਦੇ ਰੋਜ਼ਗਾਰ ਮੌਕੇ ਪ੍ਰਭਾਵਿਤ ਹੋਏ ਹਨ। ਜ਼ਿਕਰਯੋਗ ਹੈ ਕਿ ਐਚਪੀਐਸਸੀ ਦੇ ਖਿਲਾਫ ਯੂਥ ਕਾਰਕੁਨ ਪਿਛਲੇ ਕਰੀਬ 50 ਦਿਨਾਂ ਤੋਂ ਸੈਕਟਰ-5 ਪਰੇਡ ਗ੍ਰਾਊਂਡ ਵਿੱਚ ਧਰਨਾ ਦੇ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਭਰਤੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਯਕੀਨੀ ਨਹੀਂ ਬਣਾਈ ਜਾ ਰਹੀ, ਜਦਕਿ ਸਰਕਾਰ ਦਾ ਕਹਿਣਾ ਹੈ ਕਿ ਭਰਤੀ ਪ੍ਰਕਿਰਿਆ ਨਿਯਮਾਂ ਅਨੁਸਾਰ ਹੀ ਚਲਾਈ ਜਾ ਰਹੀ ਹੈ।