ਜੇਈਈ ਮੇਨ ’ਚ ਚੰਡੀਗੜ੍ਹ ਦੇ ਦੋ ਵਿਦਿਆਰਥੀਆਂ ਨੇ ਕੀਤਾ ਸ਼ਹਿਰ ਦਾ ਨਾਂ ਰੋਸ਼ਨ
ਜੇਈਈ ਮੇਨ 2026 ਵਿੱਚ ਚੰਡੀਗੜ੍ਹ ਦੇ ਦੋ ਵਿਦਿਆਰਥੀਆਂ ਨੇ ਕੀਤਾ ਸ਼ਹਿਰ ਦਾ ਨਾਮ ਰੌਸ਼ਨ
Publish Date: Mon, 16 Feb 2026 09:00 PM (IST)
Updated Date: Mon, 16 Feb 2026 09:03 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਜੇਈਈ ਮੇਨ 2026 ਦੇ ਨਤੀਜਿਆਂ ਵਿੱਚ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ਹਿਰ ਦਾ ਮਾਣ ਵਧਾਇਆ ਹੈ। ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ ਜਾਰੀ ਅਧਿਕਾਰਕ ਜਾਣਕਾਰੀ ਅਨੁਸਾਰ ਸ਼ਹਿਰ ਦੇ ਦੋ ਟੌਪਰ ਕਪਿਸ਼ ਮਿੱਤਲ ਅਤੇ ਆਦਿਤਿਆ ਗੁਪਤਾ ਨੇ ਆਲ ਇੰਡੀਆ ਪੱਧਰ ’ਤੇ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਸ਼ਹਿਰ ਦੇ ਹੀ ਵਿਦਿਆਰਥੀ ਯਜਤ ਮਿੱਤਲ ਨੇ ਫਿਜ਼ਿਕਸ ਅਤੇ ਗਣਿਤ ਵਿੱਚ 100 ਪਰਸੈਂਟਾਈਲ ਪ੍ਰਾਪਤ ਕਰਕੇ ਚੰਡੀਗੜ੍ਹ ਦੀਆਂ ਉਪਲਬਧੀਆਂ ਵਿੱਚ ਇਕ ਨਵਾਂ ਅਧਿਆਇ ਜੋੜ ਦਿੱਤਾ ਹੈ। ਸ਼ਿਖਿਆ ਜਗਤ ਨਾਲ ਜੁੜੇ ਮਾਹਰਾਂ ਦੇ ਅਨੁਸਾਰ, ਇਸ ਸਫਲਤਾ ਦੇ ਪਿੱਛੇ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ, ਮਜ਼ਬੂਤ ਵਿਸ਼ਾ ਸਮਝ ਅਤੇ ਅਨੁਸ਼ਾਸਿਤ ਦਿਨਚਰਿਆ ਮਹੱਤਵਪੂਰਨ ਰਹੀ। ਟੌਪਰਾਂ ਦਾ ਕਹਿਣਾ ਹੈ ਕਿ ਨਿਯਮਿਤ ਅਭਿਆਸ, ਵਾਰ-ਵਾਰ ਦੁਹਰਾਈ ਅਤੇ ਪ੍ਰੀਖਿਆ ਵਰਗੇ ਮਾਹੌਲ ਵਿੱਚ ਤਿਆਰੀ ਕਰਨ ਨਾਲ ਆਤਮਵਿਸ਼ਵਾਸ ਬਣਾਈ ਰੱਖਣ ਵਿੱਚ ਵੱਡੀ ਭੂਮਿਕਾ ਨਿਭੀ। ਕਪਿਸ਼ ਮਿੱਤਲ ਨੇ ਆਪਣੀ ਸਫਲਤਾ ਪਿੱਛੇ ਮਾਪੇ ਅਤੇ ਅਧਿਆਪਕਾਂ ਦੇ ਲਗਾਤਾਰ ਮਾਰਗਦਰਸ਼ਨ ਨੂੰ ਦੱਸਿਆ ।ਦੂਜੇ ਪਾਸੇ ਆਦਿਤਿਆ ਗੁਪਤਾ ਨੇ ਦੱਸਿਆ ਕਿ ਯੋਜਨਾਬੱਧ ਪੜ੍ਹਾਈ ਅਤੇ ਸਪਸ਼ਟ ਟੀਚੇ ਨਾਲ ਕੀਤੀ ਤਿਆਰੀ ਨੇ ਉਨ੍ਹਾਂ ਨੂੰ ਪ੍ਰੀਖਿਆ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਵਿੱਚ ਮਦਦ ਕੀਤੀ। ਆਦਿਤਿਆ ਗੁਪਤਾ ਦੇ ਮਾਪੇ ਜੋ ਪੇਸ਼ੇ ਤੋਂ ਦੋਵੇਂ ਡਾਕਟਰ ਹਨ, ਨੇ ਕਿਹਾ ਕਿ ਲਗਾਤਾਰ ਮਿਹਨਤ, ਇਮਾਨਦਾਰੀ ਅਤੇ ਕੇਂਦ੍ਰਿਤ ਯਤਨ ਹੀ ਇਸ ਉਪਲਬਧੀ ਦੀ ਅਸਲ ਨੀਂਹ ਹਨ। ਉਨ੍ਹਾਂ ਨੇ ਕਿਹਾ ਕਿ ਸਹੀ ਦਿਸ਼ਾ ਅਤੇ ਸਮੇਂਬੱਧ ਤਿਆਰੀ ਨਾਲ ਵਿਦਿਆਰਥੀ ਕਿਸੇ ਵੀ ਟੀਚੇ ਨੂੰ ਪ੍ਰਾਪਤ ਕਰ ਸਕਦੇ ਹਨ। ਸ਼ਹਿਰ ਦੇ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਨਤੀਜੇ ਚੰਡੀਗੜ੍ਹ ਦੇ ਸਿੱਖਿਅਕ ਮਾਹੌਲ ਅਤੇ ਵਿਦਿਆਰਥੀਆਂ ਵਿੱਚ ਵਧ ਰਹੀ ਮੁਕਾਬਲੇ ਦੀ ਤਿਆਰੀ ਨੂੰ ਵੀ ਦਰਸਾਉਂਦੇ ਹਨ। ਹੁਣ ਇਨ੍ਹਾਂ ਵਿਦਿਆਰਥੀਆਂ ਦੀ ਅਗਲੀ ਚੁਣੌਤੀ ਜੇਈਈ ਐਡਵਾਂਸਡ ਹੋਵੇਗੀ, ਜਿਸ ਲਈ ਸ਼ਹਿਰ ਭਰ ਵਿੱਚ ਉਤਸ਼ਾਹ ਅਤੇ ਉਮੀਦ ਦਾ ਮਾਹੌਲ ਬਣਿਆ ਹੋਇਆ ਹੈ।