ਗੰਦੇ ਪਾਣੀ ਕਾਰਨ ਨਵੀਂ ਬਣੀ ਸੜਕ ਹੋ ਰਹੀ ਖ਼ਰਾਬ : ਨੰਬਰਦਾਰ ਸੁਰਮੁਖ ਸਿੰਘ ਸੜਕ ਵਿਚਕਾਰ ਪਏ ਡੂੰਘੇ ਟੋਇਆਂ ਕਰ ਕੇ ਖ਼ਾਸਕਰ ਦੋ ਪਹੀਆ ਵਾਹਨ ਚਾਲਕ ਲਗਾਤਾਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।
Publish Date: Tue, 01 Sep 2026 05:38 PM (IST)
Updated Date: Wed, 02 Sep 2026 04:01 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ-ਬਰਵਾਲਾ ਰੋਡ ਤੇ ਸਥਿਤ ਪਿੰਡ ਭਗਵਾਨਪੁਰ ਦੇ ਨੇੜੇ ਅਣ-ਅਧਿਕਾਰਤ ਕਾਲੋਨੀਆਂ ਵੱਲੋਂ ਛੱਡੇ ਜਾ ਰਹੇ ਦੂਸ਼ਿਤ ਪਾਣੀ ਕਾਰਨ ਇਲਾਕਾ ਨਿਵਾਸੀਆਂ ਤੇ ਰਾਹਗੀਰਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਹਾ ਹੈ। ਮਾੜੇ ਨਿਕਾਸ ਪ੍ਰਬੰਧਾਂ ਕਰ ਕੇ ਇਹ ਗੰਦਾ ਪਾਣੀ ਮੁੱਖ ਸੜਕ ’ਤੇ ਭਰ ਰਿਹਾ ਹੈ, ਜਿਸ ਨਾਲ ਮਹਿਜ਼ ਦੋ ਸਾਲ ਪਹਿਲਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਡੇਰਾਬੱਸੀ-ਬਰਵਾਲਾ ਰੋਡ ਟੁੱਟਣੀ ਸ਼ੁਰੂ ਹੋ ਗਈ ਹੈ। ਸੜਕ ਵਿਚਕਾਰ ਪਏ ਡੂੰਘੇ ਟੋਇਆਂ ਕਰ ਕੇ ਖ਼ਾਸਕਰ ਦੋ ਪਹੀਆ ਵਾਹਨ ਚਾਲਕ ਲਗਾਤਾਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਪਿੰਡ ਭਗਵਾਨਪੁਰ ਦੇ ਲਾਗਲੇ ਖੇਤਰ ਚ ਬਣੀਆਂ ਅਣ-ਅਧਿਕਾਰਤ ਕਾਲੋਨੀਆਂ ਦਾ ਦੂਸ਼ਿਤ ਪਾਣੀ ਬਿਨਾਂ ਕਿਸੇ ਪੁਖ਼ਤਾ ਨਿਕਾਸ ਦੇ ਸਿੱਧਾ ਬਰਵਾਲਾ ਰੋਡ ਤੇ ਛੱਡਿਆ ਜਾ ਰਿਹਾ ਹੈ। ਦੋ ਸਾਲ ਪਹਿਲਾਂ ਕਰੋੜਾਂ ਰੁਪਏ ਖ਼ਰਚ ਕੇ ਬਣਾਈ ਗਈ ਸੜਕ ਪਾਣੀ ਦੀ ਮਾਰ ਕਾਰਨ ਥਾਂ-ਥਾਂ ਤੋਂ ਖ਼ਰਾਬ ਹੋ ਚੁੱਕੀ ਹੈ। ਰੋਜ਼ਾਨਾ ਲੰਘਣ ਵਾਲੇ ਦੁਪਹੀਆ ਵਾਹਨ ਚਾਲਕ ਟੋਇਆਂ ’ਚ ਡਿੱਗ ਕੇ ਜ਼ਖ਼ਮੀ ਹੋ ਰਹੇ ਹਨ। ਪਿੰਡ ਭਗਵਾਨਪੁਰ ਦੇ ਨੰਬਰਦਾਰ ਸੁਰਮੁਖ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੰਭੀਰ ਸਮੱਸਿਆ ਬਾਰੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਾਰ-ਵਾਰ ਜਾਣੂ ਕਰਵਾਇਆ ਗਿਆ ਹੈ, ਪਰ ਅਜੇ ਤੱਕ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਅਣ-ਅਧਿਕਾਰਤ ਕਾਲੋਨੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਸੜਕ ਦੀ ਤੁਰੰਤ ਮੁਰੰਮਤ ਕਰਵਾ ਕੇ ਪਾਣੀ ਦੇ ਸਹੀ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ।