ਪੰਜਾਬ ਦੇ ਸਰਕਾਰੀ ਸਕੂਲਾਂ ਲਈ ਵੱਡਾ ਫੈਸਲਾ, ਪਹਿਲੀ ਤੋਂ 12ਵੀਂ ਤੱਕ AI ਹੋਵੇਗਾ ਲਾਜ਼ਮੀ ਵਿਸ਼ਾ; ਹਰ 6 ਮਹੀਨੇ ਬਾਅਦ ਅਪਡੇਟ ਹੋਵੇਗਾ ਸਿਲੇਬਸ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਹੁਣ ਬਦਲਦੀ ਤਕਨਾਲੋਜੀ ਦੇ ਅਨੁਕੂਲ ਹੋਵੇਗੀ। ਰਾਜ ਸਰਕਾਰ ਨੇ ਪਹਿਲੀ ਤੋਂ 12ਵੀਂ ਜਮਾਤ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨੂੰ ਮੁੱਖ (ਕੋਰ) ਵਿਸ਼ੇ ਵਜੋਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਨਵੀਂ ਵਿਵਸਥਾ ਵੀਰਵਾਰ ਤੋਂ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਪੰਜਾਬ ਦੇਸ਼ ਦੇ ਉਨ੍ਹਾਂ ਚੋਣਵੇਂ ਰਾਜਾਂ 'ਚ ਸ਼ਾਮਲ ਹੋ ਜਾਵੇਗਾ, ਜਿੱਥੇ ਸਕੂਲ ਪੱਧਰ 'ਤੇ ਏ.ਆਈ. ਦੀ ਪੜ੍ਹਾਈ ਨੂੰ ਯੋਜਨਾਬੱਧ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ।
Publish Date: Wed, 22 Jul 2026 02:17 PM (IST)
Updated Date: Wed, 22 Jul 2026 02:18 PM (IST)
ਰੋਹਿਤ ਕੁਮਾਰ, ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਹੁਣ ਬਦਲਦੀ ਤਕਨਾਲੋਜੀ ਦੇ ਅਨੁਕੂਲ ਹੋਵੇਗੀ। ਰਾਜ ਸਰਕਾਰ ਨੇ ਪਹਿਲੀ ਤੋਂ 12ਵੀਂ ਜਮਾਤ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨੂੰ ਮੁੱਖ (ਕੋਰ) ਵਿਸ਼ੇ ਵਜੋਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਨਵੀਂ ਵਿਵਸਥਾ ਵੀਰਵਾਰ ਤੋਂ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਪੰਜਾਬ ਦੇਸ਼ ਦੇ ਉਨ੍ਹਾਂ ਚੋਣਵੇਂ ਰਾਜਾਂ 'ਚ ਸ਼ਾਮਲ ਹੋ ਜਾਵੇਗਾ, ਜਿੱਥੇ ਸਕੂਲ ਪੱਧਰ 'ਤੇ ਏ.ਆਈ. ਦੀ ਪੜ੍ਹਾਈ ਨੂੰ ਯੋਜਨਾਬੱਧ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੁੱਧਵਾਰ ਨੂੰ ਏ.ਆਈ. ਆਧਾਰਿਤ ਪਾਠਕ੍ਰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਅਗਲੇ 15 ਦਿਨਾਂ ਦੇ ਅੰਦਰ ਵਿਦਿਆਰਥੀਆਂ ਤੱਕ ਨਵੀਂਆਂ ਪਾਠ-ਪੁਸਤਕਾਂ ਪਹੁੰਚਾ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਏ.ਆਈ. ਤੇਜ਼ੀ ਨਾਲ ਬਦਲਣ ਵਾਲੀ ਤਕਨਾਲੋਜੀ ਹੈ, ਇਸ ਲਈ ਪਾਠਕ੍ਰਮ ਨੂੰ ਹਰ ਛੇ ਮਹੀਨਿਆਂ 'ਚ ਅਪਡੇਟ ਕੀਤਾ ਜਾਵੇਗਾ, ਤਾਂ ਜੋ ਵਿਦਿਆਰਥੀਆਂ ਨੂੰ ਤਾਜ਼ਾ ਜਾਣਕਾਰੀ ਮਿਲਦੀ ਰਹੇ। ਪਾਠਕ੍ਰਮ ਨੂੰ ਵੱਖ-ਵੱਖ ਉਮਰ ਵਰਗ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ।
ਪਹਿਲੀ ਤੋਂ ਪੰਜਵੀਂ ਜਮਾਤ: ਵਿਦਿਆਰਥੀਆਂ ਨੂੰ ਏ.ਆਈ. ਦੀ ਜਾਣ-ਪਛਾਣ ਅਤੇ ਇਸ ਦੀ ਜ਼ਿੰਮੇਵਾਰੀ ਨਾਲ ਵਰਤੋਂ ਬਾਰੇ ਦੱਸਿਆ ਜਾਵੇਗਾ।
ਛੇਵੀਂ ਤੋਂ 12ਵੀਂ ਜਮਾਤ: ਵਿਦਿਆਰਥੀਆਂ ਨੂੰ ਫਾਊਂਡੇਸ਼ਨ ਏ.ਆਈ., ਏ.ਆਈ. ਸਕਿੱਲ, ਇਨੋਵੇਸ਼ਨ ਸਕਿੱਲ ਅਤੇ ਵੱਖ-ਵੱਖ ਖੇਤਰਾਂ 'ਚ ਇਸ ਦੀ ਵਿਹਾਰਕ ਵਰਤੋਂ ਦੀ ਪੜ੍ਹਾਈ ਕਰਵਾਈ ਜਾਵੇਗੀ।
ਪਾਠਕ੍ਰਮ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ, ਜਿਸ ਨਾਲ ਉਨ੍ਹਾਂ ਨੂੰ ਉੱਚ ਸਿੱਖਿਆ ਅਤੇ ਭਵਿੱਖ 'ਚ ਰੋਜ਼ਗਾਰ ਦੇ ਮੌਕਿਆਂ 'ਚ ਮਦਦ ਮਿਲਣ ਦੀ ਉਮੀਦ ਹੈ। ਸਿੱਖਿਆ ਵਿਭਾਗ ਨੇ ਏ.ਆਈ. ਸਿੱਖਿਆ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਅਧਿਆਪਕਾਂ ਦੇ ਨਿਯਮਤ ਸਿਖਲਾਈ (ਟ੍ਰੇਨਿੰਗ) ਅਤੇ ਲਾਈਵ ਆਨਲਾਈਨ ਕਲਾਸਾਂ ਦਾ ਵੀ ਪ੍ਰਬੰਧ ਕੀਤਾ ਹੈ। ਉਦੇਸ਼ ਇਹ ਹੈ ਕਿ ਅਧਿਆਪਕ ਵੀ ਤਕਨਾਲੋਜੀ 'ਚ ਹੋਣ ਵਾਲੇ ਬਦਲਾਅ ਨਾਲ ਲਗਾਤਾਰ ਅਪਡੇਟ ਰਹਿਣ ਅਤੇ ਵਿਦਿਆਰਥੀਆਂ ਨੂੰ ਅਧੁਨਿਕ ਤਰੀਕੇ ਨਾਲ ਪੜ੍ਹਾ ਸਕਣ। ਸਮਾਗਮ 'ਚ ਮੌਜੂਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਸਿਰਫ਼ ਰੱਟਾ ਲਗਾ ਕੇ ਪੜ੍ਹਾਈ ਕਰਨ ਨਾਲ ਕੰਮ ਨਹੀਂ ਚੱਲੇਗਾ। ਵਿਦਿਆਰਥੀਆਂ 'ਚ ਸਵਾਲ ਪੁੱਛਣ, ਤਰਕ ਕਰਨ ਅਤੇ ਸਮੱਸਿਆ ਦਾ ਹੱਲ ਲੱਭਣ ਦੀ ਸਮਰੱਥਾ ਵਿਕਸਿਤ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਵਸਥਾ 'ਚ ਏ.ਆਈ. ਦੀ ਵਰਤੋਂ ਪ੍ਰੀਖਿਆ ਪ੍ਰਣਾਲੀ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਅਤੇ ਪੇਪਰ ਲੀਕ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵੀ ਕੀਤੀ ਜਾ ਸਕਦੀ ਹੈ।
ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਦੁਨੀਆ ਦੇ ਕਈ ਵਿਕਸਿਤ ਦੇਸ਼ਾਂ 'ਚ ਸਕੂਲ ਪੱਧਰ 'ਤੇ ਏ.ਆਈ. ਸਿੱਖਿਆ ਨੂੰ ਤੇਜ਼ੀ ਨਾਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅਜਿਹੇ 'ਚ ਪੰਜਾਬ ਦੇ ਵਿਦਿਆਰਥੀਆਂ ਨੂੰ ਵੀ ਵਿਸ਼ਵ ਪੱਧਰ ਦੀ ਤਕਨੀਕੀ ਸਿੱਖਿਆ ਉਪਲਬਧ ਕਰਵਾਉਣ ਦੀ ਦਿਸ਼ਾ 'ਚ ਇਹ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਇਸ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਭਵਿੱਖ ਦੀਆਂ ਤਕਨੀਕੀ ਚੁਣੌਤੀਆਂ ਅਤੇ ਰੋਜ਼ਗਾਰ ਦੀਆਂ ਬਦਲਦੀਆਂ ਜ਼ਰੂਰਤਾਂ ਲਈ ਬਿਹਤਰ ਢੰਗ ਨਾਲ ਤਿਆਰ ਹੋ ਸਕਣਗੇ।