ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਵੱਡਾ ਐਲਾਨ, ਲਹਿਰਾਗਾਗਾ ਲਾਗੇ ਖੰਡੇਬਾਦ 'ਚ ਉਸਾਰੇਗੀ ਆਧੁਨਿਕ ਅਨਾਜ ਮੰਡੀ ਪੰਜਾਬ ਦੇ ਦਲ ਸਰੋਤ ਮੰਤਰੀ ਤੇ ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਐਲਾਨ ਕੀਤਾ ਕਿ ਲਹਿਰਾਗਾਗਾ ਦੇ ਨੇੜਲੇ ਪਿੰਡ ਖੰਡੇਬਾਦ ’ਚ 217 ਕਨਾਲ 14 ਮਰਲੇ ਭਾਵ 27 ਏਕੜ ਤੋਂ ਵੱਧ ਸਰਕਾਰੀ ਜ਼ਮੀਨ ’ਤੇ ਨਵੀਂ ਅਨਾਜ ਮੰਡੀ ਸਥਾਪਿਤ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ 31 ਅਕਤੂਬਰ ਦੀ ਮੀਟਿੰਗ ’ਚ ਇਸ ਮਤੇ ਨੂੰ ਮਨਜ਼ੂਰੀ ਦਿੱਤੀ।
Publish Date: Tue, 03 Nov 2026 09:21 AM (IST)
Updated Date: Tue, 03 Nov 2026 09:22 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਦੇ ਦਲ ਸਰੋਤ ਮੰਤਰੀ ਤੇ ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਐਲਾਨ ਕੀਤਾ ਕਿ ਲਹਿਰਾਗਾਗਾ ਦੇ ਨੇੜਲੇ ਪਿੰਡ ਖੰਡੇਬਾਦ ’ਚ 217 ਕਨਾਲ 14 ਮਰਲੇ ਭਾਵ 27 ਏਕੜ ਤੋਂ ਵੱਧ ਸਰਕਾਰੀ ਜ਼ਮੀਨ ’ਤੇ ਨਵੀਂ ਅਨਾਜ ਮੰਡੀ ਸਥਾਪਿਤ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ 31 ਅਕਤੂਬਰ ਦੀ ਮੀਟਿੰਗ ’ਚ ਇਸ ਮਤੇ ਨੂੰ ਮਨਜ਼ੂਰੀ ਦਿੱਤੀ।
ਪੰਜਾਬ ਭਵਨ ’ਚ ਪ੍ਰੈੱਸ ਕਾਨਫਰੰਸ ਦੌਰਾਨ ਗੋਇਲ ਨੇ ਕਿਹਾ ਕਿ ਲਹਿਰਾਗਾਗਾ ਦੀ ਮੌਜੂਦਾ ਅਨਾਜ ਮੰਡੀ ਝੋਨੇ ਤੇ ਕਣਕ ਸਮੇਤ ਫ਼ਸਲਾਂ ਦੀ ਵਧਦੀ ਆਮਦ ਲਈ ਲੁੜੀਂਦੀ ਸਾਬਿਤ ਨਹੀਂ ਹੋ ਰਹੀ ਸੀ। ਬੀਤੇ ਸਾਲਾਂ ’ਚ ਫ਼ਸਲ ਉਤਪਾਦਨ ’ਚ ਕਾਫੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਮੰਡੀ ਕਰੀਬ 45 ਸਾਲ ਪਹਿਲਾਂ ਲਗਪਗ 12 ਏਕੜ ਜ਼ਮੀਨ ’ਤੇ ਬਣਾਈ ਗਈ ਸੀ। ਬਾਅਦ ’ਚ ਇਸੇ ਜ਼ਮੀਨ ’ਤੇ ਕਾਟਨ ਯਾਰਡ ਵੀ ਵਿਕਸਿਤ ਕੀਤਾ ਗਿਆ ਸੀ। ਫ਼ਸਲਾਂ ਦੀ ਲਗਾਤਾਰ ਵਧਦੀ ਆਮਦ ਕਾਰਨ ਖ਼ਰੀਦ ਤੇ ਵਪਾਰਕ ਸਰਗਰਮੀਆਂ ਲਈ ਥਾਂ ਘੱਟ ਪੈਣ ਲੱਗੀ। ਮੰਤਰੀ ਨੇ ਕਿਹਾ ਕਿ ਸ਼ਹਿਰ ਦੇ ਵਿਚੋ-ਵਿਚ ਸਥਿਤ ਮੰਡੀ ਕਾਰਨ ਖ਼ਰੀਦ ਸੀਜ਼ਨ ’ਚ ਆਵਾਜਾਈ ਦੀ ਗੰਭੀਰ ਸਮੱਸਿਆ ਹੁੰਦੀ ਸੀ। ਕਿਸਾਨ, ਵਪਾਰੀ ਤੇ ਆੜ੍ਹਤੀਏ ਲੰਬੇ ਸਮੇਂ ਤੋਂ ਇਸਦਾ ਹੱਲ ਕਰਨ ਤੇ ਖੇਤੀਬਾੜੀ ਉਤਪਾਦਾਂ ਦੀ ਸੁਚਾਰੂ ਖ਼ਰੀਦ ਲਈ ਨਵੀਂ ਮੰਡੀ ਦੀ ਮੰਗ ਕਰ ਰਹੇ ਸਨ। ਸਰਕਾਰ ਨੇ ਖੰਡੇਬਾਦ ’ਚ ਆਪਣੀ 217 ਕਨਾਲ 14 ਮਰਲੇ ਜ਼ਮੀਨ ’ਤੇ ਨਵੀਂ ਮੰਡੀ ਵਿਕਸਿਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਮੰਡੀ ਤੱਕ ਪੁੱਜਣ ਦਾ ਰਾਹ ਪਿੰਡ ਲਹਿਲ ਖੁਰਦ ਦੀ ਜ਼ਮੀਨ ਤੋਂ ਬਣਾਇਆ ਜਾਵੇਗਾ।
ਗੋਇਲ ਨੇ ਕਿਹਾ ਕਿ ਨਵੀਂ ਮੰਡੀ ਨਾਲ ਕਿਸਾਨਾਂ, ਵਪਾਰੀਆਂ ਤੇ ਆੜ੍ਹਤੀਆਂ ਨੂੰ ਰਾਹਤ ਮਿਲੇਗੀ ਤੇ ਲਹਿਰਾਗਾਗਾ ਸ਼ਹਿਰ ’ਚ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਮਿਲੇਗੀ। ਇਹ ਮੰਡੀ ਪੂਰੇ ਇਲਾਕੇ ਦੀਆਂ ਖੇਤੀਬਾੜੀ ਤੇ ਵਪਾਰਕ ਲੋੜਾਂ ਨੂੰ ਪੂਰਾ ਕਰਨ ’ਚ ਵੀ ਮਦਦਗਾਰ ਹੋਵੇਗੀ। ਉਨ੍ਹਾਂ ਮਤੇ ਨੂੰ ਮਨਜ਼ੂਰੀ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਤੇ ਕੈਬਨਿਟ ਦਾ ਧੰਨਵਾਦ ਕੀਤਾ। ਕਿਹਾ ਕਿ ਫ਼ੈਸਲਾ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਕਰਨ ਦੇ ਨਾਲ ਹੀ ਖੇਤੀਬਾੜੀ ਉਤਪਾਦਾਂ ਦੀ ਮੰਡੀਕਰਨ ਪ੍ਰਕਿਰਿਆ ਨੂੰ ਸੁਚਾਰੂ ਬਣਾਏਗਾ।