ਨਿਊ ਚੰਡੀਗੜ੍ਹ ਅਕਾਲੀਆਂ ਦੀ ਦੇਣ ਨਹੀਂ : ਕੰਗ ਨਿਊ ਚੰਡੀਗੜ੍ਹ ਅਕਾਲੀਆਂ ਦੀ ਦੇਣ ਨਹੀਂ : ਕੰਗ
Publish Date: Wed, 16 Sep 2026 07:13 PM (IST)
Updated Date: Thu, 17 Sep 2026 04:03 AM (IST)
ਫੋਟੋ ਕੈਪਸ਼ਨ : ਜਗਮੋਹਨ ਸਿੰਘ ਕੰਗ। 17ਪੀ ਰੋਹਿਤ ਗੁਪਤਾ, ਪੰਜਾਬੀ ਜਾਗਰਣ ਮਾਜਰੀ : ਪਿੰਡ ਪਲਹੇੜੀ ਵਿਖੇ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦੌਰਾਨ ਅਕਾਲੀ ਆਗੂਆਂ ਵੱਲੋਂ ਨਿਊ ਚੰਡੀਗੜ੍ਹ ਨੂੰ ਅਕਾਲੀ ਸਰਕਾਰ ਦੀ ਦੇਣ ਦੱਸੇ ਜਾਣ ’ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਅਕਾਲੀ ਆਗੂਆਂ ਨੂੰ ਇਤਿਹਾਸ ਦੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਬਜਾਏ ਲੋਕਾਂ ਨੂੰ ਅਸਲੀਅਤ ਦੱਸਣੀ ਚਾਹੀਦੀ ਹੈ। ਕੰਗ ਨੇ ਕਿਹਾ ਕਿ ਰਿਕਾਰਡ ਦੱਸਦਾ ਹੈ ਕਿ ਬਾਦਲ ਸਰਕਾਰ ਦੇ ਦੌਰ ’ਚ ਆਨੰਦਗੜ੍ਹ ਡਿਵੈਲਪਮੈਂਟ ਅਥਾਰਟੀ ਬਣਾਈ ਗਈ ਸੀ ਅਤੇ ਚੰਡੀਗੜ੍ਹ ਦੇ ਨੇੜਲੇ ਕਈ ਪਿੰਡਾਂ ਦੀ ਜ਼ਮੀਨ ਨੂੰ ਇਕ ਵਿਸ਼ਾਲ ਨਵੀਂ ਟਾਊਨਸ਼ਿਪ ਲਈ ਹਾਸਲ ਕਰਨ ਦੀ ਯੋਜਨਾ ਬਣਾਈ ਗਈ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ’ਚ ਵੀ ਦਰਜ ਹੈ ਕਿ ਆਨੰਦਗੜ੍ਹ ਲਈ ਲਗਭਗ 29 ਪਿੰਡਾਂ ’ਚ ਜ਼ਮੀਨ ਹਾਸਲ ਕਰਨ ਦੀ ਯੋਜਨਾ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਅੱਜ ਜਿਹੜੇ ਅਕਾਲੀ ਆਗੂ ਨਿਊ ਚੰਡੀਗੜ੍ਹ ਨੂੰ ਦੇਣ ਦੱਸ ਰਹੇ ਹਨ, ਉਨ੍ਹਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਸ ਸਮੇਂ ਕਿਸਾਨਾਂ ਅਤੇ ਪਿੰਡ ਵਾਸੀਆਂ ਵੱਲੋਂ ਆਨੰਦਗੜ੍ਹ ਯੋਜਨਾ ਦਾ ਵਿਰੋਧ ਕਿਉਂ ਕੀਤਾ ਗਿਆ ਸੀ। ਇਸ ਪ੍ਰੋਜੈਕਟ ਨੂੰ ਲੈ ਕੇ ਜ਼ਮੀਨ ਹਾਸਲ ਕਰਨ, ਵਾਤਾਵਰਨ ਅਤੇ ਪਿੰਡਾਂ ਦੇ ਭਵਿੱਖ ਸਬੰਧੀ ਗੰਭੀਰ ਇਤਰਾਜ਼ ਸਾਹਮਣੇ ਆਏ ਸਨ ਤੇ ਮਾਮਲਾ ਹਾਈ ਕੋਰਟ ਤੱਕ ਪਹੁੰਚਿਆ ਸੀ। ਸਾਬਕਾ ਮੰਤਰੀ ਨੇ ਕਿਹਾ ਕਿ “ਨਿਊ ਚੰਡੀਗੜ੍ਹ ਦੇ ਵਿਕਾਸ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਤੋਂ ਪਹਿਲਾਂ ਅਕਾਲੀ ਆਗੂ ਆਪਣੇ ਰਾਜ ਦੌਰਾਨ ਐਲਾਨੇ ਆਨੰਦਗੜ੍ਹ ਪ੍ਰੋਜੈਕਟ ਦਾ ਇਤਿਹਾਸ ਲੋਕਾਂ ਨੂੰ ਦੱਸਣ।” ਉਨ੍ਹਾਂ ਕਿਹਾ ਕਿ ਲੋਕ ਹੁਣ ਇਤਿਹਾਸ ਅਤੇ ਸਰਕਾਰੀ ਰਿਕਾਰਡ ਦੇ ਆਧਾਰ ’ਤੇ ਖ਼ੁਦ ਫ਼ੈਸਲਾ ਕਰ ਸਕਦੇ ਹਨ ਕਿ ਨਿਊ ਚੰਡੀਗੜ੍ਹ ਦੀ ਅਸਲ ਬੁਨਿਆਦ ਕਿਹੜੀ ਸਰਕਾਰ ਨੇ ਅਤੇ ਕਿਹੜੀ ਨੀਤੀ ਤਹਿਤ ਰੱਖੀ ਸੀ।