ਅਣਦੇਖੀ: ਆਰਐੱਮਸੀ ਪੁਆਇੰਟ ਦੇ ਬਾਹਰ ਪੰਜਵੀਂ ਵਾਰ ਲੱਗੀ ਕੂੜੇ ਦੇ ਢੇਰ ਨੂੰ ਅੱਗ ਅਣਦੇਖੀ: ਆਰਐੱਮਸੀ ਪੁਆਇੰਟ ਦੇ ਬਾਹਰ ਪੰਜਵੀਂ ਵਾਰ ਲੱਗੀ ਕੂੜੇ ਦੇ ਢੇਰ ਨੂੰ ਅੱਗ
Publish Date: Sat, 17 Oct 2026 07:48 PM (IST)
Updated Date: Sun, 18 Oct 2026 04:03 AM (IST)
-ਧੂੰਏਂ ਕਾਰਨ ਰਾਹਗੀਰ ਤੇ ਸ਼ਹਿਰ ਵਾਸੀ ਤੰਗ ਪ੍ਰੇਸ਼ਾਨ, ਹਰੇ ਭਰੇ ਦਰੱਖ਼ਤ ਵੀ ਨੁਕਸਾਨੇ -ਮਹਿੰਦਰ ਐਂਡ ਮਹਿੰਦਰਾ ਕੰਪਨੀ ’ਚ ਪਏ ਤੇਲ ਦੇ ਡਰੰਮਾਂ ਤੱਕ ਅੱਗ ਪਹੁੰਚਣ ਦਾ ਖ਼ਦਸ਼ਾ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੀਟੀਐਲ ਚੌਕ ਨੇੜੇ ਆਰਐੱਮਸੀ ਪੁਆਇੰਟ ਦੇ ਬਾਹਰ ਕੂੜੇ ਦੇ ਢੇਰਾਂ ਨੂੰ ਪੰਜਵੀਂ ਵਾਰ ਅੱਗ ਲੱਗਣ ਕਾਰਨ ਰਾਹਗੀਰਾਂ ਅਤੇ ਸ਼ਹਿਰ ਵਾਸੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅੱਗ ਦੇ ਸੇਕ ਨਾਲ ਇੱਥੇ ਖੜੇ ਹਰੇ-ਭਰੇ ਛਾਂ-ਦਾਰ ਦਰੱਖ਼ਤ ਵੀ ਨੁਕਸਾਨੇ ਗਏ ਹਨ। ਕੂੜੇਦਾਨ ਦੇ ਪਿੱਛੇ ਹੀ ਮਹਿੰਦਰ ਐਂਡ ਮਹਿੰਦਰ ਸਵਾਰਜ ਟਰੈਕਟਰ ਫੈਕਟਰੀ ਹੈ। ਜਿੱਥੇ ਤੇਲ ਦੇ ਵੱਡੇ ਡਰੰਮ ਸਟੋਰ ਕਰਕੇ ਰੱਖੇ ਹੋਏ ਹਨ। ਜੇਕਰ ਤੇਲ ਦੇ ਡਰੰਮਾਂ ਤੱਕ ਅੱਗ ਪਹੁੰਚ ਗਈ ਤਾਂ ਇੱਥੇ ਵੱਡਾ ਦੁਖਾਂਤ ਵਾਪਰ ਸਕਦਾ ਹੈ ਲੇਕਿਨ ਹੁਣ ਤੱਕ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੁਹਾਲੀ ਨਗਰ ਨਿਗਮ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ। ਪਿਛਲੇ ਦਿਨੀਂ ਵੀ ਇੱਥੇ ਭਿਆਨ ਅੱਗ ਲੱਗੀ ਸੀ ਅਤੇ ਇਹ ਮਾਮਲਾ ਅਖ਼ਬਾਰਾਂ ਦੀਆਂ ਸਰਖ਼ੀਆ ਬਣਿਆ ਸੀ ਪ੍ਰੰਤੂ ਪ੍ਰਸ਼ਾਸਨਿਕ ਅਧਿਕਾਰੀ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆ ਰਹੇ ਹਨ ਅਤੇ ਇਹੀ ਨਹੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵੀ ਮਹਿਜ਼ ਫੋਟੋਆਂ ਖਿਚਵਾਉਣ ਤੱਕ ਹੀ ਸੀਮਤ ਹਨ। ਆਰਐੱਮਸੀ ਪੁਆਇੰਟ ਨੇੜੇ ਖਾਲੀ ਜਗ੍ਹਾ ਜਿੱਥੇ ਕੂੜਾ ਕਰਕਟ ਸੁੱਟਿਆ ਜਾ ਰਿਹਾ ਹੈ, ਇੱਥੇ ਸੋਮਵਾਰ ਨੂੰ ਅੱਗ ਲੱਗਣ ਤੋਂ ਬਾਅਦ ਇਸ ਥਾਂ ਲੱਗਣੀ ਵਾਲੀ ਹਫ਼ਤਾਵਰੀ ਸਬਜ਼ੀ ਮੰਡੀ ਵੀ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੀ ਹੈ ਅਤੇ ਹਫ਼ਤੇ ਭਰ ਤੋਂ ਹੀ ਇੱਥੇ ਕੂੜੇ ਦੇ ਢੇਰਾਂ ਵਿਚ ਅੱਗ ਸੁਲਗ ਰਹੀ ਹੈ ਅਤੇ 24 ਘੰਟੇ ਧੂੰਆਂ ਉੱਠਦਾ ਨਜ਼ਰ ਆ ਰਿਹਾ ਹੈ ਲੇਕਿਨ ਇਸ ਦੇ ਬਾਵਜੂਦ ਨਿਗਮ ਪ੍ਰਸ਼ਾਸਨ ਨੇ ਹੁਣ ਤੱਕ ਕੋਈ ਸਬਕ ਨਹੀਂ ਸਿੱਖਿਆ ਹੈ। ਨਿਗਮ ਅਧਿਕਾਰੀ ਸ਼ਾਇਦ ਕਿਸੇ ਵੱਡੀ ਘਟਨਾ ਵਾਪਰਨ ਦੇ ਇੰਤਜ਼ਾਰ ’ਚ ਜਾਪਦੇ ਹਨ। ਸਾਬਕਾ ਕੌਂਸਲਰ ਅਸ਼ੋਕ ਝਾਅ ਨੇ ਕਿਹਾ ਕਿ ਆਰਐੱਮਸੀ ਪੁਆਇੰਟ ਦੇ ਬਾਹਰ ਕੂੜੇ ਨੂੰ ਵਾਰ-ਵਾਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹਾਲਾਂਕਿ ਨਗਰ ਨਿਗਮ ਚੋਣਾਂ ਸਮੇਂ ਕੂੜਾ ਪ੍ਰਬੰਧਨ ਦਾ ਮੁੱਖ ਮੁੱਦਾ ਬਣਿਆ ਸੀ ਲੇਕਿਨ ਚੋਣਾਂ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਢੁਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ। ਕੂੜੇ ਨੂੰ ਅੱਗ ਲੱਗਣ ਕਾਰਨ ਆਸ-ਪਾਸ ਦੇ ਇਲਾਕੇ ’ਚ ਜ਼ਹਿਰੀਲਾ ਧੂੰਆਂ ਫੈਲ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਸਾਹ ਲੈਣ ’ਚ ਕਾਫ਼ੀ ਦਿੱਕਤ ਆਉਂਦੀ ਹੈ। ਭਾਜਪਾ ਆਗੂ ਅਰੁਣ ਸ਼ਰਮਾ ਨੇ ਕਿਹਾ ਕਿ ਸ਼ਹਿਰ ਵਿਚ ਕੂੜਾ ਪ੍ਰਬੰਧਨ ਦਾ ਮਾਮਲਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਇੱਥੇ ਕੂੜੇ ਨੂੰ ਵਾਰ-ਵਾਰ ਅੱਗ ਲੱਗਣ ਨਾਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜੇ ਹੋ ਰਹੇ ਹਨ। ਇੱਥੇ ਲੜੀਵਾਰ ਧਰਨਾ ਵੀ ਦਿੱਤਾ ਗਿਆ ਸੀ। ਵਿਰੋਧੀ ਧਿਰਾਂ ਦੇ ਨੁਮਾਇੰਦੇ ਵੀ ਸਮੇਂ ਸਮੇਂ ’ਤੇ ਇਹ ਮੁੱਦਾ ਚੁੱਕਦੇ ਆ ਰਹੇ ਹਨ ਲੇਕਿਨ ਅਧਿਕਾਰੀਆਂ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਕਾਬਿਲੇਗੌਰ ਹੈ ਕਿ ਪਿਛਲੇ ਦਿਨੀਂ ਅਕਾਲੀ ਦਲ ਦੀ ਕੌਂਸਲਰ ਕੁਲਦੀਪ ਕੌਰ ਕੰਗ ਨੇ ਸਥਾਨਕ ਲੋਕਾਂ ਦੇ ਵਫ਼ਦ ਨਾਲ ਮੇਅਰ ਸਰਬਜੀਤ ਸਿੰਘ ਸਮਾਣਾ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਆਰ.ਐੱਮ.ਸੀ. ਪੁਆਇੰਟ ਦੇ ਬਾਹਰ ਲੱਗੇ ਕੂੜੇ ਦੇ ਵੱਡੇ ਢੇਰ ਅਤੇ ਇਸ ਕਾਰਨ ਪੈਦਾ ਹੋ ਰਹੀਆਂ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਸੀ। ਮੇਅਰ ਸਰਬਜੀਤ ਸਿੰਘ ਸਮਾਣਾ ਨੇ ਵਫ਼ਦ ਨੂੰ ਭਰੋਸਾ ਦਿੱਤਾ ਸੀ ਕਿ ਇੱਥੋਂ ਕੂੜੇ ਦੇ ਢੇਰ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਜਾਵੇਗਾ ਅਤੇ ਇਸ ਖਾਲੀ ਹੋਈ ਜਗ੍ਹਾ ਨੂੰ ਸੁੰਦਰੀਕਰਨ ਤਹਿਤ ਗਰੀਨ ਬੈਲਟ ਵਜੋਂ ਵਿਕਸਤ ਕੀਤਾ ਜਾਵੇਗਾ, ਤਾਂ ਜੋ ਆਸ-ਪਾਸ ਦੇ ਲੋਕਾਂ ਨੂੰ ਵੱਡੀ ਰਾਹਤ ਮਿਲ ਸਕੇ।