12 ਮੋਬਾਈਲ ਫੋਨ, ਇਲੈਕਟ੍ਰੋਨਿਕ ਸਾਮਾਨ ਤੇ ਨਕਦੀ ਬਰਾਮਦ ਨਯਾਗਾਓਂ ਪੁਲਿਸ ਵੱਲੋਂ ਚੋਰੀ ਦੇ ਮਾਮਲੇ ਦਾ ਖ਼ੁਲਾਸਾ :
Publish Date: Tue, 15 Sep 2026 10:03 PM (IST)
Updated Date: Tue, 15 Sep 2026 10:05 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਅਪਰਾਧਿਕ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਨਯਾਗਾਓਂ ਪੁਲਿਸ ਨੇ ਚੋਰੀ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ’ਚੋਂ 12 ਮੋਬਾਈਲ ਫੋਨ, ਇਲੈਕਟ੍ਰੋਨਿਕ ਸਾਮਾਨ ਅਤੇ ਨਕਦੀ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰੋਹਿਤ ਉਰਫ਼ ਗੁੱਲੀ ਵਾਸੀ ਰਾਮ ਦਰਬਾਰ, ਚੰਡੀਗੜ੍ਹ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 303 (2) ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਕੀਤੀ ਗਈ ਬਰਾਮਦਗੀ ਵਿਚ ਇਕ ਆਈਫੋਨ, ਸਮੇਤ 12 ਮੋਬਾਈਲ ਸ਼ਾਮਲ ਹਨ। ਇਸ ਤੋਂ ਇਲਾਵਾ ਇਕ ਵਾਇਰਲੈੱਸ ਸਪੀਕਰ, ਇਕ ਯੂਐੱਸਬੀ ਅਡਾਪਟਰ ਅਤੇ ਦੋ ਡਾਟਾ ਕੇਬਲਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਨੇ ਮੁਲਜ਼ਮ ਕੋਲੋਂ ਵੱਖ-ਵੱਖ ਮੁੱਲ ਦੇ ਸਿੱਕੇ ਵੀ ਬਰਾਮਦ ਕੀਤੇ ਹਨ। ਇਨ੍ਹਾਂ ਵਿਚ ਬਰਾਮਦ ਕੀਤੇ ਸਿੱਕਿਆਂ ਦੀ ਕੁੱਲ ਕੀਮਤ 2,017 ਰੁਪਏ ਦੱਸੀ ਗਈ ਹੈ। ਪੁਲਿਸ ਰਿਮਾਂਡ ਦੌਰਾਨ ਹੋਰ ਖ਼ੁਲਾਸੇ ਹੋਣ ਦੀ ਉਮੀਦ : ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਨਯਾਗਾਓਂ ਦੇ ਐੱਸਐੱਚਓ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਖੇਤਰ ਵਿਚ ਹੋਈਆਂ ਚੋਰੀ ਦੀਆਂ ਹੋਰ ਵਾਰਦਾਤਾਂ ਅਤੇ ਇਸ ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਸਬੰਧੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।