ਧੂਮਧਾਮ ਨਾਲ ਮਨਾਇਆ ਨਵਰਾਤਰੀ ਡਾਂਡੀਆ ਉਤਸਵ ਨਵਰਾਤਰੀ ਡਾਂਡੀਆ ਉਤਸਵ ਧੂਮਧਾਮ ਨਾਲ ਮਨਾਇਆ, ਵਿਧਾਇਕ ਰੰਧਾਵਾ ਨੇ ਕੀਤੀ ਸ਼ਿਰਕਤ
Publish Date: Mon, 19 Oct 2026 05:48 PM (IST)
Updated Date: Mon, 19 Oct 2026 05:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਰਾਬੱਸੀ : ਨਵਰਾਤਰੀ ਦੇ ਸ਼ੁਭ ਤਿਉਹਾਰ ਦੌਰਾਨ ਡਾਂਡੀਆ ਦੇ ਜਸ਼ਨਾਂ ਦੀ ਰੌਣਕ ਚਾਰੋਂ ਤਰਫ਼ ਦੇਖਣ ਨੂੰ ਮਿਲ ਰਹੀ ਹੈ। ਇਸੇ ਲੜੀ ਤਹਿਤ ਡੇਰਾਬੱਸੀ ਦੇ ਹੈਬਤਪੁਰ ਰੋਡ ਤੇ ਮੰਤਰ ਸਟੂਡੀਓ ਅਤੇ ਮੋਨਾ ਅਚੀਵਰਜ਼ ਅਕੈਡਮੀ ਦੀਆਂ ਡਾਇਰੈਕਟਰ ਗਗਨਦੀਪ ਕੌਰ ਅਤੇ ਮੋਨਾ ਦੁਆਰਾ ਇਕ ਵਿਸ਼ੇਸ਼ ਡਾਂਡੀਆ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਬੱਚਿਆਂ ਅਤੇ ਔਰਤਾਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ।ਰੰਗ-ਬਿਰੰਗੇ ਰਵਾਇਤੀ ਪਹਿਰਾਵੇ ਵਿਚ ਸਜੇ ਭਾਗੀਦਾਰਾਂ ਨੇ ਡਾਂਡੀਆ ਨਾਚ ਰਾਹੀਂ ਨਵਰਾਤਰੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਪੂਰਾ ਮਾਹੌਲ ਸ਼ਰਧਾ, ਸੰਗੀਤ ਅਤੇ ਉਤਸ਼ਾਹ ਦੇ ਰੰਗਾਂ ਨਾਲ ਭਰਿਆ ਹੋਇਆ ਸੀ। ਪ੍ਰੋਗਰਾਮ ਦੌਰਾਨ ਬੱਚਿਆਂ ਨੇ ਆਪਣੀ ਪ੍ਰਤਿਭਾ ਦਾ ਮੁਜ਼ਾਹਰਾ ਕਰਦਿਆਂ ਮਨਮੋਹਕ ਪ੍ਰਦਰਸ਼ਨ ਕੀਤੇ, ਜਿਨ੍ਹਾਂ ਦੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਔਰਤਾਂ ਨੇ ਵੀ ਸੰਗੀਤ ਦੀ ਤਾਲ ਤੇ ਥਿਰਕਦੇ ਹੋਏ ਪਰੰਪਰਾਗਤ ਡਾਂਡੀਆ ਨਾਚ ਵਿਚ ਹਿੱਸਾ ਲੈ ਕੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਇਸ ਸਮਾਗਮ ਵਿਚ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਨਗਰ ਕੌਂਸਲਰ ਨਰੇਸ਼ ਉਪਨੇਜਾ, ਦਵਿੰਦਰ ਸਿੰਘ ਅਤੇ ਸਮਾਜ ਸੇਵਕ ਭੂਪੇਂਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਹਾਜ਼ਰ ਲੋਕਾਂ ਨੂੰ ਨਵਰਾਤਰੀ ਦੀਆਂ ਮੁਬਾਰਕਾਂ ਦਿੰਦਿਆਂ ਵਿਧਾਇਕ ਰੰਧਾਵਾ ਨੇ ਕਿਹਾ ਕਿ ਨਵਰਾਤਰੀ ਦਾ ਤਿਉਹਾਰ ਦੇਵੀ ਦੁਰਗਾ ਦੀ ਪੂਜਾ ਦੇ ਨਾਲ-ਨਾਲ ਸਾਨੂੰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਸੱਭਿਆਚਾਰਕ ਆਯੋਜਨ ਨਾ ਸਿਰਫ਼ ਸਾਡੀਆਂ ਅਮੀਰ ਪਰੰਪਰਾਵਾਂ ਨੂੰ ਜ਼ਿੰਦਾ ਰੱਖਦੇ ਹਨ, ਸਗੋਂ ਸਮਾਜ ਵਿਚ ਆਪਸੀ ਪਿਆਰ, ਭਾਈਚਾਰਾ ਅਤੇ ਏਕਤਾ ਨੂੰ ਵੀ ਮਜ਼ਬੂਤ ਕਰਦੇ ਹਨ। ਇਸ ਸਮਾਗਮ ਦਾ ਮੁੱਖ ਉਦੇਸ਼ ਨਵਰਾਤਰੀ ਦੀਆਂ ਖੁਸ਼ੀਆਂ ਵੰਡਣਾ ਅਤੇ ਸਮਾਜਿਕ ਮੇਲ-ਜੋਲ ਨੂੰ ਵਧਾਵਾ ਦੇਣਾ ਸੀ, ਜਿਸ ਵਿਚ ਇਹ ਪੂਰੀ ਤਰ੍ਹਾਂ ਸਫ਼ਲ ਰਿਹਾ। ਸਥਾਨਕ ਲੋਕਾਂ ਨੇ ਇਸ ਸ਼ਾਨਦਾਰ ਆਯੋਜਨ ਦੀ ਜੰਮ ਕੇ ਤਾਰੀਫ਼ ਕੀਤੀ।