ਕਤਲ ਮਾਮਲਾ : ਮੁੱਖ ਦੋਸ਼ੀ ਸਮੇਤ ਚਾਰ ਕਾਬੂ, ਨੇਪਾਲ ਭਜਣ ਦੀ ਫਿਰਾਕ ’ਚ ਸਨ ਮੁਲਜ਼ਮ
ਕਤਲ ਮਾਮਲਾ : ਮੁੱਖ ਦੋਸ਼ੀ ਸਮੇਤ ਚਾਰ ਕਾਬੂ, ਨੇਪਾਲ ਭਜਣ ਦੀ ਫਿਰਾਕ ਵਿਚ ਸਨ ਮੁਲਜ਼ਮ
Publish Date: Mon, 23 Feb 2026 06:45 PM (IST)
Updated Date: Mon, 23 Feb 2026 06:49 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ
ਐੱਸਏਐੱਸ ਨਗਰ : ਮੁਹਾਲੀ ਦੇ ਥਾਣਾ ਫੇਜ਼-11 ਦੇ ਇਲਾਕੇ ’ਚ ਸ਼ਿਵਰਾਤਰੀ ਮੌਕੇ ਨੌਜਵਾਨ ਗੁਰਸੇਵਕ ਸਿੰਘ ਦੇ ਕਤਲ ਮਾਮਲੇ ਵਿਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਮੁਹਾਲੀ ਪੁਲਿਸ ਨੇ ਮੁੱਖ ਮੁਲਜ਼ਮ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਸੌਰਵ, ਮੋਨਾ, ਕੇਸ਼ਵ ਅਤੇ ਇਕ ਨਾਬਾਲਿਗ ਵਜੋਂ ਹੋਈ ਹੈ। ਐੱਸਪੀ ਸੌਰਵ ਜਿੰਦਲ (ਜਾਂਚ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਮੁਲਜ਼ਮ ਨੇਪਾਲ ਬਾਰਡਰ ਰਾਹੀਂ ਦੇਸ਼ ਤੋਂ ਫ਼ਰਾਰ ਹੋਣ ਦੀ ਫਿਰਾਕ ਵਿਚ ਸਨ। ਪੁਲਿਸ ਨੇ ਇਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਹਰਦੋਈ ਇਲਾਕੇ ਤੋਂ ਉਸ ਵੇਲੇ ਕਾਬੂ ਕੀਤਾ, ਜਦੋਂ ਇਹ ਭੱਜਣ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਐੱਸਐੱਸਪੀ ਮੁਹਾਲੀ ਹਰਮਨਦੀਪ ਸਿੰਘ ਹਾਂਸ ਦੇ ਨਿਰਦੇਸ਼ਾਂ ’ਤੇ ਗਠਿਤ ਵਿਸ਼ੇਸ਼ ਟੀਮ ਵਲੋਂ ਅੰਜਾਮ ਦਿੱਤੀ ਗਈ।
ਇਸ ਮੌਕੇ ਪੁਲਿਸ ਨੇ ਫਿਲਮੀ ਅੰਦਾਜ਼ ਵਿਚ ਗ੍ਰਿਫ਼ਤਾਰੀ ਕਰਦੇ ਹੋਏ ਇਕ ਮੁਲਜ਼ਮ ਦੀ ਪਛਾਣ ਕਰਨ ਲਈ ‘ਕੇਸ਼ਵ’ ਦਾ ਨਾਮ ਪੁਕਾਰਿਆ। ਜਵਾਬ ਮਿਲਣ ’ਤੇ ਤੁਰੰਤ ਉਸ ਨੂੰ ਦਬੋਚ ਲਿਆ ਗਿਆ ਅਤੇ ਬਾਕੀਆਂ ਨੂੰ ਵੀ ਕਾਬੂ ਕਰ ਲਿਆ ਗਿਆ। ਐੱਸਪੀ ਸੌਰਵ ਜਿੰਦਲ (ਜਾਂਚ) ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮੁਹਾਲੀ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਕਤਲ ਕਾਂਡ ਸਬੰਧੀ ਹੋਰ ਪੁੱਛਗਿੱਛ ਕੀਤੀ ਜਾ ਸਕੇ। ਮਾਮਲੇ ਦੀ ਜਾਂਚ ਜਾਰੀ ਹੈ। ਦੱਸਣਯੋਗ ਹੈ ਕਿ ਇਸ ਕਤਲ ਕਾਂਡ ਵਿਚ ਪਹਿਲਾਂ ਦੋ ਨਾਬਾਲਿਗਾਂ ਸਮੇਤ 12 ਮੁਲਜ਼ਮਾਂ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।