‘ਆਪ’ 20 ਤੋਂ ਸ਼ੁਰੂ ਕਰੇਗੀ ਡੋਰ-ਟੂ-ਡੋਰ ਮੁਹਿੰਮ : ਸਿਸੋਦੀਆ ਆਪ 20 ਤੋਂ ਡੋਰ ਟੂ ਡੋਰ ਮੁਹਿੰਮ ਸ਼ੁਰੂ ਕਰੇਗੀ: ਸਿਸੋਦੀਆ
Publish Date: Fri, 18 Sep 2026 06:14 PM (IST)
Updated Date: Sat, 19 Sep 2026 04:03 AM (IST)
- ਮੁੱਖ ਮੰਤਰੀ ਵੀ ਧੂਰੀ ’ਚ ਕਰਨਗੇ ਡੋਰ ਟੂ ਡੋਰ ਪ੍ਰਚਾਰ - ਮੈਂਬਰਸ਼ਿਪ ਮੁਹਿੰਮ 19 ਨੂੰ ਸ਼ੁਰੂ ਕਰੇਗੀ ਆਮ ਆਦਮੀ ਪਾਰਟੀ ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ‘ਆਪ’ 20 ਸਤੰਬਰ ਤੋਂ ਸੂਬੇ ’ਚ ਡੋਰ-ਟੂ-ਡੋਰ ਮੁਹਿੰਮ ਸ਼ੁਰੂ ਕਰੇਗੀ। ਜਿਸ ਤਹਿਤ 2.68 ਲੱਖ ਬੂਥ ਕਮੇਟੀ ਮੈਂਬਰ ਹਰ ਘਰ ਤੱਕ ਪਹੁੰਚ ਕੇ ਸਰਕਾਰ ਦੇ ਕੰਮਾਂ ਨੂੰ ਉਜਾਗਰ ਕਰਨਗੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਧੂਰੀ ਤੋਂ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸੇ ਤਰ੍ਹਾਂ ਪਾਰਟੀ 19 ਸਤੰਬਰ ਨੂੰ ਲੁਧਿਆਣਾ ’ਚ ਆਪਣੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕਰੇਗੀ। ਉਨ੍ਹਾਂ ਕਿਹਾ ਸਰਕਾਰ ਨੇ ਆਪਣੇ ਸਾਢੇ ਚਾਰ ਸਾਲ ਦਾ ਕਾਰਜਕਾਲ ਪੂਰਾ ਕਰ ਲਿਆ ਤੇ ਸਾਰੇ ਚੋਣ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ 25,332 ਬੂਥ ਹਨ ਅਤੇ ਇਹ ਮੁਹਿੰਮ ਪੂਰੇ ਸੂਬੇ ਦੀਆਂ ਬੂਥ ਕਮੇਟੀਆਂ ਰਾਹੀਂ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਤੇ ਦਿਨ ਵੇਲੇ ਬਿਜਲੀ ਦੀ ਸਪਲਾਈ ਤੋਂ ਲਾਭ ਮਿਲਿਆ ਹੈ। ਸਰਕਾਰੀ ਸਕੂਲਾਂ ’ਚ ਪੜ੍ਹਦੇ ਬੱਚਿਆਂ ਨੂੰ ਬਿਹਤਰ ਭਵਿੱਖ ਲਈ ਬਿਹਤਰ ਸਹੂਲਤਾਂ ਮਿਲ ਰਹੀਆਂ ਤੇ ਵਾਧੂ ਫ਼ੀਸਾਂ ਵਸੂਲਣ ਤੋਂ ਰੋਕਣ ਲਈ ਵੀ ਕਦਮ ਚੁੱਕੇ ਹਨ। ਸਿਸੋਦੀਆ ਨੇ ਕਿਹਾ ਸਰਕਾਰ ਨੇ ਬਿਜਲੀ ਤੇ ਪਾਣੀ ਨਾਲ ਸਬੰਧਤ ਆਪਣੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਹਨ। ਹਰ ਪੂਰੀ ਹੋਈ ਗਾਰੰਟੀ ਦੇ ਨਤੀਜੇ ਵਜੋਂ ਪੰਜਾਬ ਦੇ ਇਕ ਔਸਤ ਪਰਿਵਾਰ ਨੂੰ ਸਾਲਾਨਾ 1.82 ਲੱਖ ਦਾ ਫ਼ਾਇਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਵਿੱਤੀ ਸੰਕਟ ਵੱਲ ਧੱਕਿਆ ਤੇ ਨਸ਼ਿਆਂ ਦੀ ਸਮੱਸਿਆ ਨੂੰ ਫੈਲਣ ਦਿੱਤਾ। ਇਹ ਮੁੱਦੇ ਵੀ ਘਰ-ਘਰ ਪ੍ਰਚਾਰ ਦੌਰਾਨ ਉਜਾਗਰ ਕੀਤੇ ਜਾਣਗੇ ਤਾਂ ਜੋ ਲੋਕ ਪਿਛਲੀਆਂ ਸਰਕਾਰਾਂ ਤੇ ਭਗਵੰਤ ਮਾਨ ਸਰਕਾਰ ਦੇ ਕੰਮਾਂ ਵਿਚਕਾਰ ਅੰਤਰ ਨੂੰ ਸਮਝ ਸਕਣ। ਉਨ੍ਹਾਂ ਕਿਹਾ, “ਡੋਰ ਟੂ ਡੋਰ ਪ੍ਰਚਾਰ ਦੇ ਨਾਲ-ਨਾਲ ‘ਆਪ’ ਪੂਰੇ ਪੰਜਾਬ ’ਚ ਵੱਡੇ ਪੱਧਰ ਤੇ ਮੈਂਬਰਸ਼ਿਪ ਮੁਹਿੰਮ ਵੀ ਸ਼ੁਰੂ ਕਰੇਗੀ। ਸਾਡੇ ਵਲੰਟੀਅਰ ਲੋਕਾਂ ਨਾਲ ਜੁੜਨਗੇ ਤੇ ਸਰਕਾਰ ਦੇ ਕੰਮਾਂ ਨੂੰ ਸਿੱਧਾ ਉਨ੍ਹਾਂ ਤੱਕ ਲੈ ਕੇ ਜਾਣਗੇ। ਇਸ ਮੌਕੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੀ ਹਾਜ਼ਰ ਸੀ।