ਅਹੁਦਾ ਸੰਭਾਲਦੇ ਹੀ ਨਗਰ ਕੌਂਸਲ ਪ੍ਰਧਾਨ ਐਕਸ਼ਨ ਮੋਡ ’ਚ ਅਹੁਦਾ ਸੰਭਾਲਦੇ ਹੀ ਨਗਰ ਕੌਂਸਲ ਪ੍ਰਧਾਨ ਐਕਸ਼ਨ ਮੋਡ 'ਚ, ਸਿੰਘਪੁਰਾ ਐੱਸਟੀਪੀ ਦਾ ਕੀਤਾ ਨਿਰੀਖਣ
Publish Date: Tue, 21 Jul 2026 07:31 PM (IST)
Updated Date: Tue, 21 Jul 2026 07:34 PM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਨਗਰ ਕੌਂਸਲ ਦੇ ਨਵ-ਨਿਯੁਕਤ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਨੇ ਅਹੁਦਾ ਸੰਭਾਲਦਿਆਂ ਹੀ ਸ਼ਹਿਰ ਦੀ ਸਭ ਤੋਂ ਗੰਭੀਰ ਤੇ ਪੁਰਾਣੀ ਮੁੱਖ ਸਮੱਸਿਆ ਸੀਵਰੇਜ ਪ੍ਰਣਾਲੀ ਦੇ ਸੁਧਾਰ ਲਈ ਕਮਰ ਕੱਸ ਲਈ ਹੈ। ਅਹੁਦਾ ਸੰਭਾਲਣ ਦੇ ਪਹਿਲੇ ਹੀ ਦਿਨ ਉਨ੍ਹਾਂ ਨੇ ਸਿੰਘਪੁਰਾ ਸਥਿਤ ਸ਼ਹਿਰ ਦੇ ਇਕਲੌਤੇ ਸੀਵਰੇਜ ਟਰੀਟਮੈਂਟ ਪਲਾਂਟ (ਐੱਸਟੀਪੀ) ਦਾ ਦੌਰਾ ਕੀਤਾ ਤੇ ਅਧਿਕਾਰੀਆਂ ਨਾਲ ਪਲਾਂਟ ਦੀ ਮੌਜੂਦਾ ਕਾਰਜਪ੍ਰਣਾਲੀ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਪਲਾਂਟ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਤਕਨੀਕੀ ਤੇ ਸੰਚਾਲਨ ਸਬੰਧੀ ਖ਼ਾਮੀਆਂ ਨੂੰ ਤੁਰੰਤ ਦੂਰ ਕਰਨ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ। ਨਿਰੀਖਣ ਦੌਰਾਨ ਕੌਂਸਲ ਪ੍ਰਧਾਨ ਨੇ ਅਧਿਕਾਰੀਆਂ ਤੋਂ ਐੱਸਟੀਪੀ ਦੀ ਸਮਰੱਥਾ, ਮੌਜੂਦਾ ਨਿਕਾਸੀ ਵਿਵਸਥਾ ਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਆ ਰਹੀਆਂ ਸੀਵਰੇਜ ਦੀਆਂ ਸਮੱਸਿਆਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ। ----------- ਪੁਰਾਣੇ ਪਲਾਂਟ ਦੇ ਸੁਧਾਰ ਲਈ ਚੁੱਕੇ ਢੁਕਵੇਂ ਕਦਮ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਸਿੰਘਪੁਰਾ ਸਥਿਤ ਐੱਸਟੀਪੀ ਲੰਮੇ ਸਮੇਂ ਤੋਂ ਆਪਣੀ ਪੂਰੀ ਸਮਰੱਥਾ ਅਨੁਸਾਰ ਕੰਮ ਨਹੀਂ ਕਰ ਰਿਹਾ ਸੀ, ਜਿਸ ਦਾ ਸਿੱਧਾ ਅਸਰ ਪੂਰੇ ਸ਼ਹਿਰ ਦੀ ਸੀਵਰੇਜ ਵਿਵਸਥਾ ’ਤੇ ਪੈ ਰਿਹਾ ਸੀ। ਇਸ ਕਾਰਨ ਕਈ ਖੇਤਰਾਂ ’ਚ ਸੀਵਰ ਜਾਮ ਹੋਣ ਤੇ ਗੰਦੇ ਪਾਣੀ ਦੀ ਓਵਰਫਲੋ ਦੀ ਗੰਭੀਰ ਸਮੱਸਿਆ ਬਣੀ ਹੋਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਨਗਰ ਕੌਂਸਲ ਵੱਲੋਂ ਪਲਾਂਟ ਦੇ ਸੁਚਾਰੂ ਸੰਚਾਲਨ ਲਈ ਜ਼ਰੂਰੀ ਕਦਮ ਚੁੱਕੇ ਗਏ ਹਨ, ਆਉਣ ਵਾਲੇ ਦਿਨਾਂ ’ਚ ਬਲਾਕੇਜ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ। ਉਨ੍ਹਾਂ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਕੰਮ ’ਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ------------ ਪੀਆਰ-7 ਰੋਡ ’ਤੇ 55 ਐੱਮਐੱਲਡੀ ਦਾ ਨਵਾਂ ਸੀਵਰੇਜ ਟਰੀਟਮੈਂਟ ਪਲਾਂਟ ਸ਼ਹਿਰ ਦੀ ਵਧਦੀ ਆਬਾਦੀ ਤੇ ਭਵਿੱਖ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦਿਆਂ ਪ੍ਰਧਾਨ ਨੇ ਵੱਡਾ ਐਲਾਨ ਕੀਤਾ ਕਿ ਪੀਆਰ-7 ਰੋਡ ’ਤੇ 55 ਐੱਮਐੱਲਡੀ (ਮਿਲੀਅਨ ਲੀਟਰ ਪ੍ਰਤੀ ਦਿਨ) ਸਮਰੱਥਾ ਦਾ ਇਕ ਨਵਾਂ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਮਹੱਤਵਪੂਰਨ ਪ੍ਰੋਜੈਕਟ ’ਤੇ ਅਗਲੇ ਮਹੀਨੇ ਤੋਂ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਪ੍ਰਧਾਨ ਵਿਰਕ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਜ਼ੀਰਕਪੁਰ ਨੂੰ ਇਕ ਸਾਫ਼-ਸੁਥਰਾ, ਸੁੰਦਰ ਤੇ ਬਿਹਤਰ ਨਾਗਰਿਕ ਸੁਵਿਧਾਵਾਂ ਵਾਲਾ ਸ਼ਹਿਰ ਬਣਾਉਣਾ ਹੈ।