31 ਜੁਲਾਈ ਨੂੰ ਹੋਵੇਗੀ ਨਿਗਮ ਸਦਨ ਦੀ ਬੈਠਕ, ਵਿਕਾਸ ਪ੍ਰਸਤਾਵਾਂ ਨਾਲ ਪੇਪਰ ਲੀਕ ਮਾਮਲੇ ’ਤੇ ਵੀ ਗਰਮਾਏਗੀ ਸਿਆਸਤ ਨਗਰ ਨਿਗਮ ਚੰਡੀਗੜ੍ਹ ਦੇ ਸਦਨ ਦੀ ਆਮ ਬੈਠਕ 31 ਜੁਲਾਈ ਨੂੰ ਹੋਵੇਗੀ। ਨਗਰ ਨਿਗਮ ਨੇ ਬੈਠਕ ਦਾ ਅਧਿਕਾਰਿਕ ਨੋਟਿਸ ਜਾਰੀ ਕਰ ਦਿੱਤਾ ਹੈ। ਬੈਠਕ ਵਿੱਚ ਸ਼ਹਿਰ ਦੇ ਵਿਕਾਸ, ਵਿੱਤੀ ਮਾਮਲਿਆਂ ਅਤੇ ਜਨਤਕ ਸਹੂਲਤਾਂ ਨਾਲ ਜੁੜੇ ਕਈ ਮਹੱਤਵਪੂਰਨ ਏਜੰਡੇ ਪੇਸ਼ ਕੀਤੇ ਜਾਣਗੇ, ਜਿਨ੍ਹਾਂ ’ਤੇ ਕੌਂਸਲਰਾਂ ਵਿਚਾਲੇ ਚਰਚਾ ਤੋਂ ਬਾਅਦ ਫੈਸਲੇ ਲਏ ਜਾਣਗੇ। ਇਸ ਵਾਰ ਵੀ ਬੈਠਕ ਦੇ ਹੰਗਾਮੇਦਾਰ ਰਹਿਣ ਦੇ ਆਸਾਰ ਹਨ, ਕਿਉਂਕਿ ਵਿਕਾਸ ਮੁੱਦਿਆਂ ਦੇ ਨਾਲ-ਨਾਲ ਸਿਆਸੀ ਮਸਲੇ ਵੀ ਸਦਨ ਵਿੱਚ ਹਾਵੀ ਰਹਿਣਗੇ। ਬੈਠਕ ਵਿੱਚ ਘੰਟਿਆਂ ਦੇ ਹਿਸਾਬ ਨਾਲ ਪਾਰਕਿੰਗ ਫੀਸ ਤੈਅ ਕਰਨ ਦਾ ਪ੍ਰਸਤਾਵ ਇੱਕ ਵਾਰ ਫਿਰ ਸਦਨ ਦੇ ਸਾਹਮਣੇ ਆ ਸਕਦਾ ਹੈ।
Publish Date: Sat, 25 Jul 2026 11:01 AM (IST)
Updated Date: Sat, 25 Jul 2026 11:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਨਗਰ ਨਿਗਮ ਚੰਡੀਗੜ੍ਹ ਦੇ ਸਦਨ ਦੀ ਆਮ ਬੈਠਕ 31 ਜੁਲਾਈ ਨੂੰ ਹੋਵੇਗੀ। ਨਗਰ ਨਿਗਮ ਨੇ ਬੈਠਕ ਦਾ ਅਧਿਕਾਰਿਕ ਨੋਟਿਸ ਜਾਰੀ ਕਰ ਦਿੱਤਾ ਹੈ। ਬੈਠਕ ਵਿੱਚ ਸ਼ਹਿਰ ਦੇ ਵਿਕਾਸ, ਵਿੱਤੀ ਮਾਮਲਿਆਂ ਅਤੇ ਜਨਤਕ ਸਹੂਲਤਾਂ ਨਾਲ ਜੁੜੇ ਕਈ ਮਹੱਤਵਪੂਰਨ ਏਜੰਡੇ ਪੇਸ਼ ਕੀਤੇ ਜਾਣਗੇ, ਜਿਨ੍ਹਾਂ ’ਤੇ ਕੌਂਸਲਰਾਂ ਵਿਚਾਲੇ ਚਰਚਾ ਤੋਂ ਬਾਅਦ ਫੈਸਲੇ ਲਏ ਜਾਣਗੇ। ਇਸ ਵਾਰ ਵੀ ਬੈਠਕ ਦੇ ਹੰਗਾਮੇਦਾਰ ਰਹਿਣ ਦੇ ਆਸਾਰ ਹਨ, ਕਿਉਂਕਿ ਵਿਕਾਸ ਮੁੱਦਿਆਂ ਦੇ ਨਾਲ-ਨਾਲ ਸਿਆਸੀ ਮਸਲੇ ਵੀ ਸਦਨ ਵਿੱਚ ਹਾਵੀ ਰਹਿਣਗੇ। ਬੈਠਕ ਵਿੱਚ ਘੰਟਿਆਂ ਦੇ ਹਿਸਾਬ ਨਾਲ ਪਾਰਕਿੰਗ ਫੀਸ ਤੈਅ ਕਰਨ ਦਾ ਪ੍ਰਸਤਾਵ ਇੱਕ ਵਾਰ ਫਿਰ ਸਦਨ ਦੇ ਸਾਹਮਣੇ ਆ ਸਕਦਾ ਹੈ। ਇਸ ਤੋਂ ਪਹਿਲਾਂ ਇਹ ਪ੍ਰਸਤਾਵ ਚਰਚਾ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਸੀ। ਨਿਗਮ ਅਧਿਕਾਰੀਆਂ ਦਾ ਤਰਕ ਹੈ ਕਿ ਪ੍ਰਤੀ ਘੰਟਾ ਪਾਰਕਿੰਗ ਪ੍ਰਣਾਲੀ ਲਾਗੂ ਹੋਣ ਨਾਲ ਪਾਰਕਿੰਗ ਸਥਾਨਾਂ ਦੀ ਬਿਹਤਰ ਵਰਤੋਂ ਹੋਵੇਗੀ ਅਤੇ ਲੰਬੇ ਸਮੇਂ ਤੱਕ ਵਾਹਨ ਖੜ੍ਹੇ ਰਹਿਣ ਦੀ ਸਮੱਸਿਆ ਘਟੇਗੀ। ਹਾਲਾਂਕਿ ਵਿਰੋਧੀ ਕੌਂਸਲਰ ਪਹਿਲਾਂ ਵੀ ਇਸ ਪ੍ਰਸਤਾਵ ਦਾ ਵਿਰੋਧ ਕਰਦੇ ਆਏ ਹਨ ਅਤੇ ਫੀਸ ਢਾਂਚੇ ਨੂੰ ਲੈ ਕੇ ਸਵਾਲ ਉਠਾਉਂਦੇ ਰਹੇ ਹਨ।
ਇਸ ਤੋਂ ਇਲਾਵਾ ਸੜਕਾਂ ਦੀ ਸਾਂਭ-ਸੰਭਾਲ, ਸਫਾਈ ਪ੍ਰਬੰਧ, ਸੀਵਰੇਜ ਅਤੇ ਡਰੇਨੇਜ, ਸਟਰੀਟ ਲਾਈਟਾਂ, ਪਾਰਕਾਂ ਦੇ ਵਿਕਾਸ, ਵੱਖ-ਵੱਖ ਵਿਕਾਸ ਕਾਰਜਾਂ ਲਈ ਪ੍ਰਸ਼ਾਸਨਿਕ ਅਤੇ ਵਿੱਤੀ ਮਨਜ਼ੂਰੀ ਸਮੇਤ ਕਈ ਪ੍ਰਸਤਾਵ ਸਦਨ ਅੱਗੇ ਰੱਖੇ ਜਾਣਗੇ। ਵਾਰਡਾਂ ਨਾਲ ਸਬੰਧਤ ਵਿਕਾਸ ਕਾਰਜਾਂ ਦੇ ਏਜੰਡੇ ’ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਸਿਆਸੀ ਪੱਖੋਂ ਵੀ ਇਹ ਬੈਠਕ ਕਾਫ਼ੀ ਮਹੱਤਵਪੂਰਨ ਮੰਨੀ ਜਾ ਰਹੀ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਹਾਲ ਹੀ ਵਿੱਚ ਸਾਹਮਣੇ ਆਏ ਪੇਪਰ ਲੀਕ ਮਾਮਲੇ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੇ ਸਦਨ ਅਤੇ ਮੇਅਰ ਨੂੰ ਘੇਰਨ ਦੀ ਤਿਆਰੀ ਵਿੱਚ ਹਨ। ਵਿਰੋਧੀ ਧਿਰ ਇਸ ਮਾਮਲੇ ਵਿੱਚ ਜਵਾਬਦੇਹੀ ਤੈਅ ਕਰਨ ਦੀ ਮੰਗ ਕਰ ਸਕਦੀ ਹੈ। ਉੱਥੇ ਹੀ ਭਾਜਪਾ ਵੀ ਵਿਰੋਧੀ ਧਿਰ ਦੇ ਦੋਸ਼ਾਂ ਦਾ ਜਵਾਬ ਦੇਣ ਅਤੇ ਪਲਟਵਾਰ ਕਰਨ ਦੀ ਰਣਨੀਤੀ ਨਾਲ ਸਦਨ ਵਿੱਚ ਉਤਰਣ ਦੀ ਤਿਆਰੀ ਕਰ ਚੁੱਕੀ ਹੈ। ਅਜਿਹੇ ਵਿੱਚ ਬੈਠਕ ਦੌਰਾਨ ਤਿੱਖੀ ਬਹਿਸ ਅਤੇ ਹੰਗਾਮੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਵਿਰੋਧੀ ਧਿਰ ਸ਼ਹਿਰ ਦੀ ਸਫਾਈ ਵਿਵਸਥਾ, ਪਾਰਕਿੰਗ ਨੀਤੀ, ਵੈਂਡਿੰਗ ਜ਼ੋਨ, ਲੰਬਿਤ ਵਿਕਾਸ ਕਾਰਜਾਂ ਅਤੇ ਨਿਗਮ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਵਰਗੇ ਮੁੱਦਿਆਂ ਨੂੰ ਵੀ ਜ਼ੋਰ-ਸ਼ੋਰ ਨਾਲ ਉਠਾ ਸਕਦੀ ਹੈ। ਉੱਥੇ ਹੀ ਸੱਤਾਧਾਰੀ ਧਿਰ ਵਿਕਾਸ ਕਾਰਜਾਂ ਅਤੇ ਨਗਰ ਨਿਗਮ ਦੀਆਂ ਉਪਲਬਧੀਆਂ ਗਿਣਵਾ ਕੇ ਵਿਰੋਧੀ ਧਿਰ ਦੇ ਦੋਸ਼ਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੇਗੀ।
31 ਜੁਲਾਈ ਨੂੰ ਹੋਣ ਵਾਲੀ ਇਸ ਬੈਠਕ ਵਿੱਚ ਲਏ ਜਾਣ ਵਾਲੇ ਕਈ ਫੈਸਲਿਆਂ ਦਾ ਸਿੱਧਾ ਅਸਰ ਸ਼ਹਿਰ ਦੇ ਵਿਕਾਸ ਅਤੇ ਨਾਗਰਿਕ ਸੁਲਤਾਂ ’ਤੇ ਪੈਣ ਦੀ ਉਮੀਦ ਹੈ। ਇਸ ਲਈ ਨਗਰ ਨਿਗਮ ਸਦਨ ਦੀ ਇਸ ਬੈਠਕ ’ਤੇ ਕੌਂਸਲਰਾਂ ਦੇ ਨਾਲ-ਨਾਲ ਸ਼ਹਿਰ ਵਾਸੀਆਂ ਦੀਆਂ ਵੀ ਨਜ਼ਰਾਂ ਟਿਕੀਆਂ ਹੋਈਆਂ ਹਨ।