'ਹੈੱਡਮਾਸਟਰਜ਼' ਬ੍ਰਾਂਡ ਦੇ ਨਾਂ 'ਤੇ ਕਰੋੜਾਂ ਦੀ ਠੱਗੀ,ਪਤੀ-ਪਤਨੀ ਨੇ ਠੱਗੇ 1.65 ਕਰੋੜ; ਪੁਲਿਸ ਨੇ ਕੀਤਾ ਮਾਮਲਾ ਦਰਜ ਚੰਡੀਗੜ੍ਹ ਦੇ ਚਰਚਿਤ ਬਿਊਟੀ ਸੈਲੂਨ ਬ੍ਰਾਂਡ ‘ਹੈੱਡਮਾਸਟਰਜ਼’ ਦੇ ਨਾਂ ’ਤੇ 1.65 ਕਰੋੜ ਰੁਪਏ ਦੀ ਕਥਿਤ ਠੱਗੀ ਦੇ ਮਾਮਲੇ ’ਚ ਪੁਲਿਸ ਨੇ ਸੈਲੂਨ ਸੰਚਾਲਕ ਵੀਰ ਕੌਲ ਤੇ ਉਸ ਦੀ ਪਤਨੀ ਪਰਮਿੰਦਰ ਕੌਰ ਉਰਫ਼ ਪੰਮੀ ਕੌਲ ਖ਼ਿਲਾਫ਼ ਸੈਕਟਰ-3 ਥਾਣਾ ਪੁਲਿਸ ਨੇ ਐੱਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵਾਂ ’ਤੇ ਧੋਖਾਧੜੀ, ਅਪਰਾਧਿਕ ਭਰੋਸਾਘਾਤ, ਅਪਰਾਧਿਕ ਸਾਜ਼ਿਸ਼ ਤੇ ਧਮਕੀ ਦੇਣ ਦੇ ਦੋਸ਼ ਲਾਏ ਗਏ ਹਨ।
Publish Date: Sat, 08 Aug 2026 11:00 AM (IST)
Updated Date: Sat, 08 Aug 2026 11:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਦੇ ਚਰਚਿਤ ਬਿਊਟੀ ਸੈਲੂਨ ਬ੍ਰਾਂਡ ‘ਹੈੱਡਮਾਸਟਰਜ਼’ ਦੇ ਨਾਂ ’ਤੇ 1.65 ਕਰੋੜ ਰੁਪਏ ਦੀ ਕਥਿਤ ਠੱਗੀ ਦੇ ਮਾਮਲੇ ’ਚ ਪੁਲਿਸ ਨੇ ਸੈਲੂਨ ਸੰਚਾਲਕ ਵੀਰ ਕੌਲ ਤੇ ਉਸ ਦੀ ਪਤਨੀ ਪਰਮਿੰਦਰ ਕੌਰ ਉਰਫ਼ ਪੰਮੀ ਕੌਲ ਖ਼ਿਲਾਫ਼ ਸੈਕਟਰ-3 ਥਾਣਾ ਪੁਲਿਸ ਨੇ ਐੱਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵਾਂ ’ਤੇ ਧੋਖਾਧੜੀ, ਅਪਰਾਧਿਕ ਭਰੋਸਾਘਾਤ, ਅਪਰਾਧਿਕ ਸਾਜ਼ਿਸ਼ ਤੇ ਧਮਕੀ ਦੇਣ ਦੇ ਦੋਸ਼ ਲਾਏ ਗਏ ਹਨ।
ਪੁਲਿਸ ਅਨੁਸਾਰ ਸੈਕਟਰ-8 ਸਥਿਤ ਹੇਅਰ ਰੇਜ਼ਰਜ਼ ਐੱਲਐੱਲਪੀ ਦੇ ਭਾਗੀਦਾਰ ਮੁਨੀਸ਼ ਬਜਾਜ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ। ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ ਵੀਰ ਕੌਲ ਤੇ ਉਸ ਦੀ ਪਤਨੀ ਸੈਕਟਰ-8ਸੀ ਸਥਿਤ ਹੈੱਡਮਾਸਟਰਜ਼ ਸੈਲੂਨ ਚਲਾਉਂਦੇ ਸਨ ਤੇ ਮਕਾਨ ਮਾਲਕ ਦੇ 1 ਕਰੋੜ ਰੁਪਏ ਤੋਂ ਵੱਧ ਦੇ ਬਕਾਇਆ ਕਿਰਾਏ ਦੇ ਵਿਵਾਦ ’ਚ ਫਸੇ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਭਰੋਸੇ ’ਚ ਲੈ ਕੇ ਆਪਣਾ ਬਕਾਇਆ ਕਿਰਾਇਆ ਅਦਾ ਕਰਵਾਉਣ ਤੇ ਬਦਲੇ ’ਚ ਚੰਡੀਗੜ੍ਹ ’ਚ ਹੈੱਡਮਾਸਟਰਜ਼ ਬ੍ਰਾਂਡ ਦੇ ਐਕਸਕਲੂਸਿਵ ਅਧਿਕਾਰ ਦੇਣ ਦੀ ਪੇਸ਼ਕਸ਼ ਕੀਤੀ।
1.15 ਕਰੋੜ ਕਿਰਾਇਆ ਭਰਵਾਇਆ, 50 ਲੱਖ ਵੀ ਲਏ ਸ਼ਿਕਾਇਤ ਅਨੁਸਾਰ 20 ਮਾਰਚ 2024 ਨੂੰ ਹੋਏ ਤ੍ਰਿਪੱਖੀ ਸਮਝੌਤੇ ਤਹਿਤ ਸ਼ਿਕਾਇਤਕਰਤਾ ਨੇ ਮੁਲਜ਼ਮਾਂ ਵੱਲੋਂ ਮਕਾਨ ਮਾਲਕ ਨੂੰ 1.15 ਕਰੋੜ ਰੁਪਏ ਦਾ ਬਕਾਇਆ ਕਿਰਾਇਆ ਅਦਾ ਕੀਤਾ। ਇਸੇ ਦਿਨ ਹੋਏ ਇੱਕ ਵੱਖਰੇ ਸਮਝੌਤਾ ਗਿਆਪਨ (ਐੱਮਓਯੂ) ’ਚ ਵੀਰ ਕੌਲ ਨੇ ਆਪਣੇ ਆਪ ਨੂੰ ਹੈੱਡਮਾਸਟਰਜ਼ ਟ੍ਰੇਡਮਾਰਕ ਦਾ ਮਾਲਕ ਦੱਸਦਿਆਂ ਚੰਡੀਗੜ੍ਹ ’ਚ ਬ੍ਰਾਂਡ ਦੇ ਵਿਸ਼ੇਸ਼ ਅਧਿਕਾਰ ਦੇਣ ਦਾ ਵਾਅਦਾ ਕੀਤਾ। ਇਸ ਦੇ ਬਦਲੇ 1 ਕਰੋੜ ਰੁਪਏ ਤੈਅ ਹੋਏ, ਜਿਨ੍ਹਾਂ ’ਚੋਂ 50 ਲੱਖ ਰੁਪਏ ਵੱਖ-ਵੱਖ ਕਿਸ਼ਤਾਂ ’ਚ ਪਰਮਿੰਦਰ ਕੌਰ ਦੇ ਬੈਂਕ ਖਾਤੇ ’ਚ ਜਮ੍ਹਾ ਕਰਵਾਏ ਗਏ।
ਪਹਿਲਾਂ ਹੀ ਕਿਸੇ ਹੋਰ ਨੂੰ ਸੌਂਪ ਚੁੱਕੇ ਸਨ ਟ੍ਰੇਡਮਾਰਕ ਐੱਫਆਈਆਰ ਅਨੁਸਾਰ ਬਾਅਦ ’ਚ ਸ਼ਿਕਾਇਤਕਰਤਾ ਨੂੰ ਪਤਾ ਲੱਗਿਆ ਕਿ ਮੁਲਜ਼ਮ ਸਾਲ 2020 ’ਚ ਹੀ ਹੈੱਡਮਾਸਟਰਜ਼ ਬ੍ਰਾਂਡ ਨਾਲ ਜੁੜੇ ਵੱਖ-ਵੱਖ ਟ੍ਰੇਡਮਾਰਕ ਤੇ ਕਾਰੋਬਾਰੀ ਅਧਿਕਾਰ ਗਿਲਜ਼ ਗਰੁੱਪ ਬਿਊਟੀ ਐਂਡ ਵੈਲਨੈੱਸ ਪ੍ਰਾਈਵੇਟ ਲਿਮ. ਦੇ ਨਾਂ ਕਰ ਚੁੱਕੇ ਸਨ। ਇਸ ਦੇ ਬਾਵਜੂਦ ਉਨ੍ਹਾਂ ਨੇ ਇਹ ਤੱਥ ਲੁਕਾ ਕੇ ਸ਼ਿਕਾਇਤਕਰਤਾ ਤੋਂ ਐਕਸਕਲੂਸਿਵ ਅਧਿਕਾਰ ਵੇਚਣ ਦੇ ਨਾਂ ’ਤੇ ਕਰੋੜਾਂ ਰੁਪਏ ਲੈ ਲਏ। ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ ਮੁਲਜ਼ਮਾਂ ਨੇ ਪਹਿਲਾਂ ਹੋ ਚੁੱਕੇ ਟ੍ਰੇਡਮਾਰਕ ਹਸਤਾਂਤਰਨ ਦੀ ਜਾਣਕਾਰੀ ਜਾਣ-ਬੁੱਝ ਕੇ ਲੁਕਾਈ ਤੇ ਇੱਕ ਸੁਚੱਜੀ ਸਾਜ਼ਿਸ਼ ਤਹਿਤ ਸ਼ਿਕਾਇਤਕਰਤਾ ਤੋਂ 1.65 ਕਰੋੜ ਰੁਪਏ ਹਾਸਲ ਕਰ ਲਏ।
ਪੈਸੇ ਮੰਗਣ ’ਤੇ ਦਿੱਤੀ ਧਮਕੀ ਐੱਫਆਈਆਰ ’ਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਜਦੋਂ ਸ਼ਿਕਾਇਤਕਰਤਾ ਨੇ ਸਾਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਆਪਣੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮਾਂ ਨੇ ਰਕਮ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਇੰਨਾ ਹੀ ਨਹੀਂ ਸ਼ਿਕਾਇਤਕਰਤਾ ਤੇ ਉਸ ਦੇ ਪਰਿਵਾਰ ਨੂੰ ਗੰਭੀਰ ਨਤੀਜੇ ਭੁਗਤਣ ਤੇ ਚੰਡੀਗੜ੍ਹ ’ਚ ਸੁਰੱਖਿਅਤ ਨਾ ਰਹਿਣ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਸੈਕਟਰ-3 ਥਾਣਾ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਸਮਝੌਤਿਆਂ, ਬੈਂਕ ਲੈਣ-ਦੇਣ, ਟ੍ਰੇਡਮਾਰਕ ਹਸਤਾਂਤਰਨ ਨਾਲ ਸਬੰਧਤ ਦਸਤਾਵੇਜ਼ਾਂ ਤੇ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ।